ਜ਼ਹਿਰੀਲਾ ਪਾਣੀ ਪੀਣ ਨਾਲ 20 ਮੱਝਾਂ ਮਰੀਆਂ

07/27/2020 5:12:12 PM

ਹੁਸ਼ਿਆਰਪੁਰ (ਜਸਵਿੰਦਰਜੀਤ) - ਅੱਜ ਸਵੇਰੇ ਪਿੰਡ ਚੱਕੋਵਾਲ ਬ੍ਰਾਹਮਣਾਂ ਵਿਖੇ ਗੁੱਜਰਾਂ ਦੇ ਡੇਰੇ ਵਿਚ ਜ਼ਹਿਰੀਲਾ ਪਾਣੀ ਪੀਣ ਨਾਲ 20 ਮੱਝਾਂ ਮਰਨ ਦਾ ਸਮਾਚਾਰ ਪ੍ਰਾਪਤ ਹੋੲਿਆ ਹੈ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਚੱਕੋਵਾਲ ਬ੍ਰਾਹਮਣਾਂ ਦੇ ਲਤੀਫ ਸ਼ਾਹ ਪੁੱਤਰ ਮਸਕੀਨ ਸ਼ਾਹ ਨੇ ਕਰੀਬ 35 ਮੱਝਾਂ ਰੱਖੀਆਂ ਹੋਈਆਂ ਸਨ। ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਵੀ ਮੱਝਾਂ ਨੂੰ ਘਰੋਂ ਪਾਣੀ ਪਿਆਉਣ ਤੋਂ ਬਾਅਦ ਚਾਰਨ ਲਈ ਲੈ ਕੇ ਗਿਆ ਸੀ। ਕੁਝ ਦੇਰ ਬਾਅਦ ਖੇਤਾਂ ਵਿਚ ਕਈ ਮੱਝਾਂ ਡਿੱਗਣ ਤੋਂ ਬਾਅਦ ਬੇਹੋਸ਼ ਹੋ ਗਈਆਂ, ਥੋੜ੍ਹੇ ਹੀ ਸਮੇਂ ਅੰਦਰ 20 ਮੱਝਾਂ ਮਰ ਗਈਆਂ। ਪੀੜਤ ਵਿਅਕਤੀ ਵੱਲੋਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੂੰ ਮੱਝਾਂ ਦੇ ਬੇਹੋਸ਼ ਹੋਣ ਬਾਰੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਨਾਲ ਵੀ ਰਾਬਤਾ ਕਾੲਿਮ ਕੀਤਾ। ਇਸ ਮੌਕੇ ਪੀੜਤ ਲਤੀਫ ਸ਼ਾਹ ਨੇ ਦੱਸਿਆ ਕਿ 20 ਮੱਝਾਂ ਮਰਨ ਨਾਲ 10 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਿਜ਼ਲਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮੌਕੇ ਸਰਪੰਚ ਸਤਨਾਮ ਸਿੰਘ, ਗਾਮਾ ਸ਼ਾਹ, ਹਨੀਫ ਸ਼ਾਹ ਤੋਂ ਇਲਾਵਾ ਪਿੰਡ ਅਤੇ ਆਸਪਾਸ ਦੇ ਲੋਕ ਹਾਜ਼ਰ ਸਨ।

ਇਸ ਮੌਕੇ ਇਹ ਵੀ ਪਤਾ ਚੱਲਿਆ ਕਿ  ਟਿਊਬਵੈੱਲ ਵਿਚੋਂ ਪਾਣੀ ਘੱਟ ਨਿਕਲਣ ਕਾਰਨ ਇਸ ਵਿਚ ਯੂਰੀਆ ਪਾਇਆ ਗਿਆ ਸੀ ਤਾਂ ਜੋ ਟਿਊਬਵੈੱਲ ਦੇ ਪਾਣੀ ਨੂੰ ਵਧਾਇਆ ਜਾਵੇ। ਇਸ ਘਟਨਾ ਦੇ ਵਾਪਰਨ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Harinder Kaur

This news is Content Editor Harinder Kaur