ਲੁੱਟਾਂ-ਖੋਹਾਂ ਅਤੇ ਨਸ਼ੇ ਵਾਲੇ ਪਦਾਰਥ ਦੀ ਸਪਲਾਈ ਕਰਨ ਵਾਲੇ ਪਿਸਤੌਲ ਸਣੇ 2 ਕਾਬੂ

07/23/2019 6:01:13 AM

ਫਗਵਾਡ਼ਾ, (ਹਰਜੋਤ)- ਰਾਵਲਪਿੰਡੀ ਪੁਲਸ ਨੇ ਪਾਂਸ਼ਟਾ ਮੋਡ਼ ਤੋਂ ਨਾਕਾਬੰਦੀ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਟੀਕੇ, ਨਸ਼ੀਲਾ ਪਾਊਡਰ, ਇਕ ਦਾਤਰ, ਪਿਸਤੌਲ ਤੇ ਇਕ ਰੌਂਦ ਬਰਾਮਦ ਕਰਕੇ ਧਾਰਾ 22-61-85, 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਂਸ਼ਟਾ ਮੋਡ਼ ’ਤੇ ਥਾਣੇਦਾਰ ਅਸ਼ੋਕ ਕੁਮਾਰ ਤੇ ਪਰਗਟ ਸਿੰਘ ਦੀ ਅਗਵਾਈ ਹੇਠ ਨਾਕਾ ਲਗਾਇਆ ਗਿਆ ਸੀ। ਜਿਸ ਦੌਰਾਨ ਜਦੋਂ ਇਨ੍ਹਾਂ ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਇਨ੍ਹਾਂ ਪਾਸੋਂ ਇਹ ਸਾਮਾਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਇਲਾਕੇ ’ਚ ਕਈ ਲੁੱਟਾਂ ਖੋਹਾਂ ਕੀਤੀਆਂ ਹਨ ਅਤੇ ਇਲਾਕੇ ਦੇ ਕਈ ਪਿੰਡਾਂ ’ਚ ਨਸ਼ੇ ਸਪਲਾਈ ਕਰਦੇ ਹਨ, ਇਨ੍ਹਾਂ ਖਿਲਾਫ਼ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਨਗਰ, ਬਹਿਰਾਮ, ਰਾਵਲਪਿੰਡੀ, ਥਾਣਾ ਸਦਰ ਫਗਵਾਡ਼ਾ, ਥਾਣਾ ਮੇਹਟੀਆਣਾ, ਥਾਣਾ ਸਿਟੀ ਫਗਵਾਡ਼ਾ ’ਚ ਕੇਸ ਦਰਜ ਹਨ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਪਿੰਡ ਖਜ਼ੂਰਲਾ ਅਤੇ ਦੂਸਰੇ ਦੀ ਪਛਾਣ ਕਮਲਪ੍ਰੀਤ ਉਰਫ਼ ਨਿੱਕਾ ਪੁੱਤਰ ਤੇਲੂ ਰਾਮ ਵਾਸੀ ਰਿਹਾਣਾ ਜੱਟਾਂ ਫਗਵਾਡ਼ਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤਾ ’ਚ ਵਰਤਿਆ ਗਿਆ ਮੋਟਰਸਾਈਕਲ, 11 ਸ਼ੀਸ਼ੀਆਂ ਨਸ਼ੀਲੇ ਟੀਕੇ, 120 ਗ੍ਰਾਮ ਨਸ਼ੀਲਾ ਪਾਊਡਰ ਅਤੇ ਇਕ ਦੇਸੀ ਕੱਟਾ ਸਮੇਤ ਰਾਊਂਦ, ਇਕ ਦਾਤਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਿਥੇ ਮਾਣਯੋਗ ਅਦਾਲਤ ਨੇ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।

Bharat Thapa

This news is Content Editor Bharat Thapa