ਸੁਰਖਾਂ ਦੇ ਹੰਗਾਮੇ ''ਚ 5 ਵਿਅਕਤੀਆਂ ਖਿਲਾਫ ਕੇਸ ਦਰਜ

02/12/2019 8:17:17 PM

ਭੁਲੱਥ,(ਰਜਿੰਦਰ) : ਨੇੜਲੇ ਪਿੰਡ ਸੁਰਖਾ ਵਿਖੇ ਪਹਿਲੇ ਵਿਵਾਦ ਦੇ ਫੈਸਲੇ ਤੋਂ ਤੁਰੰਤ ਬਾਅਦ ਸ਼ਾਮ ਨੂੰ ਹੋਏ ਜ਼ਬਰਦਸਤ ਹੰਗਾਮੇ ਸੰਬੰਧੀ ਭੁਲੱਥ ਪੁਲਸ ਵਲੋਂ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨੇੜਲੇ ਪਿੰਡ ਸੁਰਖਾ ਵਿਖੇ ਹੋਏ ਹੰਗਾਮੇ ਦੌਰਾਨ ਬਜ਼ੁਰਗ ਦਲਿਤ ਔਰਤ ਸ਼ਿੰਦੋ ਪਤਨੀ ਪੀਰੂ ਤੇ ਸਾਬਕਾ ਮੈਂਬਰ ਪੰਚਾਇਤ ਸੱਤਪਾਲ ਸਿੰਘ ਪੁੱਤਰ ਦੀਵਾਨ ਸਿੰਘ ਜ਼ਖਮੀ ਹੋ ਗਏ ਸਨ। ਜਿਸ ਮਾਮਲੇ 'ਚ ਭੁਲੱਥ ਪੁਲਸ ਵਲੋਂ ਦਲਿਤ ਔਰਤ ਸ਼ਿੰਦੋ ਦੇ ਬਿਆਨਾਂ 'ਤੇ ਜਸਵੰਤ ਸਿੰਘ ਪੁੱਤਰ ਜਗੀਰ ਸਿੰਘ, ਅਮਰੀਕ ਸਿੰਘ ਪੁੱਤਰ ਸਵਰਨ ਸਿੰਘ, ਚਰਨ ਸਿੰਘ ਪੁੱਤਰ ਲੱਖਾ ਸਿੰਘ, ਲਵਲੀ ਪੁੱਤਰ ਚਰਨ ਸਿੰਘ ਤੇ ਮਹਿੰਦਰ ਸਿੰਘ ਪੁੱਤਰ ਖੁਸ਼ਹਾਲ ਸਿੰਘ ਸਾਰੇ ਵਾਸੀ ਪਿੰਡ ਸੁਰਖਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਬਜ਼ੁਰਗ ਦਲਿਤ ਔਰਤ ਸ਼ਿੰਦੋ ਨੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਵੀ ਲਗਾਏ ਹਨ ਪਰ ਪੁਲਸ ਵਲੋਂ ਜਾਤੀ ਸੂਚਕ ਸ਼ਬਦ ਬੋਲਣ ਸੰਬੰਧੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਇਹ ਮਾਮਲਾ ਡੀ. ਏ. ਲੀਗਲ ਦੀ ਰਾਏ ਲੈਣ ਤੱਕ ਲਈ ਪੈਡਿੰਗ ਰੱਖ ਲਿਆ ਗਿਆ ਹੈ। ਦੱਸਣਯੋਗ ਹੈ ਕਿ ਬੀਤੀ ਸ਼ਾਮ ਭੁਲੱਥ ਪੁਲਸ ਨੇ ਪਿੰਡ ਸੁਰਖਾ ਵਿਚ ਝਗੜੇ ਵਾਲੀ ਥਾਂ 'ਤੇ ਪਹੁੰਚ ਕੇ ਮੌਕੇ ਤੋਂ ਦੋ ਵਿਅਕਤੀਆਂ ਨੂੰ ਥਾਣੇ ਲਿਆਂਦਾ ਸੀ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਵਲੋਂ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਪਿੰਡ ਸੁਰਖਾਂ ਵਿਚ ਬੇਘਰੇ ਦਲਿਤ ਮਜ਼ਦੂਰ ਗੁਰਪਾਲ ਸਿੰਘ ਨੂੰ ਪਿੰਡ ਦੇ ਸਟੇਡੀਅਮ ਦੇ ਕਮਰੇ ਵਿਚੋਂ ਕੱਢਿਆ ਗਿਆ ਸੀ ਤੇ ਕਮਰੇ ਨੂੰ ਜਿੰਦਾ ਲਗਾ ਦਿੱਤਾ ਗਿਆ ਸੀ। ਇਸੇ ਦੌਰਾਨ ਸਟੇਡੀਅਮ ਵਾਲੀ ਜਗ੍ਹਾ ਵਿਚ ਦਲਿਤ ਮਜ਼ਦੂਰ ਜਸਪਾਲ ਸਿੰਘ ਪੁੱਤਰ ਸਰਬਨ ਸਿੰਘ ਦੀ ਝੁੱਗੀ ਅੱਗ ਲਗਾ ਕੇ ਸਾੜੀ ਗਈ ਸੀ। ਜਿਸ ਮਾਮਲੇ ਨੂੰ ਗੰਭੀਰਤਾਂ ਨਾਲ ਲੈਂਦਿਆਂ ਸੋਮਵਾਰ ਨੂੰ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਵਲੋਂ ਆਪਣੇ ਦਫਤਰ ਵਿਚ ਸਾਰੇ ਮਾਮਲੇ ਦੀ ਸੁਣਵਾਈ ਕੀਤੀ ਗਈ। ਜਿਸ ਦੌਰਾਨ ਤਹਿਸੀਲਦਾਰ ਭੁਲੱਥ ਲਖਵਿੰਦਰ ਸਿੰਘ ਤੇ ਬੀ. ਡੀ. ਪੀ. ਓ. ਨਡਾਲਾ ਸਤੀਸ਼ ਕੁਮਾਰ ਸ਼ਰਮਾ ਵੀ ਮੌਜੂਦ ਸਨ। ਇਸ ਦੌਰਾਨ ਗੱਲਬਾਤ ਤੈਅ ਹੋਈ ਸੀ ਕਿ ਇਕ ਹਫਤੇ ਤੱਕ ਪਿੰਡ ਵਿਚ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਲੋੜਵੰਦ ਬੇਘਰੇ ਅਤੇ ਬੇਜ਼ਮੀਨੇ ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਦੇਣ ਦਾ ਮਤਾ ਪਾਸ ਕੀਤਾ ਜਾਵੇਗਾ। ਜਿਸ ਤੋਂ ਬਾਅਦ ਇਹ ਮਾਮਲਾ ਸੁਲਝ ਗਿਆ ਸੀ ਤੇ ਰਾਜੀਨਾਮਾ ਲਿਖ ਦਿੱਤਾ ਗਿਆ ਸੀ ਪਰ ਰਾਜੀਨਾਮੇ ਤੋਂ ਬਾਅਦ ਪਿੰਡ ਵਿਚ ਸ਼ਾਮ ਸਮੇਂ ਮੁੜ ਹੰਗਾਮਾ ਹੋ ਗਿਆ। ਜਿਸ ਦੌਰਾਨ ਬਜ਼ੁਰਗ ਔਰਤ ਸ਼ਿੰਦੋ ਤੇ ਸੱਤਪਾਲ ਸਿੰਘ ਪੁੱਤਰ ਦੀਵਾਨ ਸਿੰਘ ਜ਼ਖਮੀ ਹੋਏ ਸਨ। ਇਸੇ ਦਰਮਿਆਨ ਕਾਰਵਾਈ ਕਰਦੇ ਹੋਏ ਪੁਲਸ ਵਲੋਂ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।