ਯੂ. ਪੀ. ਦੇ ਰਹਿਣ ਵਾਲੇ 4 ਸਕੇ ਭਰਾਵਾਂ ਦੇ ਗਿਰੋਹ ਦਾ ਪਰਦਾਫਾਸ਼

01/23/2020 2:27:15 PM

ਜਲੰਧਰ (ਮਹੇਸ਼)— ਕੂਪਨ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਕਰਨ ਵਾਲੇ 4 ਸਕੇ ਭਰਾਵਾਂ ਦੇ ਗਿਰੋਹ ਦਾ ਥਾਣਾ ਸਦਰ ਦੀ ਜੰਡਿਆਲਾ ਪੁਲਸ ਚੌਕੀ ਨੇ ਪਰਦਾਫਾਸ਼ ਕੀਤਾ ਹੈ। ਜਲੰਧਰ ਕੈਂਟ ਦੇ ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਐੱਸ. ਐੱਚ. ਓ. ਸਦਰ ਕਮਲਜੀਤ ਸਿੰਘ ਦੀ ਅਗਵਾਈ 'ਚ ਜੰਡਿਆਲਾ ਚੌਕੀ ਇੰਚਾਰਜ ਜਸਵੀਰ ਚੰਦ ਵੱਲੋਂ ਪੱਤੀ ਰਾਮ ਕੀ ਜੰਡਿਆਲਾ ਮੰਝਕੀ ਤੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਲਨਾਮ, ਮੁਹੰਮਦ ਨਫੀਸ, ਅਨੀਮ ਤੇ ਸ਼ਮੀਦੀਨ ਚਾਰੇ ਪੁੱਤਰ ਹਰੀਸ਼ ਦੀਨ ਵਾਸੀ ਮੁਜ਼ੱਫਰਨਗਰ ਯੂ. ਪੀ. ਦੇ ਤੌਰ 'ਤੇ ਹੋਈ ਹੈ। ਮੁਲਜ਼ਮ ਰਾਮਾਮੰਡੀ 'ਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। 

ਏ. ਸੀ. ਪੀ. ਕੈਂਟ ਨੇ ਦੱਸਿਆ ਕਿ ਮੁਲਜ਼ਮਾਂ ਦੀ ਠੱਗੀ ਦਾ ਸ਼ਿਕਾਰ ਹੋਏ ਸੁਖਦੀਪ ਸਿੰਘ ਲਾਡੀ ਵਾਸੀ ਪੱਤੀ ਰਾਮ ਕੀ ਜੰਡਿਆਲਾ ਨੇ ਪੁਲਸ ਨੂੰ ਸੂਚਿਤ ਕੀਤਾ ਕਿ 4 ਵਿਅਕਤੀਆਂ ਦਾ ਗਿਰੋਹ ਲੋਕਾਂ ਨੂੰ ਇਕ ਹਜ਼ਾਰ ਰੁਪਏ ਦਾ ਕੂਪਨ ਦੇ ਕੇ ਇਹ ਕਹਿ ਕੇ ਠੱਗੀ ਦਾ ਸ਼ਿਕਾਰ ਬਣਾ ਰਿਹਾ ਹੈ ਕਿ ਉਨ੍ਹਾਂ ਦਾ ਸਕੂਟਰ, ਮੋਟਰਸਾਈਕਲ, ਫਰਿੱਜ, ਕੂਲਰ, ਏ. ਸੀ., ਵਾਸ਼ਿੰਗ ਮਸ਼ੀਨ ਆਦਿ ਨਿਕਲੇਗੀ ਪਰ ਕੂਪਨ ਦਾ ਨੰਬਰ ਸਕ੍ਰੈਚ ਕਰਨ 'ਤੇ ਕੁਝ ਨਹੀਂ ਨਿਕਲਦਾ ਅਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਚੌਕੀ ਇੰਚਾਰਜ ਜਸਵੀਰ ਚੰਦ ਨੇ ਟੀਮ ਨਾਲ ਮੌਕੇ 'ਤੇ ਜਾ ਕੇ ਚਾਰਾਂ ਭਰਾਵਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਉਨ੍ਹਾਂ ਖਿਲਾਫ ਥਾਣਾ ਸਦਰ ਵਿਚ ਧਾਰਾ 420 ਅਤੇ 120 ਬੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਵੀਰਵਾਰ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

shivani attri

This news is Content Editor shivani attri