20 ਸਾਲਾ ਢਾਬਾ ਚਲਾਉਣ ਵਾਲਾ ਨੌਜਵਾਨ ਅਤੇ ਉਸਦਾ ਸਾਥੀ 10 ਕਿਲੋ ਚੂਰਾ-ਪੋਸਤ ਸਮੇਤ ਗ੍ਰਿਫ਼ਤਾਰ

07/27/2020 10:48:10 AM

ਜਲੰਧਰ - 20 ਸਾਲਾ ਢਾਬਾ ਚਲਾਉਣ ਵਾਲੇ ਨੌਜਵਾਨ ਅਤੇ ਉਸਦੇ ਸਾਥੀ ਨੂੰ ਕਾਰ ’ਤੇ ਚੂਰਾ-ਪੋਸਤ ਦੀ ਸਪਲਾਈ ਦੇਣ ਜਾਂਦਿਆਂ ਥਾਣਾ ਮਕਸੂਦਾਂ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ। ਪੁਲਸ ਨੇ ਉਨ੍ਹਾਂ ਕੋਲੋਂ 10 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ। ਕਾਬੂ ਨੌਜਵਾਨਾਂ ਦੀ ਪਛਾਣ 20 ਸਾਲਾ ਕਰਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਨਿਜ਼ਾਮਦੀਨਪੁਰ (ਭੋਗਪੁਰ) ਅਤੇ ਸੰਦੀਪ ਕੁਮਾਰ ਪੁੱਤਰ ਜੋਗਿੰਦਰ ਪਾਲ ਸਿੰਘ ਨਿਵਾਸੀ ਜਾਮਲਪੁਰ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਮਕਸੂਦਾਂ ਦੇ ਸਬ-ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂਰਪੁਰ ਪਿੰਡ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਕਤ ਨੌਜਵਾਨ ਕਾਰ ’ਤੇ ਆ ਰਹੇ ਸਨ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ’ਚੋਂ 10 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਕਰਨਪ੍ਰੀਤ ਸਿੰਘ, ਜੋ ਕਿ ਭੋਗਪੁਰ ’ਚ ਆਪਣੇ ਪਿਤਾ ਨਾਲ ਢਾਬਾ ਚਲਾਉਂਦਾ ਹੈ, ਜਲਦੀ ਅਮੀਰ ਬਣਨ ਦੇ ਚੱਕਰ ’ਚ ਚੂਰਾ-ਪੋਸਤ ਵੇਚਣ ਦਾ ਕਾਰੋਬਾਰ ਵੀ ਕਰਦਾ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਦੋਵਾਂ ’ਤੇ ਕਿੰਨੇ ਮੁਕੱਦਮੇ ਦਰਜ ਹਨ ਅਤੇ ਇਹ ਚੂਰਾ-ਪੋਸਤ ਕਿਸ ਕੋਲੋਂ ਖਰੀਦ ਕੇ ਲਿਆਏ ਸਨ ਅਤੇ ਕਿਸ ਨੂੰ ਸਪਲਾਈ ਦੇਣ ਜਾ ਰਹੇ ਸਨ। ਇਸ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Harinder Kaur

Content Editor

Related News