ਜੇ. ਐਂਡ ਕੇ. ਤੋਂ ਗੱਤੇ ਦੇ ਡੱਬਿਆਂ ਹੇਠਾਂ ਲੁਕੋ ਕੇ ਲਿਆਂਦੀ ਚੂਰਾ-ਪੋਸਤ ਦੀ ਖੇਪ, ਪੁਲਸ ਦੀ ਰੇਡ ’ਚ 3 ਗ੍ਰਿਫ਼ਤਾਰ

07/23/2023 10:55:46 AM

ਜਲੰਧਰ (ਵਰੁਣ)–ਕਮਿਸ਼ਨਰੇਟ ਪੁਲਸ ਨੇ ਜੇ. ਐਂਡ ਕੇ. ਤੋਂ ਟਰੱਕ ਵਿਚ ਰੱਖੇ ਗੱਤੇ ਦੇ ਡੱਬਿਆਂ ਹੇਠਾਂ ਲੁਕੋ ਕੇ ਲਿਆਂਦੀ ਚੂਰਾ-ਪੋਸਤ ਦੀ ਵੱਡੀ ਖੇਪ ਨੂੰ ਬਰਾਮਦ ਕਰਦਿਆਂ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚ ਟਰੱਕ ਚਾਲਕ, ਟਰੱਕ ਨੂੰ ਐਸਕਾਰਟ ਕਰਦਿਆਂ ਜੇ. ਐਂਡ ਕੇ. ਤੋਂ ਹੀ ਆਈ ਸਵਿੱਫਟ ਗੱਡੀ ਦਾ ਚਾਲਕ ਅਤੇ ਲੋਕਲ ਸਮੱਗਲਰ ਸ਼ਾਮਲ ਹਨ। ਪੁਲਸ ਨੇ ਕੁੱਲ 2 ਕੁਇੰਟਲ 31 ਕਿਲੋ 23 ਗ੍ਰਾਮ ਚੂਰਾ-ਪੋਸਤ ਦੀ ਖੇਪ ਬਰਾਮਦ ਕੀਤੀ ਹੈ, ਜਿਹੜੀ ਬੋਰੀਆਂ ਵਿਚ ਰੱਖੀ ਹੋਈ ਸੀ। ਏ. ਸੀ. ਪੀ. ਨਾਰਥ ਦਮਨਵੀਰ ਸਿੰਘ ਨੇ ਦੱਸਿਆ ਕਿ ਥਾਣਾ ਨੰਬਰ 1 ਦੇ ਇੰਚਾਰਜ ਨਵਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਜੇ. ਐਂਡ ਕੇ. ਤੋਂ ਗੱਤੇ ਦੇ ਡੱਬਿਆਂ ਨਾਲ ਲੋਡ ਕਰਕੇ ਚੂਰਾ-ਪੋਸਤ ਲਿਆਂਦੀ ਗਈ ਹੈ ਅਤੇ ਸੂਰਾਨੁੱਸੀ ਰੋਡ ਨਜ਼ਦੀਕ ਅਮਾਨਤਪੁਰ ਵਿਖੇ ਟਰੱਕ ਖੜ੍ਹਾ ਹੈ, ਜਿਸ ਵਿਚੋਂ ਚੂਰਾ-ਪੋਸਤ ਦੀਆਂ ਬੋਰੀਆਂ ਸਪਲਾਈ ਕਰਨ ਲਈ ਗੱਡੀਆਂ ਵਿਚ ਰੱਖੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਮੇਲੇ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਸ਼ਿਆਰਪੁਰ ਡੀ. ਸੀ. ਨੇ ਜਾਰੀ ਕੀਤੇ ਸਖ਼ਤ ਹੁਕਮ

ਇੰਸ. ਨਵਦੀਪ ਸਿੰਘ ਨੇ ਤੁਰੰਤ ਆਪਣੀ ਟੀਮ ਸਮੇਤ ਰੇਡ ਕਰਕੇ ਟਰੱਕ ਅਤੇ 2 ਗੱਡੀਆਂ ਨੂੰ ਘੇਰ ਲਿਆ, ਜਦਕਿ ਪੁਲਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ 3 ਲੋਕਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਟਰੱਕ ਦੀ ਤਲਾਸ਼ੀ ਲਈ ਗੱਤੇ ਦੇ ਡੱਬਿਆਂ ਹੇਠਾਂ ਬੋਰੀਆਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿਚ 140 ਕਿਲੋ 72 ਗ੍ਰਾਮ ਚੂਰਾ-ਪੋਸਤ ਮਿਲਿਆ। ਸਵਿੱਫਟ ਗੱਡੀ ਵਿਚੋਂ 40 ਕਿਲੋ 325 ਗ੍ਰਾਮ ਅਤੇ ਲੋਕਲ ਸਮੱਗਲਰ ਦੀ ਮਾਰੂਤੀ ਕਾਰ ਵਿਚੋਂ 50 ਕਿਲੋ 185 ਗ੍ਰਾਮ ਚੂਰਾ-ਪੋਸਤ ਬਰਾਮਦ ਹੋਈ। ਪੁਲਸ ਨੂੰ ਪੁੱਛਗਿੱਛ ਵਿਚ ਪਤਾ ਲੱਗਾ ਕਿ ਟਰੱਕ ਚਾਲਕ ਫਰਾਖਤ ਅਹਿਮਦ ਸੂਦ ਪੁੱਤਰ ਸੁਲੇਮਾਨ ਸੂਦ ਨਿਵਾਸੀ ਬੰਦੀ ਬ੍ਰਾਹਮਣ ਜੇ. ਐਂਡ ਕੇ. ਨੇ ਆਪਣੇ ਟਰੱਕ ਵਿਚ ਲਿਆਂਦੇ ਮਾਲ ਦੇ ਹੇਠਾਂ ਚੂਰਾ-ਪੋਸਤ ਦੀ ਖੇਪ ਰੱਖੀ ਹੋਈ ਸੀ, ਜਦਕਿ ਟਰੱਕ ਨੂੰ ਜੇ. ਐਂਡ ਕੇ. ਤੋਂ ਐਸਕਾਰਟ ਕਰਦੇ ਹੋਏ ਆਏ ਸਵਿਫਟ ਗੱਡੀ ਦੇ ਚਾਲਕ ਦੀ ਪਛਾਣ ਉਵੇਸ਼ ਅਹਿਮਦ ਪੁੱਤਰ ਗੁਲਾਮ ਕਾਦਰ ਨਿਵਾਸੀ ਟੰਗ ਬਾਗ ਜੇ. ਐਂਡ ਕੇ. ਵਜੋਂ ਹੋਈ ਹੈ।

ਉਕਤ ਲੋਕਾਂ ਨੇ ਅਮਾਨਤਪੁਰ ਤਕ ਆ ਕੇ ਲੋਕਲ ਸਮੱਗਲਰ ਮਨਪ੍ਰੀਤ ਸਿੰਘ ਮੰਡ ਉਰਫ਼ ਮਨੀ ਪੁੱਤਰ ਦਲਵਿੰਦਰ ਸਿੰਘ ਨਿਵਾਸੀ ਮੰਡ ਨੂੰ ਚੂਰਾ-ਪੋਸਤ ਦੀ ਸਪਲਾਈ ਦੇਣੀ ਸੀ, ਜਦੋਂ ਕਿ ਉਵੇਸ਼ ਨੇ ਹੀ ਆਪਣੇ ਜਾਣਕਾਰਾਂ ਨੂੰ ਖੇਪ ਵਿਚੋਂ ਕੁਝ ਸਪਲਾਈ ਦੇਣੀ ਸੀ। ਇੰਸ. ਨਵਦੀਪ ਸਿੰਘ ਨੇ ਕਿਹਾ ਕਿ ਮੁਲਜ਼ਮ ਟਰੱਕ ਵਿਚੋਂ ਆਪਣੇ ਹਿੱਸੇ ਦੀ ਚੂਰਾ-ਪੋਸਤ ਲੈ ਕੇ ਜਾ ਹੀ ਰਹੇ ਸਨ ਕਿ ਪੁਲਸ ਨੇ ਰੇਡ ਕਰਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਟਰੱਕ ਚਾਲਕ ਨੇ ਹੋਰ ਵੀ ਲੋਕਾਂ ਨੂੰ ਚੂਰਾ-ਪੋਸਤ ਦੀ ਸਪਲਾਈ ਦੇਣੀ ਸੀ। ਲੋਕਲ ਸਮੱਗਲਰ ਖ਼ਿਲਾਫ਼ ਜੇ. ਐਂਡ ਕੇ. ਵਿਚ ਪਹਿਲਾਂ ਵੀ ਨਸ਼ਾ ਸਪਲਾਈ ਦਾ ਕੇਸ ਦਰਜ ਹੈ। ਇੰਸ. ਨਵਦੀਪ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਐਤਵਾਰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦੇ ਸਾਰੇ ਲਿੰਕ ਚੈੱਕ ਕੀਤੇ ਜਾਣਗੇ ਅਤੇ ਇਹ ਵੀ ਪਤਾ ਲਾਇਆ ਜਾਵੇਗਾ ਕਿ ਉਨ੍ਹਾਂ ਨਾਲ ਹੋਰ ਕਿੰਨੇ ਲੋਕਲ ਸਮੱਗਲਰ ਜੁੜੇ ਹੋਏ ਹਨ। ਪੁਲਸ ਜੇ. ਐਂਡ ਕੇ. ਤੋਂ ਚੂਰਾ-ਪੋਸਤ ਦੀ ਖੇਪ ਭੇਜਣ ਵਾਲੇ ਮੁਲਜ਼ਮਾਂ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਉਨ੍ਹਾਂ ਦਾ ਪੂਰਾ ਨੈੱਟਵਰਕ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਰੂਪਨਗਰ: ਨਸ਼ੇ ਦੀ ਭੇਟ ਚੜ੍ਹਿਆ ਮਾਪਿਆਂ ਦਾ ਇਕਲੌਤਾ ਪੁੱਤ, ਬੱਸ ਸਟੈਂਡ ਨੇੜੇ ਪਈ ਲਾਸ਼ ਕੋਲੋਂ ਮਿਲੀ ਸਰਿੰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri