ਚੋਰੀਆਂ ਤੇ ਲੁੱਟਖੋਹ ਦੇ 8 ਮਾਮਲਿਆਂ ''ਚ ਨਾਮਜ਼ਦ ਲਦੇਨ ਸਾਥੀ ਸਣੇ ਗ੍ਰਿਫਤਾਰ

01/12/2020 4:20:33 PM

ਜਲੰਧਰ (ਮਹੇਸ਼)— ਥਾਣਾ ਸਦਰ ਦੀ ਪੁਲਸ ਨੇ ਚੋਰੀਆਂ ਅਤੇ ਲੁੱਟਖੋਹ ਦੇ 8 ਮਾਮਲਿਆਂ 'ਚ ਨਾਮਜ਼ਦ ਲਦੇਨ ਨਾਮੀ ਮੁਲਜ਼ਮ ਨੂੰ ਉਸ ਦੇ ਸਾਥੀ ਸਣੇ ਗ੍ਰਿਫਤਾਰ ਕੀਤਾ ਹੈ। ਏ. ਡੀ. ਸੀ. ਪੀ. ਸਿਟੀ 2 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਐੱਸ. ਐੱਚ. ਓ. ਸਦਰ ਮਨਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਜੰਡਿਆਲਾ ਰੋਡ 'ਤੇ ਪਿੰਡ ਭੰਗਾਲਾ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬਿਨਾਂ ਨੰਬਰੀ ਆਟੋ 'ਚ ਬੈਠੇ 2 ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਕ ਨੇ ਆਪਣਾ ਨਾਂ ਸੁਰਿੰਦਰਪਾਲ ਉਰਫ ਲਦੇਨ ਵਾਸੀ ਪਿੰਡ ਆਦਰਾਮਾਨ ਥਾਣਾ ਸ਼ਾਹਕੋਟ ਦਿਹਾਤ ਪੁਲਸ ਜਲੰਧਰ ਅਤੇ ਦੂਜੇ ਨੇ ਜਤਿੰਦਰ ਸਿੰਘ ਉਰਫ ਕਸ਼ਮੀਰ ਸਿੰਘ ਵਾਸੀ ਪਿੰਡ ਖੁਰਲਾਪੁਰ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਦੱਸਿਆ।

ਉਨ੍ਹਾਂ ਦੇ ਆਟੋ 'ਤੇ ਬੋਰ ਕਰਨ ਵਾਲੇ 4 ਪਾਈਪਾਂ ਅਤੇ ਹੋਰ ਸਾਮਾਨ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਲਦੇਨ ਨੇ ਦੱਸਿਆ ਕਿ ਇਹ ਸਾਮਾਨ ਚੋਰੀ ਦਾ ਹੈ, ਜੋ ਕਿ ਉਨ੍ਹਾਂ ਪਿੰਡ ਬ੍ਰਾਹਮਣੀਆਂ ਤੋਂ ਚੋਰੀ ਕੀਤਾ ਸੀ ਅਤੇ ਵੇਚਣ ਲਈ ਕਿਸੇ ਕੋਲ ਜਾ ਰਹੇ ਸਨ। ਏ. ਡੀ. ਸੀ. ਪੀ. ਭੰਡਾਲ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਰਿਸ਼ਤੇ 'ਚ ਮਾਮਾ-ਭਾਣਜਾ ਲੱਗਦੇ ਹਨ। ਲਦੇਨ ਮਾਮਾ ਅਤੇ ਜਤਿੰਦਰ ਭਾਣਜਾ ਹੈ। ਦੋਵਾਂ ਖਿਲਾਫ ਥਾਣਾ ਸਦਰ 'ਚ ਆਈ. ਪੀ. ਸੀ. ਦੀ ਧਾਰਾ 379 ਅਤੇ 411 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਲਦੇਨ ਦੇ ਖਿਲਾਫ ਥਾਣਾ ਸ਼ਾਹਕੋਟ ਅਤੇ ਥਾਣਾ ਮਹਿਤਪੁਰ ਸਣੇ ਕਈ ਥਾਣਿਆਂ 'ਚ ਕੇਸ ਦਰਜ ਹਨ, ਜਿਨ੍ਹਾਂ 'ਚ ਉਹ ਜੇਲ ਵੀ ਜਾ ਚੁੱਕਾ ਹੈ। ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਫਿਰ ਉਹ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਕਰਨ ਲੱਗ ਪੈਂਦਾ ਹੈ। ਹੁਣ ਉਸ ਨੇ ਆਪਣੇ ਭਾਣਜੇ ਜਤਿੰਦਰ ਨੂੰ ਵੀ ਆਪਣੇ ਨਾਲ ਰਲਾ ਲਿਆ ਅਤੇ ਮਾਮਾ-ਭਾਣਜਾ ਮਿਲ ਕੇ ਵਾਰਦਾਤਾਂ ਕਰ ਰਹੇ ਸਨ। ਦੋਵਾਂ ਨੂੰ ਕੱਲ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਦਾ ਮੰਨਣਾ ਹੈ ਕਿ ਕੋਈ ਕਾਗਜ਼ਾਤ ਅਤੇ ਨੰਬਰ ਨਾ ਹੋਣ ਕਾਰਨ ਆਟੋ ਵੀ ਚੋਰੀ ਦਾ ਹੋ ਸਕਦਾ ਹੈ।


shivani attri

Content Editor

Related News