ਨਸ਼ੀਲੇ ਪਦਾਰਥਾਂ ਸਮੇਤ 3 ਨੌਜਵਾਨ ਗ੍ਰਿਫਤਾਰ

02/15/2019 9:30:36 PM

ਭੁਲੱਥ, (ਰਜਿੰਦਰ, ਭੂਪੇਸ਼)- ਸਬ ਡਵੀਜ਼ਨ ਭੁਲੱਥ 'ਚ ਆਏ ਦਿਨ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਚਲਦਿਆਂ ਪੁਲਸ ਹੱਥ ਕਾਮਯਾਬੀ ਲੱਗੀ ਹੈ। ਇਸ ਕਾਮਯਾਬੀ 'ਚ ਬੇਗੋਵਾਲ ਪੁਲਸ ਨੇ ਤਿੰਨ ਮੋਟਰ ਸਾਈਕਲ ਸਵਾਰਾਂ ਨੂੰ ਨਸ਼ੀਲੇ ਪਦਾਰਥ ਸਮੇਤ ਫੜਿਆ, ਜਿਨ੍ਹਾਂ ਕੋਲੋਂ ਹੋਈ ਪੁਛਗਿੱਛ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਚੋਰੀ ਦੀਆਂ 16 ਵਾਰਦਾਤਾਂ ਮੰਨ ਲਈਆਂ ਹਨ ਤੇ ਫੜੇ ਗਏ ਨੌਜਵਾਨਾਂ ਕੋਲੋਂ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਐੱਸ.ਐੱਸ.ਪੀ.  ਕਪੂਰਥਲਾ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡੀ.ਐੱਸ.ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸਬ ਡਵੀਜ਼ਨ ਭੁਲੱਥ ਵਿਚ ਨਸ਼ਿਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸੰਬੰਧੀ ਸਾਂਝੀ ਮੁਹਿੰਮ ਚੱਲ ਰਹੀ ਹੈ। ਜਿਸ ਤਹਿਤ ਥਾਣਾ ਬੇਗੋਵਾਲ ਦੇ ਐੱਸ.ਐੱਚ.ਓ. ਹਰਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ ਏ.ਐੱਸ.ਆਈ. ਜਸਵਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਬੇਗੋਵਾਲ ਦੀ ਦਾਣਾ ਮੰਡੀ ਨਜ਼ਦੀਕ ਮੌਜੂਦ ਸਨ ਤਾਂ ਸਤਿਗੁਰ ਰਾਖਾ ਚੌਕ ਵਲੋਂ ਇਕ ਮੋਟਰ ਸਾਈਕਲ 'ਤੇ ਤਿੰਨ ਨੌਜਵਾਨ ਆਏ। ਜਿਹੜੇ ਕਿ ਪੁਲਸ ਪਾਰਟੀ ਨੂੰ ਦੇਖ ਕੇ ਪਿਛੇ ਨੂੰ ਭੱਜਣ ਲੱਗੇ ਤਾਂ ਪੁਲਸ ਨੇ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ। ਐੱਸ.ਪੀ. ਬੈਂਸ ਨੇ ਦਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਤਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁੱਦੋਵਾਲ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਜਸਪਾਲ ਵਾਸੀ ਦਿਆਲਪੁਰ, ਥਾਣਾ ਸੁਭਾਨਪੁਰ ਤੇ ਅੰਮ੍ਰਿਤਪਾਲ ਸਿੰਘ ਉਰਫ ਮੰਗਾ ਪੁੱਤਰ ਸ਼ਿੰਦਰ ਸਿੰਘ ਵਾਸੀ ਦਿਆਲਪੁਰ, ਥਾਣਾ ਸੁਭਾਨਪੁਰ ਵਜੋਂ ਹੋਈ। ਜਿਨ੍ਹਾਂ 'ਚੋਂ 2 ਨੌਜਵਾਨ ਤਜਿੰਦਰਜੀਤ ਤੇ ਮਨਪ੍ਰੀਤ ਕੋਲੋਂ 305 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਜਿਸ ਉਪਰੰਤ ਉਕਤ ਨੌਜਵਾਨਾਂ ਖਿਲਾਫ ਥਾਣਾ ਬੇਗੋਵਾਲ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਪੁਛਗਿੱਛ ਅਮਲ 'ਚ ਲਿਆਂਦੀ। ਪੁਛਗਿੱਛ ਦੌਰਾਨ ਉਕਤ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਨੇ ਥਾਣਾ ਭੁਲੱਥ ਅਧੀਨ ਪੈਂਦੇ ਭੁਲੱਥ ਤੇ ਕਮਰਾਵਾਂ 'ਚ ਚਾਰ ਚੋਰੀਆਂ, ਥਾਣਾ ਬੇਗੋਵਾਲ ਦੇ ਇਲਾਕੇ 'ਚੋਂ 7 ਚੋਰੀਆਂ ਤੇ ਥਾਣਾ ਸੁਭਾਨਪੁਰ ਦੇ ਕਸਬਾ ਨਡਾਲਾ 'ਚੋਂ 5 ਚੋਰੀਆਂ ਕੀਤੀਆਂ ਹਨ। ਐੱਸ.ਪੀ. (ਡੀ) ਨੇ ਦੱਸਿਆ ਕਿ ਚੋਰੀਆਂ ਕਰਨ ਵਾਲੇ ਗਿਰੋਹ ਦਾ ਮੁਖੀ ਤਜਿੰਦਰਜੀਤ ਉਰਫ ਹੈਪੀ ਵਾਸੀ ਕੁੱਦੋਵਾਲ ਹੈ। ਜਿਸ ਖਿਲਾਫ ਥਾਣਾ ਭੁਲੱਥ ਤੇ ਕਰਤਾਰਪੁਰ ਵਿਚ ਲੁੱਟਾਂ-ਖੋਹਾਂ ਸੰਬੰਧੀ ਪਹਿਲਾਂ ਵੀ ਕੇਸ ਦਰਜ ਹਨ ਤੇ ਇਸੇ ਤਰ੍ਹਾਂ ਅੰਮ੍ਰਿਤਪਾਲ ਉਰਫ ਮੰਗਾ ਵਾਸੀ ਦਿਆਲਪੁਰ ਖਿਲਾਫ ਵੀ ਥਾਣਾ ਭੁਲੱਥ ਤੇ ਥਾਣਾ ਕਰਤਾਰਪੁਰ 'ਚ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਤੇ ਹੋਰ ਪੁਛਗਿੱਛ ਪੁਲਸ ਰਿਮਾਂਡ ਹਾਸਿਲ ਕਰਕੇ ਕੀਤੀ ਜਾਵੇਗੀ।

KamalJeet Singh

This news is Content Editor KamalJeet Singh