ਹੈਰੋਇਨ ਅਤੇ ਨਸ਼ੇ ਵਾਲੇ ਪਦਾਰਥਾਂ ਸਮੇਤ 4 ਗ੍ਰਿਫਤਾਰ

03/09/2020 11:31:26 PM

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਨਸ਼ੇ ਵਾਲੇ ਪਦਾਰਥ ਸਣੇ ਇਕ ਔਰਤ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਅਤੇ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ ਵਿਚ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸ. ਨਵਦੀਪ ਸਿੰਘ ਨੇ ਪੁਲਸ ਟੀਮ ਨਾਲ ਪਿੰਡ ਬਿਸ਼ਨਪੁਰ ਅਰਾਈਆਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਦੋਂ ਮੁਲਜ਼ਮ ਤੋਂ ਉਸ ਦਾ ਨਾਂ ਅਤੇ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਸੁਰਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਮੰਨਾ ਵਾਸੀ ਪਿੰਡ ਡੈਨਵਿੰਡ ਥਾਣਾ ਕੋਤਵਾਲੀ ਕਪੂਰਥਲਾ ਦੱਸਿਆ। ਮੁਲਜ਼ਮ ਦੀ ਤਲਾਸ਼ੀ ਦੌਰਾਨ ਉਸ ਕੋਲੋਂ 5 ਗ੍ਰਾਮ ਹੈਰੋਇਨ ਅਤੇ 20 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਦੂਜੇ ਪਾਸੇ ਥਾਣਾ ਕੋਤਵਾਲੀ ਦੀ ਪੁਲਸ ਨੇ ਪਿੰਡ ਡੈਨਵਿੰਡ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਜਦੋਂ 2 ਸ਼ੱਕੀ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁੱਛਗਿਛ ਦੌਰਾਨ ਦੋਨਾਂ ਮੁਲਜ਼ਮਾਂ ਨੇ ਦੱਸਿਆ ਕਿ ਉਹ ਸਕੇ ਭਰਾ ਹਨ ਅਤੇ ਉਨ੍ਹਾਂ ਦੇ ਨਾਂ ਮਲਕੀਤ ਸਿੰਘ ਉਰਫ ਮੰਗਾ ਅਤੇ ਸੰਪੂਰਨ ਸਿੰਘ ਉਰਫ ਕਾਲੂ ਪੁੱਤਰ ਮੇਜਰ ਸਿੰਘ ਉਰਫ ਕਾਲ਼ਾ ਵਾਸੀ ਪਿੰਡ ਡੈਨਵਿੰਡ ਹੈ। ਦੋਨਾਂ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਤੋਂ 10 ਗ੍ਰਾਮ ਹੈਰੋਇਨ ਅਤੇ 105 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਉਥੇ ਹੀ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਮਹਿਲਾ ਪੁਲਸ ਦੀ ਮਦਦ ਨਾਲ ਜਦੋਂ ਪਿੰਡ ਡੈਨਵਿੰਡ ਦੇ ਨਜ਼ਦੀਕ ਇਕ ਔਰਤ ਸ਼ਿੰਦਰ ਕੌਰ ਉਰਫ ਕਾਲੋ ਪਤਨੀ ਮੰਗਾ ਸਿੰਘ ਵਾਸੀ ਪਿੰਡ ਡੈਨਵਿੰਡ ਨੂੰ ਰੋਕ ਕੇ ਜਦੋਂ ਉਸ ਦੇ ਹੱਥ ਵਿਚ ਫਡ਼ੇ ਮੋਮੀ ਲਿਫਾਫੇ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ 5 ਗ੍ਰਾਮ ਹੈਰੋਇਨ ਅਤੇ 115 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਲਏ ਹਨ। ਦੱਸ ਦੇਈਏ ਕਿ ਉਕਤ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਥਾਣਿਆਂ ’ਚ ਮਾਮਲੇ ਦਰਜ ਹਨ।

Bharat Thapa

This news is Content Editor Bharat Thapa