ਸਨੈਚਰ ਨਾਲ ਮਿਲ ਕੇ ਨਸ਼ੇੜੀ ਨੇ ATM ’ਚੋਂ ਕੱਢੇ ਲੋਕਾਂ ਦੇ ਪੈਸੇ, ਦੋਵੇਂ ਗ੍ਰਿਫਤਾਰ

02/26/2020 3:44:07 PM

ਜਲੰਧਰ (ਵਰੁਣ)— ਏ. ਟੀ. ਐੱਮ. ਬਦਲ ਕੇ ਪੈਸੇ ਠੱਗਣ ਦੀ ਯੋਜਨਾ ਤਿਆਰ ਕਰ ਕੇ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਨੂੰ ਠੱਗ ਰਹੇ ਸਨੈਚਰ ਅਤੇ ਨਸ਼ੇੜੀ ਨੂੰ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਦੋਵੇਂ ਮੁਲਜ਼ਮ ਦੋ ਮਹੀਨੇ ਪਹਿਲਾਂ ਹੀ ਨਸ਼ਾ ਅਤੇ ਸਨੈਚਿੰਗ ਦੇ ਕੇਸ ਤੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਸਨ। ਮੁਲਜ਼ਮਾਂ ਨੇ ਜਨਵਰੀ ਮਹੀਨੇ ’ਚ ਮਾਡਲ ਟਾਊਨ ਇਲਾਕੇ ’ਚ ਇਕ ਔਰਤ ਤੋਂ ਪਰਸ ਵੀ ਖੋਹਿਆ ਸੀ।

ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ’ਚ ਉਨ੍ਹਾਂ ਦੀ ਟੀਮ ਨੇ ਪ੍ਰਿਥਵੀ ਨਗਰ ਚੌਕ ’ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਇਕ ਬਿਨਾਂ ਨੰਬਰ ਦੇ ਮੋਟਰਸਾਈਕਲ ਨੂੰ ਆਉਂਦਾ ਦੇਖ ਕੇ ਸੀ. ਆਈ. ਏ. ਸਟਾਫ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਨੇ ਮੋਟਰਸਾਈਕਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੋਟਰਸਾਈਕਲ ’ਤੇ ਸਵਾਰ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਦੋਵਾਂ ਨੌਜਵਾਨਾਂ ਤੋਂ ਦੋ ਦਾਤਰ ਬਰਾਮਦ ਹੋਏ ਅਤੇ ਵੱਖ-ਵੱਖ ਬੈਂਕਾਂ ਦੇ ਚਾਰ ਏ. ਟੀ. ਐੱਮ. ਕਾਰਡ, ਇਕ ਮੋਬਾਇਲ ਵੀ ਮਿਲਿਆ। ਪੁੱਛਗਿੱਛ ’ਚ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਮਿਸ਼ਰੀ ਲਾਲ ਵਾਸੀ ਸਟਾਰ ਪੈਰਾਡਾਈਜ਼ ਕਾਲੋਨੀ ਅਤੇ ਸੂਰਜ ਉਰਫ ਮੋਹਿਤ ਪੁੱਤਰ ਜਸਵੀਰ ਸਿੰਘ ਵਾਸੀ ਨਿਊ ਉਪਕਾਰ ਨਗਰ ਵਜੋਂ ਹੋਈ।

ਏ. ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਵਲੋਂ ਕੀਤੀ ਗਈ ਜਾਂਚ ’ਚ ਪਤਾ ਲੱਗਾ ਕਿ ਦੀਪਕ ਅਤੇ ਸੂਰਜ ਦੋ ਮਹੀਨੇ ਪਹਿਲਾਂ ਹੀ ਜੇਲ ’ਚੋਂ ਆਏ ਸਨ, ਜਿਨ੍ਹਾਂ ਨੇ ਇਕੱਠੇ ਨਕੋਦਰ, ਭੋਗਪੁਰ, ਲੰਮਾ ਪਿੰਡ ਚੌਕ, ਸ਼ਾਹਕੋਟ, ਸੋਢਲ ਅਤੇ ਰਾਮਾ ਮੰਡੀ ਸਮੇਤ ਹੋਰ ਇਲਾਕਿਆਂ ’ਚ ਏ. ਟੀ. ਐੱਮ. ਤੋਂ ਪੈਸੇ ਕੱਢਣ ਆਏ ਲੋਕਾਂ ਨੂੰ ਆਪਣੀਆਂ ਗੱਲਾਂ ’ਚ ਲੈ ਕੇ ਉਨ੍ਹਾਂ ਦੀ ਮਦਦ ਦੇ ਬਹਾਨੇ ਲੋਕਾਂ ਦੇ ਏ. ਟੀ. ਐੱਮ. ਕਾਰਡ ਦਾ ਪਾਸਵਰਡ ਲੈ ਲੈਂਦੇ ਸਨ ਅਤੇ ਕਾਫ਼ੀ ਚਲਾਕੀ ਨਾਲ ਉਨ੍ਹਾਂ ਦੇ ਕਾਰਡ ਵੀ ਬਦਲ ਲੈਂਦੇ ਸਨ। ਇਸ ਤਰ੍ਹਾਂ ਉਕਤ ਮੁਲਜ਼ਮਾਂ ਨੇ ਦਰਜਨ ਦੇ ਕਰੀਬ ਵਾਰਦਾਤਾਂ ਕੀਤੀਆਂ, ਜਦਕਿ ਜਨਵਰੀ 2019 ’ਚ ਦੋਵੇ ਮੁਲਜ਼ਮਾਂ ਨੇ ਬਰਾਮਦ ਹੋਏ ਮੋਟਰਸਾਈਕਲ ’ਤੇ ਹੀ ਮਾਡਲ ਟਾਊਨ ਇਲਾਕੇ ’ਚ ਇਕ ਔਰਤ ਦਾ ਪਰਸ ਵੀ ਖੋਹਿਆ ਸੀ। ਉਕਤ ਮੁਲਜ਼ਮ ਥਾਣਾ ਨੰ. 2 ਅਤੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਧੋਖਾਦੇਹੀ ਦੇ ਕੇਸ ’ਚ ਲੋੜੀਂਦੇ ਹਨ। ਜਾਂਚ ’ਚ ਪਤਾ ਲੱਗਾ ਕਿ ਦੀਪਕ ਸੋਢਲ ਇਲਾਕੇ ’ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਚ ਕੰਮ ਕਰਦਾ ਸੀ। 2017 ’ਚ ਨਸ਼ਾ ਵੇਚਣ ਲੱਗਾ। 2017 ’ਚ ਥਾਣਾ ਮਕਸੂਦਾਂ ਅਤੇ 2018 ’ਚ ਥਾਣਾ ਭੋਗਪੁਰ ਦੇ ਇਲਾਕਿਆਂ ’ਚ ਮੁਲਜ਼ਮ ਨਸ਼ਾ ਵੇਚਦਾ ਫੜਿਆ ਗਿਆ ਸੀ।

ਮੁਲਜ਼ਮ ਖਿਲਾਫ ਹੁਸ਼ਿਆਰਪੁਰ ਦੇ ਗੜ੍ਹਦੀਵਾਲ ਅਤੇ ਫਗਵਾੜਾ ’ਚ ਵੀ ਕੇਸ ਦਰਜ ਹਨ। ਨਸ਼ਾ ਵੇਚਣ ਦੇ ਕੇਸ ’ਚ ਦੀਪਕ ਨੂੰ ਜੇਲ ਭੇਜ ਦਿੱਤਾ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਪੇਸ਼ੇ ਤੋਂ ਸਨੈਚਿੰਗ ਕਰਨ ਵਾਲੇ ਸੂਰਜ ਨਾਲ ਹੋਈ। ਸੂਰਜ ਖਿਲਾਫ ਵੀ ਵੱਖ-ਵੱਖ ਥਾਣਿਆਂ ’ਚ ਸਨੈਚਿੰਗ ਦੇ ਕੇਸ ਦਰਜ ਹਨ, ਜਿਨ੍ਹਾਂ ਨੇ ਜੇਲ ’ਚ ਹੀ ਸਾਰੀ ਪਲਾਨਿੰਗ ਕੀਤੀ ਅਤੇ ਦੋ ਮਹੀਨੇ ਪਹਿਲਾਂ ਹੀ ਜੇਲ ਤੋਂ ਆਉਣ ਤੋਂ ਬਾਅਦ ਏ. ਟੀ. ਐੱਮ. ਤੋਂ ਲੋਕਾਂ ਦੇ ਪੈਸੇ ਕੱਢਣ ਤੋਂ ਇਲਾਵਾ ਸਨੈਚਿੰਗ ਦੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੂਰਜ ਇੰਡੀਅਨ ਆਇਲ ਦੀ ਗੱਡੀ ’ਚ ਕੰਡਕਟਰ ਹੈ। ਦੋਵਾਂ ਮੁਲਜ਼ਮਾਂ ਤੋਂ ਹੋਰ ਕੇਸਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

 


shivani attri

Content Editor

Related News