ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਚੜ੍ਹੇ ਪੁਲਸ ਅੜਿੱਕੇ

01/13/2020 6:03:28 PM

ਜਲੰਧਰ (ਕਮਲੇਸ਼, ਜੋਤੀ, ਸੋਨੂੰ)— ਜਲੰਧਰ ਪੁਲਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੇ ਕੋਲੋਂ ਚੋਰੀ ਕੀਤੀ ਗਈ 1 ਲੱਖ ਦੀ ਨਕਦੀ, 12 ਗ੍ਰਾਮ ਸੋਨੇ ਦੀ ਚੇਨ ਅਤੇ ਹੋਰ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਪ੍ਰੈੱਸ ਵਾਰਤਾ ਦੌਰਾਨ ਪੁਲਸ ਅਧਿਕਾਰੀ ਡੀ ਸੁਡਰਵਿਜੀ ਨੇ ਦੱਸਿਆ ਕਿ ਪਿਛਲੇ ਸਾਲ ਬਾਰਾਦਰੀ ਥਾਣੇ 'ਚ ਇਕ ਘਰ 'ਚ ਹੋਈ ਚੋਰੀ ਦਾ ਕੇਸ ਦਰਜ ਹੋਇਆ ਸੀ, ਜਿਸ ਨੂੰ ਲੈ ਕੇ ਪੁਲਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਪੁਲਸ ਵੱਲੋਂ ਗੁਰੂ ਨਾਨਕਪੁਰਾ ਇਲਾਕੇ 'ਚ ਨਾਕਾਬੰਦੀ ਕੀਤੀ ਹੋਈ ਸੀ ਕਿ ਚੈਕਿੰਗ ਦੌਰਾਨ 2 ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਗਿਆ ਅਤੇ ਪੁੱਛਗਿੱਛ ਕਰਨ 'ਤੇ ਚੋਰੀ ਦੀਆਂ ਵਾਰਦਾਤਾਂ ਦਾ ਖੁਲਾਸਾ ਹੋਇਆ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਦੀਪਕ ਕੁਮਾਰ ਉਰਫ ਦੀਪਾ ਪੁੱਤਰ ਗੁਰਦਿੱਤਾ ਮੱਲ ਅਤੇ ਨਵਜੀਤ ਕੁਮਾਰ ਉਰਫ ਨਾਣਾ ਪੁੱਤਰ ਤੀਰਥ ਰਾਮ ਵਾਸੀਅਨ ਪਿੰਡ ਬੋਲੀਨਾ ਦੇ ਰੂਪ 'ਚ ਹੋਈ ਹੈ। ਦੀਪਕ 'ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ 7 ਮਾਮਲੇ ਦਰਜ ਹਨ ਅਤੇ ਨਵਜੀਤ 'ਤੇ ਇਕ ਮਾਮਲਾ ਦਰਜ ਹੈ। ਪੁੱਛਗਿੱਛ 'ਚ ਦੋਹਾਂ ਨੇ ਸ਼ਹਿਰ ਅਤੇ ਸ਼ਹਿਰ ਦੇ ਬਾਹਰੀ ਹਿੱਸਿਆਂ 'ਚ ਕੀਤੀਆਂ ਗਈਆਂ 6 ਚੋਰੀ ਦੀਆਂ ਵਾਰਦਾਤਾਂ ਨੂੰ ਕਬੂਲ ਕੀਤਾ। ਇਹ ਦੋਵੇਂ ਨਸ਼ੇ ਦੀ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।


shivani attri

Content Editor

Related News