ਗੱਡੀਆਂ ਦਾ ਨੰਬਰ ਬਦਲ ਕੇ ਸਸਤੇ ਭਾਅ ਵੇਚਣ ਵਾਲੇ 2 ਮੈਂਬਰ ਕਾਬੂ

10/07/2019 12:10:33 PM

ਜਲੰਧਰ (ਕਮਲੇਸ਼)— ਕਿਰਾਏ ਦੀਆਂ ਗੱਡੀਆਂ ਦੇ ਨੰਬਰ ਬਦਲ ਕੇ ਸਸਤੇ ਭਾਅ 'ਚ ਵੇਚਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਮਿਸ਼ਨਰੇਟ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਤੋਂ ਕੁੱਲ 11 ਗੱਡੀਆਂ ਬਰਾਮਦ ਹੋਈਆਂ ਹਨ, ਜਦਕਿ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਗੱਡੀਆਂ ਦੀ ਗਿਣਤੀ ਵਧ ਵੀ ਸਕਦੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਕਤ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਸੀ।

ਥਾਣਾ ਨੰ. 3 ਦੇ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਸਤਿੰਦਰਪਾਲ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਬਸਤੀ ਦਾਨਿਸ਼ਮੰਦਾਂ ਨੇ ਉਨ੍ਹਾਂ ਨੂੰ 2 ਅਕਤੂਬਰ ਨੂੰ ਸ਼ਿਕਾਇਤ ਦਿੱਤੀ ਸੀ। ਸਤਿੰਦਰ ਸਿੰਘ ਨੇ ਦੱਸਿਆ ਕਿ ਉਹ ਟੈਕਸੀ ਦਾ ਕੰਮ ਕਰਦਾ ਹੈ ਅਤੇ ਕੁਝ ਗੱਡੀਆਂ ਬੱਤਰਾ ਪ੍ਰੋਡਕਸ਼ਨ ਫਿਲਮ ਇੰਡਸਟਰੀ ਫੇਜ਼-1 'ਚ ਕਿਰਾਏ 'ਤੇ ਦਿੱਤੀਆਂ ਸਨ। ਇਸੇ ਕਾਰੋਬਾਰ ਦੇ ਨਾਲ ਸਬੰਧਤ ਭੁਪਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਦਿਆਲ ਨਗਰ ਅਤੇ ਜਗਜੀਤ ਸਿੰਘ ਉਰਫ ਵਿੱਕੀ ਪੁੱਤਰ ਹਰਮੀਤ ਸਿੰਘ ਵਾਸੀ ਸਲੇਮ ਟਾਬਰੀ ਲੁਧਿਆਣਾ ਸਤਿੰਦਰ ਪਾਲ ਦੇ ਜਾਣਕਾਰ ਹਨ।

ਸਤਿੰਦਰ ਨੇ ਕਿਹਾ ਕਿ ਉਕਤ ਦੋਵਾਂ ਲੋਕਾਂ ਨੇ ਉਸ ਨੂੰ ਗੱਡੀ ਸਸਤੇ ਭਾਅ 'ਚ ਵੇਚਣ ਦੀ ਆਫਰ ਕੀਤੀ। ਉਨ੍ਹਾਂ ਨੇ ਗੱਡੀ ਨੂੰ ਦੇਖਣ ਲਈ ਬੁਲਾਇਆ ਤਾਂ ਉਕਤ ਲੋਕ ਗੱਡੀ ਲੈ ਕੇ ਰੇਲਵੇ ਰੋਡ 'ਤੇ ਆ ਗਏ। ਗੱਡੀ ਦੇਖ ਕੇ ਉਨ੍ਹਾਂ 'ਚ 1.30 ਲੱਖ ਰੁਪਏ 'ਚ ਸੌਦਾ ਹੋ ਗਿਆ। ਸਤਿੰਦਰ ਨੇ 30 ਹਜ਼ਾਰ ਰੁਪਏ ਐਡਵਾਂਸ ਦਿੱਤੇ। ਉਸ ਨੂੰ ਕੁਝ ਦਸਤਾਵੇਜ਼ ਵੀ ਦਿੱਤੇ, ਜਿਸ 'ਤੇ ਕਾਰ ਦੇ ਅਸਲੀ ਮਾਲਕ ਸੰਨੀ ਦੇ ਸਾਈਨ ਸਨ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਸਤਿੰਦਰ ਨੇ ਕਿਹਾ ਕਿ ਟੈਸਟ ਰਾਈਡ ਲਈ ਉਸ ਨੇ ਗੱਡੀ ਆਪਣੇ ਕੋਲ ਰੱਖ ਲਈ ਪਰ ਇਸ 'ਚ ਉਸ ਨੇ ਡੈਸ਼ ਬੋਰਡ ਖੋਲ੍ਹਿਆ ਤਾਂ ਉਸ 'ਚ ਸੰਨੀ ਨਾਂ ਦੇ ਨੌਜਵਾਨ ਦਾ ਵਿਜ਼ਟਿੰਗ ਕਾਰਡ ਮਿਲਿਆ। ਸਤਿੰਦਰ ਨੇ ਸੰਨੀ ਨੂੰ ਫੋਨ ਕਰਕੇ ਗੱਡੀ ਖਰੀਦਣ ਦਾ ਕਿਹਾ ਤਾਂ ਫਿਰ ਜਾ ਕੇ ਸਾਰੀ ਸੱਚਾਈ ਸਾਹਮਣੇ ਆ ਗਈ। ਮਾਮਲਾ ਪੁਲਸ ਤਕ ਪਹੁੰਚਿਆ ਤਾਂ ਸਾਰੀ ਜਾਂਚ ਤੋਂ ਬਾਅਦ ਪੁਲਸ ਨੇ ਭੁਪਿੰਦਰ ਸਿੰਘ ਅਤੇ ਜਗਜੀਤ ਸਿੰਘ ਉਰਫ ਵਿੱਕੀ ਨੂੰ ਕਾਬੂ ਕਰ ਲਿਆ। ਸਖਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਾ ਕਿ ਭੁਪਿੰਦਰ 'ਤੇ ਪਹਿਲਾਂ ਹੀ ਠੱਗੀ ਦੇ ਕੇਸ ਹਨ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਵੱਖ-ਵੱਖ 11 ਗੱਡੀਆਂ ਬਰਾਮਦ ਕੀਤੀਆਂ, ਜੋ ਇਸ ਤਰ੍ਹਾਂ ਨਾਲ ਠੱਗੀਆਂ ਹੋਈਆਂ ਸਨ। ਮੁਲਜ਼ਮਾਂ ਨੂੰ 5 ਦਿਨਾਂ ਦੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ 11 ਗੱਡੀਆਂ ਹੋਈਆਂ ਬਰਾਮਦ
ਸਵਿਫਟ (ਪੀ ਬੀ04-ਵੀ-7128)
ਸਕਾਰਪੀਓ (ਪੀ ਬੀ13-ਐੱਸ-2927)
ਇਟੀਓਜ਼ (ਪੀ ਬੀ10- ਡੀ ਐੱਨ-3132)
ਅਮੇਜ ਹਾਂਡਾ (ਪੀ ਬੀ46-ਕਿਊ-5777)
ਸਵਿਫਟ ਡਿਜ਼ਾਇਰ (ਪੀ ਬੀ 02- ਸੀ ਜੇ 2220)
ਬਰੀਜ਼ਾ (ਪੀ ਬੀ 02-ਡੀ ਈ-8527)
ਇਨੋਵਾ (ਪੀ ਬੀ 02-ਏ ਵੀ-8787)
ਟਾਟਾ ਵਿਸਟਾ (ਪੀ ਬੀ08- ਡੀ ਆਰ-2377)
ਇਨੋਵਾ (ਸੀ ਐੱਚ01- ਬੀ ਯੂ-7563)
ਸਵਿਫਟ ਡਿਜ਼ਾਇਰ (ਪੀ ਬੀ10 ਐੱਫ ਡਬਲਯੂ-5067)
ਮਹਿੰਦਰਾ ਮਰਾਜੋ।

shivani attri

This news is Content Editor shivani attri