ਦੇਸੀ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਣੇ 2 ਕਾਬੂ

05/15/2020 7:29:07 PM

ਨਵਾਂਸ਼ਹਿਰ,(ਤ੍ਰਿਪਾਠੀ)- ਨਵਾਂਸ਼ਹਿਰ ਦੀ ਪੁਲਸ ਨੇ ਸਕੂਟੀ ਸਵਾਰ 2 ਨੌਜਵਾਨਾਂ ਨੂੰ ਦੇਸੀ ਪਿਸਤੌਲ ਅਤੇ 6 ਜਿੰਦਾ ਕਾਰਤੂਸਾਂ ਸਣੇ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਸੀ.ਆਈ.ਏ. ਸਟਾਫ ਤੋਂ ਮੇਨ ਰੋਡ ਹੁੰਦੇ ਹੋਏ ਬੰਗਾ ਵੱਲ ਜਾ ਰਹੇ ਸਨ ਕਿ ਮੁੱਖ ਮਾਰਗ 'ਤੇ ਲਾਲ ਦੇ ਢਾਬੇ ਨੇੜੇ ਸਵਾਰੀਆਂ ਦੇ ਰੁਕਣ ਲਈ ਬਣੇ ਠਹਿਰਾਓ ਘਰ ਵਿਖੇ ਇਕ ਨੌਜਵਾਨ ਸਕੂਟੀ 'ਤੇ ਬੈਠਾ ਦਿਖਿਆ। ਜੋ ਪੁਲਸ ਨੂੰ ਦੇਖ ਘਬਰਾ ਗਿਆ ਅਤੇ ਉੱਥੋਂ ਦੌੜਨ ਦੀ ਕੋਸ਼ਿਸ਼ ਕਰਨ ਲੱਗਾ। ਥਾਣੇਦਾਰ ਨੇ ਦੱਸਿਆ ਕਿ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਉਪਰੋਕਤ ਨੌਜਵਾਨ, ਜਿਸਦੀ ਪਛਾਣ ਦਲੀਪ ਕੁਮਾਰ ਉਰਫ ਘੁਗਰੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਨਵਾਂਸ਼ਹਿਰ ਨੂੰ ਕਾਬੂ ਕਰਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਉਪਰੰਤ ਉਸਦੇ ਸਾਥੀ ਹਰਮਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਦੇ ਤੌਰ 'ਤੇ ਕੀਤੀ ਗਈ ਹੈ, ਨੂੰ ਗ੍ਰਿਫਤਾਰ ਕਰਕੇ 4 ਜਿੰਦਾ ਕਾਰਤੂਸ ਬਰਾਮਦ ਕੀਤੇ।
ਰਾਜਸਥਾਨ ਤੋਂ 22 ਹਜ਼ਾਰ ਰੁਪਏ 'ਚ ਖਰੀਦਿਆ ਸੀ ਦੇਸੀ ਰਿਵਾਲਵਰ
ਜਾਂਚ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਉਪਰੋਕਤ ਨੌਜਵਾਨਾਂ ਨੇ ਦੇਸੀ ਪਿਸਤੌਲ ਰਾਜਸਥਾਨ ਤੋਂ 22 ਹਜ਼ਾਰ ਰੁਪਏ 'ੱਚ ਖਰੀਦਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਆਰੋਪੀਆਂ ਦੇ ਖਿਲਾਫ ਪਹਿਲਾਂ ਕੋਈ ਅਪਰਾਧਕ ਮਾਮਲਾ ਦਰਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਆਰੋਪੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਆਰੋਪੀਆਂ ਤੋਂ ਦੇਸੀ ਪਿਸਤੌਲ ਖਰੀਦਣ ਦੇ ਕਾਰਣਾਂ ਦਾ ਖੁਲਾਸਾ ਹੋ ਸਕੇ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਦੇ ਖਿਲਾਫ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਆਰਮ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa