50 ਮੋਬਾਇਲਾਂ ਤੇ 2 ਨਕਲੀ ਰਿਵਾਲਵਰਾਂ ਸਣੇ ਲੁਟੇਰਾ ਗਿਰੋਹ ਦੇ 4 ਮੈਂਬਰ ਗ੍ਰਿਫਤਾਰ

04/26/2019 12:15:57 AM

ਭੋਗਪੁਰ,(ਸੂਰੀ) : ਭੋਗਪੁਰ ਪੁਲਸ ਵਲੋਂ ਹਲਕਾ ਆਦਮਪੁਰ ਦੇ ਡੀ. ਐੱਸ. ਪੀ. ਗੁਰਦੇਵ ਸਿੰਘ ਦੀ ਨਿਗਰਾਨੀ ਹੇਠ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਭਾਰੀ ਮਾਤਰਾ 'ਚ ਸਾਮਾਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਡੀ.ਐੱਸ.ਪੀ. ਗੁਰਦੇਵ ਸਿੰਘ ਤੇ ਥਾਣਾ ਭੋਗਪੁਰ ਦੇ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਦਵਿੰਦਰ ਸਿੰਘ ਥਾਣਾ ਮੁਖੀ ਭੋਗਪੁਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਇਕ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਦੇ 50 ਨਵੇਂ ਮੋਬਾਇਲ, 30 ਬੈਟਰੀਆਂ, 46 ਚਾਰਜਰ, 2 ਪਿਸਤੌਲ ਲਾਈਟਰ (ਨਕਲੀ ਰਿਵਾਲਵਰ), 1 ਸ਼ੇਵਿੰਗ ਮਸ਼ੀਨ, 1 ਇੰਟਰਨੈੱਟ ਡੋਂਗਲ, 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਥਾਣੇਦਾਰ ਗੁਰਨਾਮ ਸਿੰਘ ਨੇ ਪੁਲਸ ਪਾਰਟੀ ਨਾਲ ਭੋਗਪੁਰ ਨੇੜਲੇ ਭੁਲੱਥ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਸਤਪਾਲ ਸਿੰਘ, ਗੁਰਨਾਮ ਸਿੰਘ ਉਰਫ ਗੋਪੀ ਪੁੱਤਰ ਕਰਨੈਲ ਸਿੰਘ ਵਾਸੀਆਨ ਪਿੰਡ ਮੋਹਰੀ ਚੱਕ ਥਾਣਾ ਹਾਜੀਪੁਰ, ਸਨਮਦੀਪ ਉਰਫ ਗੋਲੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਨਿੱਕੂ ਚੱਕ ਅਤੇ ਪ੍ਰਿੰਸ ਕੁਮਾਰ ਉਰਫ ਮਨੀ ਪੁੱਤਰ ਰਾਜਵਿੰਦਰ ਸਿੰਘ ਵਾਸੀ ਸਿਪਰੀਆ, ਥਾਣਾ ਹਾਜੀਪੁਰ ਜ਼ਿਲਾ ਹੁਸ਼ਿਆਰਪੁਰ, ਜੋ ਕਿ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ। ਇਹ ਗਿਰੋਹ ਚੋਰੀ ਕੀਤਾ ਅਤੇ ਲੁੱਟਿਆ ਹੋਇਆ ਸਾਮਾਨ ਲੋਕਾਂ ਨੂੰ ਅੱਗੇ ਵੇਚ ਦਿੰਦੇ ਹਨ। ਇਸ ਲੁਟੇਰਾ ਗਿਰੋਹ ਦੇ ਮੈਂਬਰ ਅੱਜ ਚੋਰੀ ਦਾ ਸਾਮਾਨ ਵੇਚਣ ਲਈ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਭੋਗਪੁਰ ਵੱਲ ਆ ਰਹੇ ਹਨ। ਜੇਕਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਹ ਮੁਲਜ਼ਮ ਚੋਰੀ ਦੇ ਸਾਮਾਨ ਸਮੇਤ ਕਾਬੂ ਆ ਸਕਦੇ ਹਨ। ਪੁਲਸ ਵਲੋਂ ਇਸ ਸੂਚਨਾ ਦੇ ਆਧਾਰ 'ਤੇ ਇਨ੍ਹਾਂ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਡੀ. ਐੱਸ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।