ਮਾਂ-ਬੇਟਾ ਤੇ ਭਤੀਜਾ ਸਟਿਪਨੀ ’ਚ ਲੁਕਾ ਕੇ ਲਿਜਾ ਰਹੇ ਸਨ 26 ਕਿਲੋ ਅਫ਼ੀਮ, ਹੋਏ ਗਿ੍ਰਫ਼ਤਾਰ

01/07/2021 11:37:36 AM

ਜਲੰਧਰ (ਵਰੁਣ)— ਟਾਟਾ ਸੂਮੋ ਦੀ ਸਟਿਪਨੀ ਦੀ ਹਵਾ ਕੱਢ ਕੇ ਉਸ ’ਚ 1-1 ਕਿਲੋ ਦੇ ਅਫ਼ੀਮ ਦੇ ਪੈਕੇਟ ਲੁਕਾ ਕੇ ਝਾਰਖੰਡ ਤੋਂ ਅੰਮ੍ਰਿਤਸਰ ਸਪਲਾਈ ਦੇਣ ਜਾ ਰਹੇ ਮਾਂ-ਬੇਟੇ ਅਤੇ ਭਤੀਜੇ ਨੂੰ ਜਲੰਧਰ ਕਮਿਸ਼ਨਰੇਟ ਪੁਲਸ ਨੇ ਪਰਾਗਪੁਰ ਕੋਲ ਗਿ੍ਰਫ਼ਤਾਰ ਕਰ ਲਿਆ। ਪੁਲਸ ਨੇ ਸਟਿਪਨੀ ’ਚੋਂ 1-1 ਕਿਲੋ ਦੇ ਕੁੱਲ 26 ਪੈਕੇਟ ਬਰਾਮਦ ਕੀਤੇ ਹਨ। ਮੁਲਜ਼ਮ ਝਾਰਖੰਡ ਦੇ ਸਮੱਗਲਰਾਂ ਲਈ ਕੰਮ ਕਰਦੇ ਸਨ, ਜਿਨ੍ਹਾਂ ਨੂੰ ਪ੍ਰਤੀ ਕਿਲੋ 10 ਹਜ਼ਾਰ ਰੁਪਏ ਸਪਲਾਈ ਕਰਨ ਦੇ ਮਿਲਦੇ ਸਨ। ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲਸ ਉਨ੍ਹਾਂ ਦੇ ਨੈੱਟਵਰਕ ਨਾਲ ਜੁੜੇ ਸਮੱਗਲਰਾਂ ਦਾ ਪਤਾ ਲਗਾਉਣ ’ਚ ਜੁੱਟ ਗਈ ਹੈ। ਸਪਲਾਈ ਦੇਣ ਵਾਲੀ ਔਰਤ ਦਾ ਕਹਿਣਾ ਹੈ ਕਿ ਆਰਥਿਕ ਹਾਲਾਤ ਤੋਂ ਨਿਜਾਤ ਪਾਉਣ ਲਈ ਉਸ ਨੇ ਅਫ਼ੀਮ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜੀ. ਟੀ. ਰੋਡ ਪਰਾਗਪੁਰ ’ਚ ਨਾਕਾਬੰਦੀ ਕੀਤੀ ਸੀ। ਸੂਚਨਾ ਤਹਿਤ ਪੁਲਸ ਨੇ ਇਕ ਟਾਟਾ ਸੂਮੋ ਨੂੰ ਰੋਕਿਆ, ਜਿਸ ’ਚ ਇਕ ਔਰਤ, ਉਸਦਾ ਬੇਟਾ ਅਤੇ ਇਕ ਹੋਰ ਨੌਜਵਾਨ ਸਵਾਰ ਸੀ। ਪੁਲਸ ਨੂੰ ਵੇਖ ਕੇ ਤਿੰਨੋਂ ਘਬਰਾ ਗਏ। ਪੁਲਸ ਨੇ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ’ਚੋਂ ਕੁਝ ਨਹੀਂ ਮਿਲਿਆ। ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਜਦੋਂ ਡਿੱਕੀ ਵਿਚ ਸਟਿਪਨੀ ਦੀ ਹਾਲਤ ਵੇਖੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਮੌਕੇ ’ਤੇ ਏ. ਸੀ. ਪੀ. ਕੈਂਟ ਮੇਜਰ ਸਿੰਘ ਅਤੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਪੁਲਸ ਟੀਮ ਨੇ ਜਿਵੇਂ ਹੀ ਸਟਿਪਨੀ ਖੋਲ੍ਹੀ ਤਾਂ ਉਹ ਕਾਫੀ ਭਾਰੀ ਸੀ। ਸਟਿਪਨੀ ਵਿਚ ਹਵਾ ਵੀ ਨਹੀਂ ਸੀ। ਪੁਲਸ ਨੇ ਸਟਿਪਨੀ ਨਾਲੋਂ ਰਿਮ ਵੱਖ ਕੀਤਾ ਤਾਂ ਦੇਖਿਆ ਕਿ ਟਾਇਰ ਵਿਚ ਇਕ-ਇਕ ਕਿਲੋ ਦੇ 26 ਲਿਫਾਫੇ ਸਨ, ਜਿਨ੍ਹਾਂ ਵਿਚ ਅਫੀਮ ਪਾਈ ਹੋਈ ਸੀ। ਟਾਇਰ ਵਿਚੋਂ ਕੁੱਲ 26 ਕਿਲੋ ਅਫੀਮ ਬਰਾਮਦ ਹੋਈ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

ਪੁਲਸ ਨੇ ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ। ਮੁਲਜ਼ਮਾਂ ਦੀ ਪਛਾਣ ਪੂਨਮ ਦੇਵੀ (40) ਪਤਨੀ ਨਿਵਾਸ ਰਾਓ ਵਾਸੀ ਥਿਮਨਾ ਝਾਰਖੰਡ, ਉਸ ਦੇ ਬੇਟੇ ਕ੍ਰਿਸ਼ਨਾ ਰਾਓ (19) ਅਤੇ ਭਤੀਜੇ ਰਾਜਾ ਭਗਤ (29) ਪੁੱਤਰ ਕਮਲਾ ਪ੍ਰਸਾਦ ਵਾਸੀ ਮੰਗੋ ਝਾਰਖੰਡ ਵਜੋਂ ਹੋਈ। ਜਾਂਚ ਵਿਚ ਪਤਾ ਲੱਗਾ ਕਿ ਪੂਨਮ ਦਾ ਪਤੀ ਪੇਂਟ ਦਾ ਕੰਮ ਕਰਦਾ ਹੈ। ਪੂਨਮ ਝਾਰਖੰਡ ਦੇ ਸਮੱਗਲਰਾਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਅਫ਼ੀਮ ਲੈ ਕੇ ਅੰਮਿ੍ਰਤਸਰ’ਚ ਸਪਲਾਈ ਦੇ ਰਹੀ ਸੀ। ਪੁਲਸ ਨੂੰ ਸ਼ੱਕ ਨਾ ਹੋਵੇ, ਇਸ ਲਈ ਉਸ ਨੇ ਆਪਣੇ 12ਵੀਂ ਜਮਾਤ ਵਿਚ ਪੜ੍ਹ ਰਹੇ ਬੇਟੇ ਕ੍ਰਿਸ਼ਨਾ ਅਤੇ ਟੈਕਸੀ ਚਲਾਉਣ ਵਾਲੇ ਭਤੀਜੇ ਰਾਜਾ ਨੂੰ ਵੀ ਆਪਣੇ ਨਾਲ ਮਿਲਾ ਲਿਆ।
ਮੁਲਜ਼ਮ ਝਾਰਖੰਡ ਦੇ ਸਮੱਗਲਰਾਂ ਦੇ ਦੱਸੇ ਗਏ ਸਮੇਂ ਅਤੇ ਲੋਕੇਸ਼ਨ ਦੇ ਆਧਾਰ ’ਤੇ ਅੰਮ੍ਰਿਤਸਰ ਪਹੁੰਚ ਕੇ ਸਪਲਾਈ ਦਿੰਦੇ ਸਨ। ਪ੍ਰਤੀ ਕਿਲੋ ਅਫ਼ੀਮ ਟਿਕਾਣੇ ’ਤੇ ਪਹੁੰਚਾਉਣ ਲਈ ਉਨ੍ਹਾਂ ਨੂੰ 10 ਹਜ਼ਾਰ ਰੁਪਏ ਮਿਲਦੇ ਸਨ। ਪੁਲਸ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਵੀਰਵਾਰ ਸਵੇਰੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ। ਉਥੇ ਹੀ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਮੁਲਜ਼ਮਾਂ ਤੋਂ ਉਨ੍ਹਾਂ ਦੇ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ। ਪੁਲਸ ਜਲਦ ਹੀ ਇਸ ਰੈਕੇਟ ਨਾਲ ਜੁੜੇ ਹੋਰ ਸਮੱਗਲਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਵੇਗੀ। ਦੱਸ ਦੇਈਏ ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਸ ਨੇ ਅਫ਼ੀਮ ਦੀ ਇੰਨੀ ਵੱਡੀ ਰਿਕਵਰੀ ਕੀਤੀ ਹੈ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਅੰਮਿ੍ਰਤਸਰ ਦੇ ਸਮੱਗਲਰਾਂ ਦੀ ਪਛਾਣ ਨਹੀਂ ਦੱਸਦੇ ਸਨ ਝਾਰਖੰਡ ਦੇ ਸਮੱਗਲਰ
ਪੁਲਸ ਦੀ ਮੰਨੀਏ ਤਾਂ ਝਾਰਖੰਡ ਦੇ ਸਮੱਗਲਰ ਇੰਨੇ ਸ਼ਾਤਿਰ ਹਨ ਕਿ ਉਹ ਅੰਮ੍ਰਿਤਸਰ ਦੇ ਸਮੱਗਲਰਾਂ ਦੀ ਪਛਾਣ ਜਾਂ ਫਿਰ ਮੋਬਾਇਲ ਨੰਬਰ ਹੀ ਨਹੀਂ ਦੱਸਦੇ ਸਨ। ਪੂਨਮ ਦੇਵੀ ਨੂੰ ਦੱਸੇ ਗਏ ਸਮੇਂ ’ਤੇ ਅੰਮ੍ਰਿਤਸਰ ਦੀ ਲੋਕੇਸ਼ਨ ’ਤੇ ਪਹੁੰਚਣਾ ਹੀ ਪੈਂਦਾ ਸੀ। ਹਾਲਾਂਕਿ ਪੂਨਮ ਕੋਲੋਂ ਝਾਰਖੰਡ ਦੇ ਸਮੱਗਲਰਾਂ ਬਾਰੇ ਕੁਝ ਜਾਣਕਾਰੀ ਮਿਲੀ ਹੈ, ਜਿਸ ਨਾਲ ਅੰਮ੍ਰਿਤਸਰ ਦੇ ਸਮੱਗਲਰਾਂ ਨੂੰ ਟਰੇਸ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਦੇ ਸਮੱਗਲਰਾਂ ਦੇ ਪੂਨਮ ਕੋਲ ਮੋਬਾਇਲ ਨੰਬਰ ਵੀ ਨਹੀਂ ਹਨ। ਉਨ੍ਹਾਂ ਨੂੰ ਇਕ ਕੋਡ ਿਦੱਤਾ ਜਾਂਦਾ ਹੈ, ਜਿਸ ਨੂੰ ਦੱਸਣ ’ਤੇ ਹੀ ਡਲਿਵਰੀ ਦਿੱਤੀ ਜਾਂਦੀ ਸੀ।

ਪੈਸਿਆਂ ਦੇ ਲੈਣ-ਦੇਣ ਦੀ ਚੱਲ ਰਹੀ ਹੈ ਜਾਂਚ
ਮੁਲਜ਼ਮਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਅੰਮਿ੍ਰਤਸਰ ਦੇ ਸਮੱਗਲਰ ਕਿਸ ਢੰਗ ਨਾਲ ਝਾਰਖੰਡ ਦੇ ਸਮੱਗਲਰਾਂ ਤੱਕ ਅਫ਼ੀਮ ਦੇ ਪੈਸੇ ਪਹੁੰਚਾਉਂਦੇ ਸਨ। ਸੂਤਰਾਂ ਦੀ ਮੰਨੀਏ ਤਾਂ ਹਵਾਲਾ ਦੇ ਜ਼ਰੀਏ ਪੈਸਿਆਂ ਦਾ ਲੈਣ-ਦੇਣ ਹੁੰਦਾ ਸੀ ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹਰਮਿੰਦਰ ਸਿੰਘ ਸੈਣੀ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਸਮੱਗਲਰਾਂ ਦੀ ਗਿ੍ਰਫ਼ਤਾਰੀ ਦੇ ਬਾਅਦ ਪੈਸੇ ਪਹੁੰਚਾਉਣ ਦੇ ਢੰਗ ਦਾ ਪਤਾ ਲਗਾਇਆ ਜਾ ਸਕੇਗਾ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News