3 ਲੱਖ ਦੀ ਡਰੱਗ ਮਨੀ ਤੇ ਹੈਰੋਇਨ ਦੀ ਖੇਪ ਸਣੇ 2 ਕਾਰ ਸਵਾਰ ਗ੍ਰਿਫ਼ਤਾਰ

07/19/2020 10:47:32 AM

ਕਪੂਰਥਲਾ (ਭੂਸ਼ਣ/ਮਲਹੋਤਰਾ)— ਐੱਸ. ਟੀ. ਐੱਫ. ਕਪੂਰਥਲਾ ਅਤੇ ਕਪੂਰਥਲਾ ਪੁਲਸ ਦੀ ਟੀਮ ਨੇ ਇਕ ਸਥਾਨਕ ਆਪਰੇਸ਼ਨ ਦੌਰਾਨ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਦੌਰਾਨ ਇਕ ਕਰੇਟਾ ਗੱਡੀ 'ਚੋਂ 3 ਲੱਖ ਰੁਪਏ ਦੀ ਡਰੱਗ ਮਨੀ ਅਤੇ 25 ਗ੍ਰਾਮ ਹੈਰੋਇਨ ਦੀ ਖੇਪ ਨਾਲ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਜਾਣਕਾਰੀ ਅਨੁਸਾਰ ਐੱਸ. ਟੀ. ਐੱਫ. ਕਪੂਰਥਲਾ ਦੇ ਡੀ. ਐੱਸ. ਪੀ. ਸੁਰਜੀਤ ਸਿੰਘ ਅਤੇ ਡੀ. ਐੱਸ. ਪੀ. ਸਬ-ਡਵੀਜ਼ਨ ਕਪੂਰਥਲਾ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਸ ਟੀਮਾਂ ਨੇ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਟੀਮਾਂ ਨੂੰ ਇਕ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਕਰੇਟਾ ਕਾਰ 'ਚ 2 ਸ਼ੱਕੀ ਵਿਅਕਤੀ ਭਾਰੀ ਮਾਤਰਾ 'ਚ ਡਰੱਗ ਮਨੀ ਅਤੇ ਹੈਰੋਇਨ ਦੀ ਖੇਪ ਨਾਲ ਕਪੂਰਥਲਾ ਸ਼ਹਿਰ ਵੱਲ ਜਾ ਰਹੇ ਸਨ, ਜਿਸ 'ਤੇ ਪੁਲਸ ਟੀਮ ਨੇ ਵਾਹਨਾਂ ਦੀ ਚੈਕਿੰਗ ਦਾ ਕੰਮ ਤੇਜ਼ ਕਰ ਦਿੱਤਾ, ਜਿਸ ਦੌਰਾਨ ਜਦੋਂ ਉਕਤ ਤੇਜ਼ ਰਫਤਾਰ ਕਰੇਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਨੂੰ ਤੇਜ਼ੀ ਨਾਲ ਭਜਾਉਣ ਦਾ ਯਤਨ ਕੀਤਾ ਪਰ ਪੁਲਸ ਟੀਮ ਨੇ ਘੇਰਾਬੰਦੀ ਕਰਕੇ ਕਾਰ 'ਚ ਸਵਾਰ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਪੁੱਛਗਿੱਛ ਦੌਰਾਨ ਦੋਵੇਂ ਮੁਲਜ਼ਮਾਂ ਨੇ ਆਪਣੇ ਨਾਮ ਰਮਨ ਕੁਮਾਰ ਉਰਫ ਰੰਮੀ ਪੁੱਤਰ ਦਾਸ ਰਾਮ ਵਾਸੀ ਜਵਾਹਰ ਨਗਰ, ਜ਼ਿਲਾ ਲੁਧਿਆਣਾ ਅਤੇ ਗਗਨ ਕੁਮਾਰ ਉਰਫ ਗੁਲਾਟੀ ਪੁੱਤਰ ਅਸ਼ੋਕ ਕੁਮਾਰ ਵਾਸੀ ਤਾਜਪੁਰ ਰੋਡ ਲੁਧਿਆਣਾ ਦੱਸਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕਾਰ 'ਚੋਂ 3 ਲੱਖ ਰੁਪਏ ਦੀ ਡਰੱਗ ਮਨੀ ਅਤੇ 25 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ। ਦੋਵਾਂ ਮੁਲਜ਼ਮਾਂ ਨੂੰ ਸ਼ਨੀਵਾਰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿੱਥੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।


shivani attri

Content Editor

Related News