ਸ਼ਹਿਰ ’ਚ ਡੇਂਗੂ ਦੇ 34 ਹੌਟਸਪਾਟ, ਨਿਗਮ ਤੇ ਹੈਲਥ ਡਿਪਾਰਟਮੈਂਟ ਮਿਲ ਕੇ ਚਲਾਉਣਗੇ ਜਾਗਰੂਕਤਾ ਮੁਹਿੰਮ

04/18/2022 3:41:03 PM

ਜਲੰਧਰ (ਖੁਰਾਣਾ)-ਗਰਮੀਅਾਂ ਦਾ ਮੌਸਮ ਆਉਂਦੇ ਹੀ ਇਕ ਵਾਰ ਫਿਰ ਡੇਂਗੂ ਦੀ ਦਹਿਸ਼ਤ ਪੈਦਾ ਹੋਣ ਲੱਗੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਲੰਧਰ ਸ਼ਹਿਰ ਡੇਂਗੂ ਦਾ ਕਹਿਰ ਝੱਲਦਾ ਆਇਆ ਹੈ ਅਤੇ ਕਈ ਵਾਰ ਤਾਂ ਡੇਂਗੂ ਕਾਰਨ ਲੋਕਾਂ ਦੀ ਜਾਨ ਤਕ ਗਈ ਹੈ। ਹਰ ਸਾਲ ਹੈਲਥ ਡਿਪਾਰਟਮੈਂਟ ਅਤੇ ਨਗਰ ਨਿਗਮ ਵਰਗੀਆਂ ਸੰਸਥਾਵਾਂ ਡੇਂਗੂ ਨੂੰ ਲੈ ਕੇ ਗੰਭੀਰਤਾ ਪ੍ਰਦਰਸ਼ਿਤ ਕਰਦੀਆਂ ਹਨ ਪਰ ਫਿਰ ਵੀ ਸ਼ਹਿਰ ’ਚ ਕਈ ਸਥਾਨ ਅਜਿਹੇ ਹਨ, ਜਿਥੋਂ ਡੇਂਗੂ ਵਾਰ-ਵਾਰ ਪੈਦਾ ਹੋ ਰਿਹਾ ਹੈ। ਫਿਲਹਾਲ ਨਗਰ ਨਿਗਮ ਅਤੇ ਹੈਲਥ ਡਿਪਾਰਟਮੈਂਟ ਦੀਅਾਂ ਟੀਮਾਂ ਮੁਤਾਬਕ ਜਲੰਧਰ ਸ਼ਹਿਰ ’ਚ 34 ਅਜਿਹੇ ਹੌਟਸਪਾਟ ਹਨ, ਜਿਥੇ ਡੇਂਗੂ ਪੈਦਾ ਅਤੇ ਫੈਲਣ ਦੇ ਮਾਮਲੇ ਵਾਰ-ਵਾਰ ਸਾਹਮਣੇ ਆ ਚੁੱਕੇ ਹਨ। ਇਸ ਵਾਰ ਵੀ ਡੇਂਗੂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਹੈਲਥ ਡਿਪਾਰਟਮੈਂਟ ਅਤੇ ਜਲੰਧਰ ਨਿਗਮ ਨੇ ਸਾਂਝੇ ਤੌਰ ’ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ, ਜੋ ਇਸੇ ਹਫਤੇ ਸ਼ੁਰੂ ਹੋਣ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪਹਿਲੇ ਪੜਾਅ ’ਚ ਹੌਟਸਪਾਟ ਵਾਲੇ ਖੇਤਰਾਂ ਨੂੰ ਫੋਕਸ ਕੀਤਾ ਜਾਵੇਗਾ ਅਤੇ ਘਰ-ਘਰ ਸਾਂਝੀਆਂ ਟੀਮਾਂ ਜਾ ਕੇ ਛੱਤਾਂ ’ਤੇ ਕੂਲਰਾਂ, ਗਮਲਿਅਾਂ, ਟਾਇਰਾਂ ਆਦਿ ’ਚ ਜਮ੍ਹਾ ਪਾਣੀ ਅਤੇ ਹੋਰ ਕਾਰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੀਆਂ।

 ਪਿਛਲੇ ਸਾਲ ਵੀ ਡੇਂਗੂ ਨੇ ਮਚਾਈ ਸੀ ਦਹਿਸ਼ਤ
ਪਿਛਲੇ ਸਾਲ ਜਿਥੇ ਸ਼ਹਿਰ ’ਚ ਕੋਰੋਨਾ ਵਾਇਰਸ ਦਾ ਦੌਰ ਕਾਫੀ ਗੰਭੀਰ ਰਿਹਾ, ਉਥੇ ਹੀ ਲੋਕਾਂ ਨੂੰ ਡੇਂਗੂ ਦੀ ਬੀਮਾਰੀ ਨਾਲ ਵੀ ਜੂਝਣਾ ਪਿਆ ਸੀ। ਪਿਛਲੇ ਸਾਲ ਭਾਰਗੋ ਕੈਂਪ, ਬਸਤੀ ਦਾਨਿਸ਼ਮੰਦਾਂ ਅਤੇ ਗੌਤਮ ਨਗਰ ਵਿਚੋਂ ਸਭ ਤੋਂ ਵੱਧ ਡੇਂਗੂ ਦੇ ਮਰੀਜ਼ ਰਿਪੋਰਟ ਹੋਏ ਸਨ। ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ, ਕਬੀਰ ਨਗਰ, ਗਾਂਧੀ ਕੈਂਪ ਅਤੇ ਕਈ ਹੋਰ ਇਲਾਕਿਆਂ ਵਿਚੋਂ ਵੀ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਵੀ ਇਨ੍ਹਾਂ ਇਲਾਕਿਆਂ ’ਤੇ ਵਿਸ਼ੇਸ਼ ਫੋਕਸ ਰਹੇਗਾ।

 ਹਵਾ ਪ੍ਰਦੂਸ਼ਣ ਅਤੇ ਸਫਾਈ ਨੂੰ ਲੈ ਕੇ ਅਜੇ ਵੀ ਗੰਭੀਰ ਨਹੀਂ ਜਲੰਧਰ ਨਿਗਮ
ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਲੋਕ ਗੰਦਗੀ ਅਤੇ ਕੂੜਾ-ਕਰਕਟ ਦੀ ਸਮੱਸਿਆ ਝੱਲ ਰਹੇ ਹਨ ਪਰ ਜਲੰਧਰ ਨਿਗਮ ਇਸ ਵੱਲ ਕੋਈ ਖਾਸ ਧਿਆਨ ਨਹੀਂ ਦੇ ਸਕਿਆ ਅਤੇ ਅੱਜ ਵੀ ਸ਼ਹਿਰ ’ਚ ਕੂੜੇ-ਕਰਕਟ ਦੀ ਸਮੱਸਿਆ ਆਊਟ ਆਫ ਕੰਟਰੋਲ ਹੋ ਚੁੱਕੀ ਹੈ।

ਹੋਰ ਤਾਂ ਹੋਰ ਵੀ. ਆਈ. ਪੀ. ਇਲਾਕਿਆਂ ’ਚ ਵੀ ਥਾਂ-ਥਾਂ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ। ਡੀ. ਸੀ. ਆਫਿਸ ਕੰਪਲੈਕਸ ਦੀ ਜੋ ਸੜਕ ਲਾਡੋਵਾਲੀ ਰੋਡ ਨੂੰ ਟੱਚ ਕਰਦੀ ਹੈ, ਉਥੇ ਤਾਂ ਕੂੜੇ ਦਾ ਪੱਕਾ ਡੰਪ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਥੋੜ੍ਹੀ ਦੂਰੀ ’ਤੇ ਸਰਕਾਰੀ ਪੋਲੀਟੈਕਨਿਕ ਦੇ ਸਾਹਮਣੇ ਵੀ ਕੂੜਾ ਲਗਾਤਾਰ ਜਮ੍ਹਾ ਰਹਿੰਦਾ ਹੈ।

ਪਿਛਲੇ ਕੁਝ ਸਮੇਂ ਤੋਂ ਸ਼ਹਿਰ ’ਚ ਹਵਾ ਪ੍ਰਦੂਸ਼ਣ ਵੀ ਖਤਰਨਾਕ ਹੱਦ ਤਕ ਵਧ ਚੁੱਕਾ ਹੈ। ਪਿਛਲੇ ਸਮੇਂ ਦੌਰਾਨ ਪਾਈਪਾਂ ਪਾਉਣ ਲਈ ਸ਼ਹਿਰ ਦਾ ਵੱਡਾ ਹਿੱਸਾ ਪੁੱਟ ਦਿੱਤਾ ਗਿਆ ਸੀ, ਜਿਸ ਨੂੰ ਅਜੇ ਤਕ ਬਣਾਇਆ ਨਹੀਂ ਗਿਆ ਅਤੇ ਉਥੋਂ ਉੱਡਦੀ ਧੂੜ-ਮਿੱਟੀ ਨੇ ਸ਼ਹਿਰ ਦੇ ਇਕ ਵੱਡੇ ਇਲਾਕੇ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ, ਜਿਸ ਕਾਰਨ ਲੋਕ ਹਵਾ ਪ੍ਰਦੂਸ਼ਣ ਤੋਂ ਬਹੁਤ ਪ੍ਰੇਸ਼ਾਨ ਹਨ।
 


Manoj

Content Editor

Related News