ਨਸ਼ੇ ਵਾਲੇ ਪਦਾਰਥਾਂ ਸਮੇਤ 2 ਕਾਬੂ

06/24/2018 12:13:22 PM

ਕਪੂਰਥਲਾ (ਭੂਸ਼ਣ)— ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਨਾਕਾਬੰਦੀ ਦੌਰਾਨ 100 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਲੱਖਾਂ ਰੁਪਏ ਦੱਸੀ ਜਾਂਦੀ ਹੈ। ਮੁਲਜ਼ਮ ਖਿਲਾਫ ਥਾਣਾ ਸਦਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।  ਜਾਣਕਾਰੀ ਅਨੁਸਾਰ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਦੀ ਨਿਗਰਾਨੀ 'ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ ਨੇ ਪੁਲਸ ਟੀਮ ਨਾਲ ਪਿੰਡ ਕਾਹਲਵਾਂ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ, ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਂ ਕਸ਼ਮੀਰ ਸਿੰਘ ਖੀਰਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਲਾਟੀਆਵਾਲ ਥਾਣਾ ਸੁਲਤਾਨਪੁਰ ਲੋਧੀ ਦੱਸਿਆ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਬਰਾਮਦ ਹੈਰੋਇਨ ਉਸ ਨੂੰ ਜ਼ਿਲਾ ਮੋਗਾ ਦੇ ਪਿੰਡ ਦੋਲੋਵਾਲ ਵਾਸੀ ਇਕ ਡਰੱਗ ਸਮੱਗਲਰ ਦੇ ਕੇ ਗਿਆ ਸੀ ਅਤੇ ਉਸ ਨੇ ਹੈਰੋਇਨ ਦੀ ਇਹ ਖੇਪ ਆਪਣੇ ਖਾਸ ਗਾਹਕਾਂ ਨੂੰ ਵੰਡਣੀ ਸੀ। ਇਹ ਖਾਸ ਗਾਹਕ ਕੌਣ ਸਨ, ਇਸ ਸਬੰਧੀ ਪੁੱਛਗਿੱਛ ਦਾ ਦੌਰ ਜਾਰੀ ਹੈ। 
ਇਸੇ ਤਰ੍ਹਾਂ ਥਾਣਾ ਸੁਭਾਨਪੁਰ ਦੀ ਪੁਲਸ ਨੇ ਇਕ ਨੌਜਵਾਨ ਨੂੰ ਨਸ਼ੇ ਵਾਲੇ ਪਦਾਰਥ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਚ. ਓ. ਸੁਭਾਨਪੁਰ ਹਰਦੀਪ ਸਿੰਘ ਨੇ ਦੱਸਿਆ ਕਿ ਥਾਣਾ ਸੁਭਾਨਪੁਰ ਦੀ ਪੁਲਸ ਪਾਰਟੀ ਥਾਣੇ ਤੋਂ ਹਮੀਰਾ, ਲੱਖਣ ਖੋਲੇ ਵੱਲ ਗਸ਼ਤ ਕਰਦੀ ਜਾ ਰਹੀ ਸੀ, ਜਦੋਂ ਪੁਲਸ ਪਾਰਟੀ ਟੀ-ਪੁਆਇੰਟ ਲੱਖਣ ਖੋਲੇ ਪੁੱਜੀ ਤਾਂ ਸਾਹਮਣਿਓਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾਉਂਦੇ ਹੋਏ ਆਪਣੇ ਹੱਥ 'ਚ ਫੜਿਆ ਲਿਫਾਫਾ ਸੁੱਟ ਕੇ ਮੁੜਨ ਲੱਗਾ ਤਾਂ ਪੁਲਸ ਪਾਰਟੀ ਨੇ ਮੁਸਤੈਦੀ ਵਰਤਦਿਆਂ ਉਕਤ ਨੌਜਵਾਨ ਨੂੰ ਕਾਬੂ ਕੀਤਾ। ਕਾਬੂ ਕੀਤੇ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਉਰਫ ਜੱਸ ਉਰਫ ਸੋਢੀ ਪੁੱਤਰ ਇੰਸਪੈਕਟਰ ਸਿੰਘ ਵਾਸੀ ਲੱਖਣ ਖੋਲੇ ਵਜੋਂ ਹੋਈ। ਐੱਸ. ਐੱਚ. ਓ. ਸੁਭਾਨਪੁਰ ਨੇ ਦੱਸਿਆ ਕਿ ਨੌਜਵਾਨ ਵੱਲੋਂ ਸੁੱਟੇ ਗਏ ਲਿਫਾਫੇ ਦੀ ਜਦੋਂ ਪੁਲਸ ਪਾਰਟੀ ਨੇ ਤਲਾਸ਼ੀ ਕੀਤੀ ਤਾਂ ਉਸ 'ਚੋਂ 35 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਇਸ ਤੋਂ ਬਾਅਦ ਥਾਣਾ ਸੁਭਾਨਪੁਰ ਵਿਖੇ ਕਮਰਜੀਤ ਸਿੰਘ ਉਰਫ ਜੱਸ ਖਿਲਾਫ ਕੇਸ ਦਰਜ ਕੀਤਾ ਗਿਆ।