ਜਲੰਧਰ, ਹੁਸ਼ਿਆਰਪੁਰ ਤੇ ਫਗਵਾੜਾ ''ਚ ਲੁੱਟਾਂ-ਖੋਹਾਂ ਕਰਨ ਵਾਲੇ 4 ਕਾਬੂ

01/21/2020 3:12:26 PM

ਜਲੰਧਰ (ਸ਼ੋਰੀ)— ਦਿਹਾਤੀ ਇਲਾਕਿਆਂ ਦੇ ਨਾਲ-ਨਾਲ ਹੁਸ਼ਿਆਰਪੁਰ ਦੇ ਕਈ ਇਲਾਕਿਆਂ 'ਚ ਪੁਲਸ ਲਈ ਸਿਰਦਰਦ ਬਣ ਚੁੱਕੇ ਕਾਰ ਸਵਾਰ ਲੁਟੇਰਿਆਂ ਨੂੰ ਪੁਲਸ ਨੇ ਟ੍ਰੇਸ ਕਰ ਲਿਆ ਹੈ। ਪੁਲਸ ਨੇ ਸਵਿਫਟ ਕਾਰ ਸਵਾਰ 4 ਲੋਕਾਂ ਨੂੰ ਨਾਕੇ 'ਤੇ ਕਾਬੂ ਕਰ ਕੇ ਉਨ੍ਹਾਂ ਤੋਂ ਪਿਸਤੌਲ, ਤੇਜ਼ਧਾਰ ਹਥਿਆਰ ਅਤੇ ਕੈਸ਼ ਬਰਾਮਦ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੈੱਸ. ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਥਾਣਾ ਭੋਗਪੁਰ ਦੇ ਐੈੱਸ. ਐੈੱਚ. ਓ. ਜਰਨੈਲ ਸਿੰਘ ਪੁਲਸ ਪਾਰਟੀ ਨਾਲ ਸ਼ੱਕੀ ਲੋਕਾਂ ਨੂੰ ਚੈੱਕ ਕਰ ਰਹੇ ਸਨ ਕਿ ਬੱਸ ਸਟੈਂਡ ਭੋਗਪੁਰ ਤੋਂ ਭੁਲੱਥ ਰੋਡ ਕੋਲ ਪਿੰਡ ਟਾਂਡੀ ਵਲੋਂ ਇਕ ਸਵਿਫਟ ਕਾਰ ਆਈ। ਪੁਲਸ ਨੇ ਕਾਰ ਨੂੰ ਰੋਕਿਆ ਅਤੇ ਡਰਾਈਵਰ ਦਾ ਨਾਂ ਪੁੱਛਿਆ, ਜਿਸ ਦੀ ਪਛਾਣ ਪ੍ਰਿਤਪਾਲ ਸਿੰਘ ਉਰਫ ਲਾਡੀ ਪੁੱਤਰ ਰਸ਼ਪਾਲ ਸਿੰਘ ਨਿਵਾਸੀ ਕੰਧਾਲਾ ਗੁਰੂ, ਥਾਣਾ ਭੋਗਪੁਰ ਵਜੋਂ ਹੋਈ, ਨਾਲ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਅਮਨਪ੍ਰੀਤ ਸਿੰਘ ਪੁੱਤਰ ਰਜਵਤ ਸਿੰਘ ਨਿਵਾਸੀ ਘੋੜੇਵਾਹੀ ਥਾਣਾ ਭੋਗਪੁਰ ਅਤੇ ਪਿਛਲੀ ਸੀਟ 'ਤੇ ਬੈਠੇ ਨੌਜਵਾਨਾਂ ਨੇ ਆਪਣਾ ਨਾਂ ਜਸਜੀਤ ਸਿੰਘ ਉਰਫ ਜੱਸੀ ਪੁੱਤਰ ਭੁਪਿੰਦਰ ਸਿੰਘ ਅਤੇ ਜਸਵੀਰ ਸਿੰਘ ਉਰਫ ਮੇਜਰ ਪੁੱਤਰ ਸੁਖਵਿੰਦਰ ਸਿੰਘ ਦੋਵੇਂ ਨਿਵਾਸੀ ਗੜ੍ਹੀਬਖਸ਼ ਭੋਗਪੁਰ ਦੱਸਿਆ।

ਐੈੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੋਇਆ ਤਾਂ ਅਮਨਪ੍ਰੀਤ ਦੀ ਤਲਾਸ਼ੀ ਦੌਰਾਨ ਉਸ ਦੀ ਡੱਬ 'ਚੋਂ ਪਿਸਤੌਲ ਨਿਕਲਿਆ, ਜੋ ਕਿ ਲਾਇਸੈਂਸੀ ਸੀ। ਮੇਜਰ ਕੋਲ ਖਿਡੌਣਾਨੁਮਾ ਪਿਸਤੌਲ, ਜਸਜੀਤ ਸਿੰਘ ਤੋਂ ਇਕ ਦਾਤਰ ਬਰਾਮਦ ਹੋਇਆ ਅਤੇ ਪ੍ਰਿਤਪਾਲ ਸਿੰਘ ਕੋਲੋਂ 5 ਹਜ਼ਾਰ ਰੁਪਏ ਕੈਸ਼ ਬਰਾਮਦ ਹੋਇਆ। ਪੁਲਸ ਨੂੰ ਪੁੱਛਗਿੱਛ 'ਚ ਚਾਰਾਂ ਨੇ ਦੱਸਿਆ ਕਿ ਉਹ ਕਾਰ 'ਤੇ ਸਵਾਰ ਹੋ ਕੇ ਪੈਟਰੋਲ ਪੰਪ ਅਤੇ ਸ਼ਰਾਬ ਦੇ ਠੇਕਿਆਂ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਹੁਣੇ ਜਿਹੇ 21 ਦਸੰਬਰ 2019 ਨੂੰ ਪਿੰਡ ਬੂਟਰਾ 'ਚ ਪੈਟਰੋਲ ਪੰਪ ਦੇ ਕਰਿੰਦੇ ਸੰਦੀਪ ਸਾਗਰ ਨਿਵਾਸੀ ਮੁਹੱਲਾ ਅੰਮ੍ਰਿਤ ਵਿਹਾਰ ਕਪੂਰਥਲਾ ਤੋਂ ਪਿਸਤੌਲ ਦੀ ਨੋਕ 'ਤੇ 17 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਸੀ।

ਪੁਲਸ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਕਾਬੂ ਚਾਰੋਂ ਮੁਲਾਜ਼ਮਾਂ ਤੋਂ ਇਲਾਵਾ ਇਨ੍ਹਾਂ ਦੇ 2 ਹੋਰ ਗੈਂਗ ਦੇ ਮੈਂਬਰ ਹਨ, ਜੋ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਪੁਲਸ ਨੇ ਕੇਸ 'ਚ ਨਾਮਜ਼ਦ ਕੀਤਾ ਹੈ ਅਤੇ ਉਹ ਪੁਲਸ ਨੂੰ ਲੋੜੀਂਦੇ ਹਨ। ਸਾਰੇ ਮਿਲ ਕੇ ਜਲੰਧਰ, ਹੁਸ਼ਿਆਰਪੁਰ ਅਤੇ ਫਗਵਾੜਾ 'ਚ ਲੁੱਟ ਦੀਆਂ ਵਾਰਦਾਤਾਂ ਕਰਦੇ ਸਨ। ਇਨ੍ਹਾਂ ਦਾ ਟਾਰਗੈੱਟ ਖਾਸ ਤੌਰ 'ਤੇ ਪੈਟਰੋਲ ਪੰਪ ਵਾਲੇ ਹੁੰਦੇ ਸਨ। ਸਵਿਫਟ ਕਾਰ ਮੇਜਰ ਦੀ ਹੈ ਅਤੇ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਗੈਂਗ ਦੇ ਮੈਂਬਰ ਪਿਸਤੌਲ ਦਿਖਾ ਕੇ ਕੈਸ਼ ਵੀ ਲੈ ਜਾਂਦੇ ਸਨ।

ਪੁਲਸ ਪੁੱਛਗਿੱਛ 'ਚ ਉਨ੍ਹਾਂ 9 ਵਾਰਦਾਤਾਂ ਨੂੰ ਮੰਨਿਆ ਹੈ, ਜੋ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ, ਇਸ ਬਾਬਤ 9 ਕੇਸ ਥਾਣਾ ਭੋਗਪੁਰ, ਥਾਣਾ ਕਰਤਾਰਪੁਰ, ਥਾਣਾ ਪਤਾਰਾ, ਥਾਣਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ, ਥਾਣਾ ਫਗਵਾੜਾ 'ਚ ਦਰਜ ਹਨ, ਜਿਸ 'ਚ ਲੁੱਟ, ਡਾਕੇ ਅਤੇ ਅਸਲੇ ਦੀਆਂ ਧਾਰਾਵਾਂ ਦਰਜ ਹਨ। ਪੁਲਸ ਨੇ ਚਾਰਾਂ ਦਾ ਅਦਾਲਤ ਤੋਂ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਹੋਰ ਕਿਹੜੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਇਨ੍ਹਾਂ ਨੇ ਅੰਜਾਮ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਈ. ਪੀ. ਐੈੱਸ. ਪੁਲਸ ਅਧਿਕਾਰੀ ਅੰਕੁਰ ਗੁਪਤਾ (ਡੀ. ਐੈੱਸ. ਪੀ. ਆਦਮਪੁਰ) ਅਤੇ ਐੈੱਸ. ਐੈੱਚ. ਓ. ਭੋਗਪੁਰ ਜਰਨੈਲ ਸਿੰਘ ਵੀ ਮੌਜੂਦ ਸਨ।

ਸਾਰੇ ਚੰਗੇ ਘਰਾਂ ਦੇ ਹਨ
ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਬੂ ਚਾਰੋਂ ਦੋਸ਼ੀ ਚੰਗੇ ਘਰਾਂ ਤੋਂ ਹਨ ਅਤੇ ਉਨ੍ਹਾਂ ਦੀ ਚੰਗੀ ਜ਼ਮੀਨ ਵੀ ਹੈ। ਹੈਰੋਇਨ ਦੀ ਲਤ ਨੇ ਸਾਰਿਆਂ ਨੂੰ ਵਿਗਾੜ ਦਿੱਤਾ, ਮੇਜਰ ਗੈਂਗ ਦਾ ਸਰਗਣਾ ਬਣਿਆ ਅਤੇ ਆਲੇ-ਦੁਆਲੇ ਪਿੰਡਾਂ ਦੇ ਰਹਿਣ ਵਾਲੇ ਤਿੰਨੋਂ ਨੌਜਵਾਨਾਂ ਨਾਲ ਨਸ਼ਾ ਕਰਨ ਲੱਗਾ। ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਨਸ਼ੇ ਲਈ ਪੈਸੇ ਦੇਣੇ ਬੰਦ ਕਰ ਦਿੱਤੇ। ਪੈਸਿਆਂ ਦੀ ਪੂਰਤੀ ਲਈ ਸਾਰੇ ਲੁੱਟ-ਖਸੁੱਟ ਕਰਨ ਲੱਗੇ ਅਤੇ ਜੋ ਪੈਸੇ ਆਉਂਦੇ ਉਸ ਦਾ ਨਸ਼ਾ ਕਰ ਲੈਂਦੇ। ਮੇਜਰ ਦਾ ਪਿਤਾ ਅਮਰੀਕਾ 'ਚ ਸੈੱਟ ਹੈ।
ਮਾਪੇ ਦੇਣ ਆਪਣੇ ਬੱਚਿਆਂ 'ਤੇ ਧਿਆਨ
ਦਰਅਸਲ ਅੱਜ ਦੇ ਦੌਰ 'ਚ ਮਾਪੇ ਬੱਚਿਆਂ ਵੱਲ ਧਿਆਨ ਨਹੀਂ ਦੇ ਰਹੇ ਅਤੇ ਬੱਚੇ ਬੁਰੀ ਸੰਗਤ 'ਚ ਫਸ ਕੇ ਅਪਰਾਧ ਦੀ ਦੁਨੀਆ 'ਚ ਪੈਰ ਰੱਖਦੇ ਹਨ ਅਤੇ ਹੌਲੀ-ਹੌਲੀ ਅਪਰਾਧ ਦੀ ਦੁਨੀਆ 'ਚ ਆਪਣਾ ਨਾਂ ਰੌਸ਼ਨ ਕਰਦੇ ਹਨ। ਪੁਲਸ ਵਲੋਂ ਕਾਬੂ ਚਾਰੋਂ ਨੌਜਵਾਨਾਂ ਦੀ ਉਮਰ 22 ਤੋਂ 28 ਸਾਲ ਤੱਕ ਹੀ ਹੈ। ਜੇਕਰ ਇਨ੍ਹਾਂ ਦੇ ਮਾਪਿਆਂ ਨੇ ਸਮਾਂ ਰਹਿੰਦੇ ਇਨ੍ਹਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਚਾਰੋਂ ਨੌਜਵਾਨ ਜੇਲ ਦੀਆਂ ਸੀਖਾਂ ਪਿੱਛੇ ਨਹੀਂ ਸਗੋਂ ਚੰਗਾ ਜੀਵਨ ਬਤੀਤ ਕਰਦੇ। ਇਸ ਲਈ ਤੁਹਾਨੂੰ ਵੀ ਆਪਣੇ ਲਾਡਲੇ 'ਤੇ ਧਿਆਨ ਰੱਖਣ ਦੀ ਲੋੜ ਹੈ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਦੇਖਣ ਅਤੇ ਲੋੜ ਪੈਣ 'ਤੇ ਟੈਸਟ ਕਰਵਾ ਕੇ ਪਤਾ ਕਰਵਾਓ ਕਿ ਕਿਤੇ ਤੁਹਾਡਾ ਲਾਡਲਾ ਨਸ਼ਾ ਤਾਂ ਨਹੀਂ ਕਰਦਾ।


shivani attri

Content Editor

Related News