ਬਿਆਸ ਦਰਿਆ ਦੇ ਕੰਢੇ ਛਾਪੇਮਾਰੀ ਦੌਰਾਨ 300 ਲਿਟਰ ਲਾਹਣ ਬਰਾਮਦ

01/19/2019 4:49:08 AM

ਕਪੂਰਥਲਾ/ਸੁਲਤਾਨਪੁਰ ਲੋਧੀ, (ਭੂਸ਼ਣ, ਧੀਰ)- ਥਾਣਾ ਤਲਵੰਡੀ ਚੌਧਰੀਅਾਂ ਪੁਲਸ ਨੇ  ਬਿਆਸ ਦਰਿਅਾ ਦੇ ਕੰਢੇ ਨਾਜਾਇਜ਼ ਸ਼ਰਾਬ ਬਣਾ ਕੇ  ਸ਼ਰਾਬ ਮਾਫੀਆ ਨੂੰ ਸਪਲਾਈ ਕਰਨ ਵਾਲੇ ਇਕ ਨੈੱਟਵਰਕ ਦਾ ਪਰਦਾਫਾਸ਼ ਕਰ ਕੇ 300 ਲਿਟਰ ਲਾਹਣ ਬਰਾਮਦ ਕੀਤੀ ਹੈ।  ਇਸ ਦੌਰਾਨ ਮੌਕੇ ’ਤੇ ਮੌਜੂਦ 2 ਮੁਲਜ਼ਮ ਬਿਆਸ ਦਰਿਅਾ ’ਚ ਛਾਲ ਮਾਰ ਕੇ ਫਰਾਰ ਹੋ ਗਏ।  
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ  ਨੇ ਦੱਸਿਆ ਕਿ ਡੀ. ਐੱਸ. ਪੀ. ਸਬ-ਸੁਲਤਾਨਪੁਰ ਲੋਧੀ ਤੇਜਵੀਰ ਸਿੰਘ  ਦੀ ਨਿਗਰਾਨੀ ’ਚ ਐੱਸ. ਐੱਚ. ਓ. ਤਲਵੰਡੀ ਚੌਧਰੀਅਾਂ ਨੇ ਸਾਥੀ ਕਰਮਚਾਰੀਅਾਂ  ਦੇ ਨਾਲ ਬਿਆਸ ਦਰਿਅਾ ਦੇ ਕੰਢੇ ਪੈਂਦੇ ਪਿੰਡ ਅੰਮ੍ਰਿਤਪੁਰ ਰਾਜੇਵਾਲ ’ਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਦੱਸਿਆ ਕਿ ਅਵਤਾਰ ਸਿੰਘ  ਉਰਫ ਤਾਰੀ ਪੁੱਤਰ ਕੁੰਦਨ ਸਿੰਘ  ਵਾਸੀ ਪਿੰਡ ਵੈਰੋਵਾਲ ਜ਼ਿਲਾ ਤਰਨਤਾਰਨ ਅਤੇ ਮਖਨ ਸਿੰਘ  ਵਾਸੀ ਅੰਮ੍ਰਿਤਸਰ ਰਾਜੇਵਾਲ ਬਿਆਸ ਦਰਿਅਾ ਦੇ ਕੰਢੇ ਲੰਬੇ ਸਮੇਂ ਤੋਂ ਸ਼ਰਾਬ ਕੱਢਣ ਦਾ ਧੰਦਾ ਕਰਦੇ ਹਨ ਅਤੇ ਇਸ ਨਾਜਾਇਜ਼ ਸ਼ਰਾਬ ਨੂੰ ਕਈ ਥਾਵਾਂ ’ਤੇ ਸਪਲਾਈ ਕਰਦੇ ਹਨ।  ਜਿਸ ’ਤੇ ਜਦੋਂ ਪੁਲਸ ਟੀਮ ਨੇ ਛਾਪਾਮਾਰੀ ਕੀਤੀ ਤਾਂ ਦੋਨੇ ਮੁਲਜ਼ਮ ਬਿਆਸ ਦਰਿਅਾ ’ਚ ਛਾਲ ਮਾਰ ਕੇ ਫਰਾਰ ਹੋ ਕੇ ਦਰਿਅਾ ਦੇ ਦੂਸਰੇ ਪਾਸੇ ਪਹੁੰਚ ਗਏ। ਮੌਕੇ ’ਤੇ ਪੁਲਸ ਟੀਮ ਨੇ 5 ਡਰੰਮਾਂ ਵਿਚ ਰੱਖੀ 300 ਲਿਟਰ ਲਾਹਣ ਬਰਾਮਦ ਕੀਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ ਹੈ।