ਕੁੱਟਮਾਰ ਤੋਂ ਬਾਅਦ 20 ਸਾਲ ਦੀ ਵਿਦਿਆਰਥਣ ਨਾਲ ਛੇੜਛਾੜ, 3 ਗ੍ਰਿਫਤਾਰ

04/24/2019 2:47:39 AM

ਜਲੰਧਰ, (ਮਹੇਸ਼)– ਚੰਡੀਗੜ੍ਹ ਨਿਵਾਸੀ 20 ਸਾਲ ਦੀ ਇਕ ਵਿਦਿਆਰਥਣ ਨਾਲ 3 ਨੌਜਵਾਨਾਂ ਵਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ’ਚ ਮਹਿਲਾ ਇੰਸਪੈਕਟਰ ਊਸ਼ਾ ਰਾਣੀ ਨੇ ਵਿਦਿਆਰਥਣ ਦੇ ਬਿਆਨਾਂ ’ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸਦਰ ਦੇ ਮੁਖੀ ਇੰਸ. ਅਮਨਦੀਪ ਸਿੰਘ ਬਰਾੜ ਨੇ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਮੁਲਜ਼ਮਾਂ ਦੀ ਪਛਾਣ ਇਸ਼ਾਂਤ, ਦੀਪਕ ਅਤੇ ਪੰਕਜ ਦੱਸੀ, ਜੋ ਕਿ ਜਲੰਧਰ ਦੇ ਹੀ ਰਹਿਣ ਵਾਲੇ ਹਨ। ਸ਼ਿਕਾਇਤਕਰਤਾ ਵਿਦਿਆਰਥਣ ਨੇ ਕਿਹਾ ਕਿ ਇਸ਼ਾਂਤ ਉਸ ਦੇ ਨਾਲ ਪੜ੍ਹਦਾ ਹੈ। ਉਸ ਨੇ ਉਸ ’ਤੇ ਬੁਰੀ ਨਜ਼ਰ ਰੱਖਦੇ ਹੋਏ ਕੁੱਟਮਾਰ ਕਰਦਿਆਂ ਉਸ ਨਾਲ 66 ਫੁੱਟੀ ਰੋਡ ’ਤੇ ਛੇੜਛਾੜ ਕੀਤੀ ਅਤੇ ਬਾਅਦ ਵਿਚ ਆਪਣੇ ਦੋਸਤਾਂ ਨੂੰ ਵੀ ਉਥੇ ਬੁਲਾ ਲਿਆ। ਇੰਸ. ਬਰਾੜ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਨੂੰ ਕੱਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਚਰਚਾ ਸੀ ਕਿ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ ਹੈ ਪਰ ਪੁਲਸ ਜਾਂਚ ਵਿਚ ਲੜਕੀ ਦੇ ਬਿਆਨਾਂ ’ਚ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ। ਸੂਚਨਾ ਮਿਲੀ ਹੈ ਕਿ ਲੜਕੀ ਉਕਤ ਸਬੰਧ ਵਿਚ ਆਪਣੀ ਸ਼ਿਕਾਇਤ ਲੈ ਕੇ ਬੱਸ ਅੱਡਾ ਚੌਕੀ ਵਿਚ ਪਹੁੰਚੀ ਸੀ ਪਰ ਉਥੇ ਏਰੀਆ ਨਾ ਹੋਣ ਕਾਰਨ ਮਾਮਲਾ ਥਾਣਾ ਸਦਰ ਵਿਚ ਪਹੁੰਚ ਗਿਆ ਅਤੇ ਪੁਲਸ ਨੇ ਦੁਪਹਿਰ ਨੂੰ ਹੀ ਕੇਸ ਦਰਜ ਕਰ ਕੇ ਮੁਲਜ਼ਮ ਦਬੋਚ ਲਏ।

Bharat Thapa

This news is Content Editor Bharat Thapa