ਦਾਤਰ ਦੀ ਨੋਕ ''ਤੇ ਮੋਟਰਸਾਈਕਲ ਖੋਹਣ ਵਾਲੇ 3 ਨੌਜਵਾਨ ਪੁਲਸ ਅੜਿੱਕੇ

08/26/2019 1:19:14 AM

ਨਕੋਦਰ (ਪਾਲੀ)-ਸ਼ਹਿਰ 'ਚ ਦਿਨ-ਦਿਹਾੜੇ ਦਾਤਰ ਦੀ ਨੋਕ 'ਤੇ ਮੋਟਰਸਾਈਕਲ ਖੋਹ ਕੇ ਫਰਾਰ ਹੋਏ 3 ਨੌਜਵਾਨਾਂ ਨੂੰ ਸਿਟੀ ਪੁਲਸ ਨੇ ਕੁੱਝ ਘੰਟਿਆਂ 'ਚ ਕਾਬੂ ਕਰ ਕੇ ਖੋਹਿਆ ਮੋਟਰਸਾਈਕਲ ਅਤੇ ਇਕ ਦਾਤਰ ਬਰਾਮਦ ਕਰ ਕੇ ਵਾਰਦਾਤ ਹੱਲ ਕਰਨ ਦਾ ਦਾਅਵਾ ਕੀਤਾ ਹੈ। ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਨੇ ਦੱਸਿਆ ਕਿ ਉੱਤਮ ਲਾਲ ਪੁੱਤਰ ਜਗਦੇਵ ਲਾਲ ਵਾਸੀ ਮੇਨ ਬਾਜ਼ਾਰ ਸਿੱਧਵਾਂ ਬੇਟ ਜਗਰਾਉਂ ਜੋ ਆਪਣੇ ਮੋਟਰਸਾਈਕਲ 'ਤੇ ਬੀਤੇ ਕੱਲ ਨਕੋਦਰ ਦੇ ਇਕ ਧਾਰਮਕ ਅਸਥਾਨ 'ਤੇ ਮੱਥਾ ਟੇਕਣ ਲਈ ਆ ਰਿਹਾ ਸੀ। ਮਹਿਤਪੁਰ ਰੋਡ 'ਤੇ ਪੈਟਰੋਲ ਪੰਪ ਨਜ਼ਦੀਕ 3 ਨੌਜਵਾਨਾਂ ਨੇ ਦਾਤਰ ਦੀ ਨੋਕ 'ਤੇ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਉਕਤ ਵਿਅਕਤੀ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਨਕੋਦਰ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਸਿਟੀ ਥਾਣਾ ਮੁਖੀ ਇੰਸ. ਮੁਹੰਮਦ ਜਮੀਲ ਦੀ ਅਗਵਾਈ 'ਚ ਏ. ਐੱਸ. ਆਈ. ਹਰਜਿੰਦਰ ਸਿੰੰਘ ਨੇ ਸਮੇਤ ਪੁਲਸ ਪਾਰਟੀ ਮਹਿਤਪੁਰ ਰੋਡ 'ਤੇ ਮੁਹੱਲਾ ਰੇੜਵਾ ਨੇੜੇ ਨਾਕਾਬੰਦੀ ਦੌਰਾਨ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਉਕਤ ਨੌਜਵਾਨਾਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਨਵਾਂ ਰਜਾਪੁਰ ਜ਼ਿਲਾ ਲੁਧਿਆਣਾ, ਸਨੀ ਵਾਸੀ ਸ਼ਰਕਪੁਰ ਨਕੋਦਰ ਅਤੇ ਬਲਜਿੰਦਰ ਸਿੰਘ ਵਾਸੀ ਬਾਗੀਵਾਲ ਮਹਿਤਪੁਰ ਵਜੋਂ ਹੋਈ, ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Karan Kumar

This news is Content Editor Karan Kumar