ਛੇਡ਼ਛਾਡ਼ ਦੇ ਮਾਮਲੇ ’ਚ ਫਸਾਉਣ ਦੀਆਂ ਧਮਕੀਆਂ ਦੇ ਕੇ ਖੋਹੀ 26 ਹਜ਼ਾਰ ਦੀ ਨਕਦੀ ਅਤੇ ਮੋਟਰਸਾਈਕਲ

08/23/2019 6:19:31 AM

ਕਪੂਰਥਲਾ, (ਭੂਸ਼ਣ)- ਇਕ ਵਿਅਕਤੀ ਨੂੰ ਧੋਖੇ ਨਾਲ ਘਰ ’ਚ ਬੁਲਾ ਕੇ ਔਰਤ ਨਾਲ ਛੇਡ਼ਛਾਡ਼ ਕਰਨ ਦੇ ਝੂਠੇ ਕੇਸ ’ਚ ਫਸਾਉਣ ਦੀਆਂ ਧਮਕੀਆਂ ਦੇਣ ਅਤੇ ਨਕਲੀ ਪੁਲਸ ਕਰਮਚਾਰੀ ਬਣ ਕੇ ਉਸ ਤੋਂ 26,200 ਰੁਪਏ ਦੀ ਨਕਦੀ ਅਤੇ ਮੋਟਰਸਾਈਕਲ ਖੋਹਣ ਦੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਔਰਤ ਸਮੇਤ 5 ਮੁਲਜ਼ਮਾਂ ਖਿਲਾਫ ਧਾਰਾ 342, 384, 120-ਬੀ ਤਹਿਤ ਮਾਮਲਾ ਦਰਜ ਕਰ ਕੇ ਔਰਤ ਸਮੇਤ 3 ਮੁਲਜ਼ਮਾਂ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ , ਜਦਕਿ 2 ਮੁਲਜ਼ਮਾਂ ਦੀ ਤਲਾਸ਼ ’ਚ ਛਾਪੇਮਾਰੀ ਜਾਰੀ ਹੈ।

ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਢੱਪਈ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਸੁਲਤਾਨਪੁਰ ਲੋਧੀ ’ਚ ਟ੍ਰੈਕਟਰ ਏਜੰਸੀ ਅਤੇ ਨਵੇਂ -ਪੁਰਾਣੇ ਟ੍ਰੈਕਟਰਾਂ ਨੂੰ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਹੈ। ਬੀਤੀ 19 ਅਗਸਤ ਨੂੰ ਉਸ ਦੇ ਫੋਨ ’ਤੇ ਲਛਮਣ ਸਿੰਘ ਉਰਫ ਪਿੰਕੂ ਉਰਫ ਸੋਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਦਾ ਫੋਨ ਆਇਆ । ਜਿਸ ’ਚ ਉਸ ਨੇ ਦੱਸਿਆ ਕਿ ਉਸ ਦਾ ਇਕ ਮਹਿੰਦਰਾ ਬੀ-275 ਟ੍ਰੈਕਟਰ ਵਿਕਾਊ ਹੈ, ਜੋ ਉਹ ਉਸ ਨੂੰ ਕਾਫ਼ੀ ਸਸਤੇ ਰੇਟ ’ਚ ਦਿਵਾ ਸਕਦਾ ਹੈ। ਜਿਸ ਦੇ ਬਦਲੇ ਉਹ 5 ਹਜ਼ਾਰ ਰੁਪਏ ਕਮੀਸ਼ਨ ਲਵੇਗਾ। ਜਿਸ ਤੋਂ ਬਾਅਦ ਉਸ ਨੂੰ ਲਛਮਣ ਸਿੰਘ ਦੀ ਪਤਨੀ ਮਨਜੀਤ ਕੌਰ ਦਾ ਫੋਨ ਆਇਆ ਅਤੇ ਉਸ ਨੂੰ ਟ੍ਰੈਕਟਰ ਦਾ ਸੌਦਾ ਕਰਨ ਲਈ ਜਲਦੀ ਸੁੰਦਰ ਨਗਰ ਆਉਣ ਨੂੰ ਕਿਹਾ। ਜਿਸ ’ਤੇ ਉਹ ਜਦੋਂ ਸੁੰਦਰ ਨਗਰ ’ਚ ਉਨ੍ਹਾਂ ਦੇ ਘਰ ਆਪਣੇ ਮੋਟਰਸਾਈਕਲ ਪਲੈਟੀਨਾ ’ਤੇ ਪਹੁੰਚਿਆ ਤਾਂ ਉਸ ਦੇ ਘਰ ’ਚ 2 ਨੌਜਵਾਨ ਪਹਿਲਾਂ ਤੋਂ ਹੀ ਮੌਜੂਦ ਸਨ। ਜਦੋਂ ਉਸ ਨੇ ਉਕਤ ਲੋਕਾਂ ਨੂੰ ਟੈਕਟਰ ਵਿਖਾਉਣ ਨੂੰ ਕਿਹਾ ਤਾਂ ਉਨ੍ਹਾਂ ਨੇ ਉਸ ਨੂੰ ਟ੍ਰੈਕਟਰ ਵਿਖਾਉਣ ਦੇ ਬਹਾਨੇ ਕਮਰੇ ਦੇ ਅੰਦਰ ਸੱਦ ਲਿਆ ਅਤੇ ਕਮਰੇ ਦਾ ਦਰਵਾਜ਼ਾ ਜ਼ਬਰਦਸਤੀ ਬੰਦ ਕਰ ਦਿੱਤਾ। ਜਿਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਸਰੀਰ ਦੇ ਸਾਰੇ ਕਪਡ਼ੇ ਉਤਾਰ ਦਿੱਤੇ। ਜਿਸ ਤੋਂ ਬਾਅਦ ਉਥੇ ਇਕ ਹੋਰ ਵਿਅਕਤੀ ਪਹੁੰਚ ਗਿਆ। ਜਿਸ ਨੇ ਖਾਕੀ ਰੰਗ ਦੀ ਪਗਡ਼ੀ ਪਾਈ ਹੋਈ ਸੀ। ਉਕਤ ਵਿਅਕਤੀ ਨੇ ਖੁਦ ਨੂੰ ਪੁਲਸ ਕਰਮਚਾਰੀ ਦੱਸਦੇ ਹੋਏ ਉਸ ਦੀ ਨੰਗੀ ਹਾਲਤ ’ਚ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਖਾਲੀ ਕਾਗਜ਼ਾਂ ’ਤੇ ਉਸ ਦੇ ਦਸਤਖਤ ਕਰਵਾ ਲਏ। ਜਿਸ ਦੌਰਾਨ ਉਕਤ ਵਿਅਕਤੀ ਫੋਨ ’ਤੇ ਕਿਸੇ ਐੱਸ. ਐੱਚ. ਓ. ਰੈਂਕ ਦੇ ਅਫਸਰ ਨੂੰ ਆਪਣੇ ਘਰ ’ਚ ਇਕ ਵਿਅਕਤੀ ਦੇ ਦਾਖਲ ਹੋਣ ਸਬੰਧੀ ਸ਼ਿਕਾਇਤ ਕਰਨ ਲੱਗਾ ਅਤੇ ਉਸ ਨੂੰ ਘਰ ’ਚ ਪੁਲਸ ਕਰਮਚਾਰੀ ਭੇਜਣ ਦੀ ਗੱਲ ਕਹਿਣ ਲੱਗਾ।

ਜਿਸ ਦੌਰਾਨ ਸਾਰੇ ਮੁਲਜ਼ਮਾਂ ਨੇ ਉਸ ਨੂੰ ਡਰਾ-ਧਮਕਾ ਕੇ 8200 ਰੁਪਏ ਦੀ ਨਕਦੀ ਅਤੇ ਬਾਅਦ ’ਚ ਉਸ ਦੇ ਮੋਟਰਸਾਈਕਲ ’ਚ ਪਈ 18 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਇਸ ਤਰ੍ਹਾਂ ਕੁਲ 26,200 ਰੁਪਏ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਕਿਹਾ ਕਿ ਤੂੰ ਘਰ ’ਚ ਮੌਜੂਦ ਔਰਤ ਨਾਲ ਛੇਡ਼ਛਾਡ਼ ਕੀਤੀ ਹੈ। ਜਿਸ ਨੂੰ ਲੈ ਕੇ ਉਹ ਉਸ ’ਤੇ ਮੁਕੱਦਮਾ ਦਰਜ ਕਰਵਾ ਦੇਣਗੇ। ਇਸ ਲਈ ਜੇਕਰ ਉਸ ਨੇ ਮੁਕੱਦਮੇ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ 30 ਹਜ਼ਾਰ ਰੁਪਏ ਦੀ ਨਕਦੀ ਹੋਰ ਦੇਣੀ ਪਵੇਗੀ। ਇਹ ਪੈਸੇ ਉਨ੍ਹਾਂ ਨੇ ਇਕ ਐੱਸ. ਐੱਚ. ਓ. ਨੂੰ ਦੇਣੇ ਹਨ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਤੋਂ 30 ਹਜ਼ਾਰ ਦੇਣ ਦੇ ਬਦਲੇ ਉਸ ਦਾ ਮੋਟਰਸਾਈਕਲ ਖੋਹ ਕੇ ਆਪਣੇ ਕੋਲ ਰੱਖ ਲਿਆ। ਬਾਅਦ ’ਚ ਉਸਨਨੂੰ ਪਤਾ ਚਲਿਆ ਕਿ ਉਸ ਨੂੰ ਬਲੈਕਮੇਲ ਕਰਨ ਵਾਲੇ ਮੁਲਜ਼ਮਾਂ ਦੇ ਨਾਂ ਲਛਮਣ ਸਿੰਘ ਉਰਫ ਟਿੰਕੂ ਉਰਫ ਸੋਨੂ ਪੁੱਤਰ ਜੋਗਿੰਦਰ ਸਿੰਘ, ਨਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਡੋਗਰਾਂਵਾਲ ਕਪੂਰਥਲਾ, ਦੀਪਾ ਵਾਸੀ ਸੁੰਦਰ ਨਗਰ, ਸੌਰਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਭੁਲੱਥ ਕਪੂਰਥਲਾ ਅਤੇ ਮਨਜੀਤ ਕੌਰ ਪਤਨੀ ਲਛਮਣ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਹੈ।

ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਬਲਵੀਰ ਸਿੰਘ ਦੀ ਸ਼ਿਕਾਇਤ ’ਤੇ ਪੰਜਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ’ਚ ਛਾਪੇਮਾਰੀ ਕਰ ਕੇ ਮੁਲਜ਼ਮ ਲਛਮਣ ਸਿੰਘ , ਗੌਰਵ ਅਤੇ ਮਨਜੀਤ ਕੌਰ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਮੋਟਰਸਾਈਕਲ ਅਤੇ ਨਕਦੀ ਬਰਾਮਦ ਕਰ ਲਈ ਹੈ। ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿਛ ਦਾ ਦੌਰ ਜਾਰੀ ਹੈ । ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Bharat Thapa

This news is Content Editor Bharat Thapa