ਲੁੱਟਾਂ-ਖੋਹਾਂ ਕਰਨ ਵਾਲੇ 3 ਗ੍ਰਿਫ਼ਤਾਰ, ਚੋਰੀ ਦੇ ਮੋਟਰਸਾਈਕਲ ਤੇ ਐਕਟਿਵਾ ਬਰਾਮਦ

06/01/2022 6:18:18 PM

ਸੁਲਤਾਨਪੁਰ ਲੋਧੀ (ਸੋਢੀ)- ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਇੰਸ. ਗਗਨਦੀਪ ਸਿੰਘ ਵੱਲੋਂ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਿਰੋਹ ਖ਼ਿਲਾਫ਼ ਚਲਾਈ ਮੁਹਿੰਮ ਨੂੰ ਵਿਸ਼ੇਸ਼ ਸਫ਼ਲਤਾ ਮਿਲ ਰਹੀ ਹੈ। ਇਸ ਸਬੰਧੀ ਹੋਰ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪੁਲਸ ਨੇ 3 ਹੋਰ ਲੁੱਟ-ਖੋਹ ਅਤੇ ਚੋਰੀਆਂ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੇ 3 ਮੋਟਰਸਾਈਕਲ ਅਤੇ 1 ਐਕਟਿਵਾ ਵੀ ਬਰਾਮਦ ਕੀਤੀਆਂ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਦੀ ਅਗਵਾਈ ਹੇਠ ਅਤੇ ਰਾਜੇਸ਼ ਕੱਕੜ ਉੱਪ ਪੁਲਸ ਕਪਤਾਨ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ’ਚ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਹਾਸਲ ਹੋਈ ਕਿ ਜਦੋਂ ਪੁਲਸ ਪਾਰਟੀ ਚੌਕ ਡੱਲਾ ’ਚ ਮੌਜੂਦ ਸੀ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਪੁੱਤਰ ਸ਼ਿੰਦਾ ਵਾਸੀ ਮੁਹੱਲਾ ਕੀੜੀ (ਡੱਲਾ) ਥਾਣਾ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਸੀ, ਉਹ ਮੋਟਰ ਸਾਈਕਲ ’ਤੇ ਡੱਲਾ ਮੋੜ ਟੀ-ਪੁਆਇਟ ਲੋਹੀਆਂ ਵੱਲ ਗਾਹਕ ਨੂੰ ਮੋਟਰਸਾਈਕਲ ਵੇਚਣ ਦੀ ਤਾਂਘ ’ਚ ਉਡੀਕ ਕਰ ਰਿਹਾ ਹੈ, ਜਿਸ ’ਤੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਸਪੈਸ਼ਲ ਨਾਕਾਬੰਦੀ ਕਰ ਕੇ ਲਵਪ੍ਰੀਤ ਪੁੱਤਰ ਸ਼ਿੰਦਾ ਵਾਸੀ ਮੁਹੱਲਾ ਕੀੜੀ ਡੱਲਾ ਨੂੰ ਸਮੇਤ ਸਪਲੈਂਡਰ ਮੋਟਰਸਾਈਕਲ ਦੇ ਕਾਬੂ ਕਰ ਕੇ ਤਫਤੀਸ਼ ਅਮਲ ’ਚ ਲਿਆਦੀ। ਉਨ੍ਹਾਂ ਦੱਸਿਆ ਕਿ ਦੌਰਾਨੇ ਹੋਰ ਤਫ਼ਤੀਸ਼ ਲਵਪ੍ਰੀਤ ਦੇ ਘਰ ਤੋਂ ਇਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਲੁਧਿਆਣਾ ਟੋਲ ਪਲਾਜ਼ਾ ’ਤੇ ਹੋਈ ਬੱਸ ਲੁੱਟ ਦੇ ਮਾਮਲੇ ’ਚ ਆਇਆ ਟਵਿਸਟ, ਕਮਿਸ਼ਨਰ ਬੋਲੇ, ਕੋਈ ਲੁੱਟ ਨਹੀਂ ਹੋਈ

ਇਸ ਕੇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਇੰਸ. ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਲਵਪ੍ਰੀਤ ਤੋਂ ਹੋਰ ਪੁੱਛਗਿੱਛ ਕਰਨ ਉਪਰੰਤ ਰਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸ਼ਾਹਵਾਲਾ (ਥਾਣਾ ਕਬੀਰਪੁਰ) ਤੇ ਕੁਲਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਸੁੱਚਾ ਵਾਸੀ ਪਿੰਡ ਰਾਮਪੁਰ ਜਗੀਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 3 ਮੋਟਰਸਾਈਕਲ ’ਤੇ ਇਕ ਐਕਟਿਵਾ ਕੁਲਵਿੰਦਰ ਸਿੰਘ ਕੋਲੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਇਕ ਹੋਰ ਸਾਥੀ ਰਾਣਾ ਪੁੱਤਰ ਨਾ-ਮਾਲੂਮ ਵਾਸੀ ਪਿੰਡ ਡੱਲਾ ਅਜੇ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਹੋਰ ਮੋਟਰਸਾਈਕਲ ਵੀ ਬਰਾਮਦ ਹੋਣ ਦੀ ਸੰਭਾਵਨਾ
ਇੰਸ. ਗਗਨਦੀਪ ਸਿੰਘ ਨੇ ਹੋਰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਇਨ੍ਹਾਂ ਕੋਲੋਂ ਲੋਕਾਂ ਦੇ ਚੋਰੀ ਕੀਤੇ ਹੋਰ ਮੋਟਰਸਾਈਕਲ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਬਰਾਮਦ ਮੋਟਰਸਾਈਕਲਾਂ ’ਚੋਂ ਇਕ ਮੋਟਰਸਾਈਕਲ ਪੀ.ਬੀ.41-ਸੀ.3066, ਜੋ ਵੀ ਚੋਰੀ ਹੋਇਆ ਸੀ ਅਤੇ ਜਿਸ ਸਬੰਧੀ ਮੁਕੱਦਮਾ ਦਰਜ ਹੋਇਆ ਸੀ, ਉਹ ਮੋਟਰਸਾਈਕਲ ਬਰਾਮਦ ਹੋ ਚੁੱਕਾ ਹੈ।

ਬਰਾਮਦਸ਼ੁਦਾ ਮੋਟਰਸਾਈਕਲਾਂ ਦਾ ਵੇਰਵਾ
ਮਾਰਕਾ ਮੋਟਰਸਾਈਕਲ ਬਜਾਜ ਪਲਟੀਨਾ ਪੀ.ਬੀ.09-ਡਬਲਿਯੂ 7857 ਹੈ, ਦੂਜਾ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਬਿਨਾਂ ਨੰਬਰੀ ਹੈ ਤੇ ਤੀਜਾ ਹੀਰੋ ਹਾਂਡਾ ਸਪਲੈਂਡਰ ਪੀ.ਬੀ.41 ਸੀ 3066 ਹੈ। ਇਸ ਤੋਂ ਇਲਾਵਾ ਐਕਟਿਵਾ ਜੂਪੀਟਰ ਪੀ.ਬੀ. 09, ਏ.ਕੇ. 4434 ਹੈ। ਇਸ ਸਮੇਂ ਐੱਸ. ਐੱਚ. ਓ. ਸੇਖੋਂ ਨਾਲ ਪੁਲਸ ਚੌਕੀ ਡੱਲਾ ਦੇ ਮੁਖੀ ਲਖਬੀਰ ਸਿੰਘ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਮੁੱਖ ਮੁਣਸ਼ੀ ਬਲਕਾਰ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: 25 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਦਿੱਤਾ ਧੋਖਾ, ਸਾਹਮਣੇ ਆਈ ਸੱਚਾਈ ਨੂੰ ਜਾਣ ਪਰਿਵਾਰ ਦੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News