ਮਕਸੂਦਾਂ ਮੰਡੀ ''ਚ ਹੈਰੋਇਨ ਵੇਚਣ ਆ ਰਹੇ ਦੋ ਟਰੱਕ ਡਰਾਈਵਰਾਂ ਸਣੇ 3 ਗ੍ਰਿਫਤਾਰ

05/08/2019 11:53:12 AM

ਜਲੰਧਰ (ਜ.ਬ.)— ਜਲੰਧਰ ਦੀ ਮਕਸੂਦਾਂ ਮੰਡੀ ਵਿਚ ਹੈਰੋਇਨ ਦੀ ਸਪਲਾਈ ਦੇਣ ਆ ਰਹੇ ਦੋ ਟਰੱਕ ਡਰਾਈਵਰਾਂ ਸਣੇ ਤਿੰਨ ਸਮੱਗਲਰਾਂ ਨੂੰ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਤਿੰਨੇ ਮੁਲਜ਼ਮ ਕਾਫੀ ਲੰਮੇ ਸਮੇਂ ਤੋਂ ਮਕਸੂਦਾਂ ਸਬਜ਼ੀ ਮੰਡੀ ਲੁਧਿਆਣਾ ਵਿਚ ਵੀ ਦਿੱਲੀ ਤੋਂ ਹੈਰੋਇਨ ਖਰੀਦ ਕੇ ਸਪਲਾਈ ਕਰ ਰਹੇ ਸਨ। ਪੁਲਸ ਨੇ ਤਿੰਨਾਂ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਆਪਣੀ ਟੀਮ ਸਣੇ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਟਰੱਕ ਡਰਾਈਵਰ ਦਿੱਲੀ ਤੋਂ ਹੈਰੋਇਨ ਖਰੀਦ ਕੇ ਮਕਸੂਦਾਂ ਮੰਡੀ ਵਿਚ ਸਪਲਾਈ ਦੇਣ ਆ ਰਹੇ ਹਨ। ਪੁਲਸ ਨੇ ਨਾਕਾਬੰਦੀ ਕਰਦਿਆਂ ਦੱਸੇ ਗਏ ਟਰੱਕ ਦਾ ਨੰਬਰ ਦੇਖ ਕੇ ਉਸ ਨੂੰ ਰੋਕ ਲਿਆ। ਅੰਦਰ ਬੈਠੇ ਤਿੰਨ ਵਿਅਕਤੀਆਂ ਨੇ ਖੁਦ ਦਾ ਨਾਂ ਕੇਵਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਉਪਲ ਪਿੰਡ ਲੁਧਿਆਣਾ, ਪਵਨ ਕੁਮਾਰ ਉਰਫ ਰਮਨ ਪੁੱਤਰ ਬਲਵੰਤ ਰਾਏ ਵਾਸੀ ਗੁਰੂ ਨਾਨਕ ਨਗਰ ਸਮਰਾਲਾ ਚੌਕ ਲੁਧਿਆਣਾ ਤੇ ਅਰੁਣ ਵਰਮਾ ਪੁੱਤਰ ਰਮੇਸ਼ ਵਰਮਾ ਵਾਸੀ ਐੈੱਲ. ਆਈ. ਜੀ. ਫਲੈਟ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਦੱਸਿਆ।
ਪੁਲਸ ਨੂੰ ਤਿੰਨਾਂ ਦੀ ਤਲਾਸ਼ੀ ਲੈਣ 'ਤੇ ਕੇਵਲ ਸਿੰਘ ਕੋਲੋਂ 60 ਗ੍ਰਾਮ, ਪਵਨ ਕੋਲੋਂ 50 ਗ੍ਰਾਮ ਤੇ ਅਰੁਣ ਕੋਲੋਂ 40 ਗ੍ਰਾਮ ਹੈਰੋਇਨ ਮਿਲੀ। ਪੁੱਛਗਿੱਛ ਵਿਚ ਪਤਾ ਲੱਗਾ ਕਿ ਕੇਵਲ ਸਿੰਘ ਖੁਦ ਦਾ ਟਰੱਕ ਚਲਾਉਂਦਾ ਹੈ ਤੇ ਜਦੋਂ ਵੀ ਦਿੱਲੀ ਸਾਮਾਨ ਛੱਡਣ ਜਾਂ ਲੈਣ ਜਾਂਦਾ ਹੈ ਤਾਂ ਨਾਈਜੀਰੀਅਨ ਸਮੱਗਲਰਾਂ ਕੋਲੋਂ ਹੈਰੋਇਨ ਖਰੀਦ ਕੇ ਲੁਧਿਆਣਾ ਤੇ ਮਕਸੂਦਾਂ ਸਬਜ਼ੀ ਮੰਡੀ ਵਿਚ ਸਪਲਾਈ ਕਰਦਾ ਹੈ। ਇਸੇ ਤਰ੍ਹਾਂ ਰਮਨ ਵੀ ਟਰੱਕ ਡਰਾਈਵਰ ਹੈ ਤੇ ਕੇਵਲ ਸਿੰਘ ਦੇ ਨਾਲ ਹੀ ਹੈਰੋਇਨ ਖਰੀਦ ਕੇ ਵੇਚਦਾ ਹੈ, ਜਦੋਂਕਿ ਅਰੁਣ ਲਾਟਰੀ ਦਾ ਕੰਮ ਕਰਦਾ ਹੈ।
ਰਮਨ ਅਤੇ ਅਰੁਣ ਦੋਵੇਂ ਹੈਰੋਇਨ ਪੀਣ ਦੇ ਆਦੀ ਹਨ, ਜੋ ਖੁਦ ਦਾ ਖਰਚਾ ਕੱਢਣ ਲਈ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗੇ। ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਕਾਫੀ ਲੰਮੇ ਸਮੇਂ ਤੋਂ ਜਲੰਧਰ ਅਤੇ ਲੁਧਿਆਣਾ ਵਿਚ ਹੈਰੋਇਨ ਦੀ ਸਪਲਾਈ ਕਰ ਰਹੇ ਸਨ। ਪੁਲਸ ਦੀ ਨਜ਼ਰ ਤੋਂ ਬਚਣ ਲਈ ਇਹ ਲੋਕ ਹੈਰੋਇਨ ਦੀ ਵੱਡੀ ਖੇਪ ਸਪਲਾਈ ਨਹੀਂ ਕਰਦੇ ਸਨ।

shivani attri

This news is Content Editor shivani attri