2 ਬੱਚਿਆਂ ਦੇ ਪਿਤਾ ਨੇ 17 ਸਾਲਾ ਲੜਕੀ ਨੂੰ ਬਣਾਇਆ ਗਰਭਵਤੀ

01/24/2019 4:34:42 AM

ਜਲੰਧਰ, (ਮਹੇਸ਼)- 2 ਬੱਚਿਆਂ ਦੇ ਪਿਤਾ ਵੱਲੋਂ 17 ਸਾਲਾ ਨਾਬਾਲਗ ਲੜਕੀ ਨੂੰ ਗਰਭਵਤੀ  ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਵੀ ਨਾਂ ਦੇ ਮੁਲਜ਼ਮ ਨੇ ਪੀੜਤ ਨੂੰ ਸੋਢਲ ਰੋਡ  ਸਥਿਤ ਇਕ ਕਮਰਾ ਲੈ ਕੇ ਕਰੀਬ ਢਾਈ ਮਹੀਨੇ ਉਥੇ ਰੱਖਿਆ ਅਤੇ ਉਸ ਦੇ ਨਾਲ ਗਲਤ ਕੰਮ ਕਰਦਾ  ਰਿਹਾ। 
ਪੀੜਤ ਅਤੇ ਮੁਲਜ਼ਮ ਦੋਵੇਂ ਰਾਮਾ ਮੰਡੀ ਥਾਣੇ ਦੇ ਅਧੀਨ ਪੈਂਦੇ ਖੇਤਰ ਦੇ ਰਹਿਣ ਵਾਲੇ  ਹਨ। ਐੱਸ. ਐੱਚ. ਓ. ਰਾਮਾ ਮੰਡੀ ਜੀਵਨ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਆਪਣੀ ਮਾਂ   ਨਾਲ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕੋਲ ਜਾ ਕੇ ਸ਼ਿਕਾਇਤ ਦਿੱਤੀ ਸੀ,  ਜਿਸ  ਤੋਂ ਬਾਅਦ ਪੁਲਸ ਨੇ 31 ਸਾਲਾ ਮੁਲਜ਼ਮ ਵਰਿੰਦਰ ਸਿੰਘ ਉਰਫ ਰਵੀ ਪੁੱਤਰ ਸਵਰਣ ਸਿੰਘ  ਵਾਸੀ ਬੇਅੰਤ ਨਗਰ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ  ਕਰ ਲਿਆ। ਪੀੜਤ ਦੀ ਮਾਂ  ਮੁਤਾਬਕ ਰਵੀ ਟੈਂਟ ਦਾ ਕੰਮ ਕਰਦਾ ਹੈ, ਜਿਸ ਕਾਰਨ ਉਹ ਲੋਕਾਂ  ਦੇ ਵਿਆਹ ਪ੍ਰੋਗਰਾਮ ’ਚ ਉਸ ਨੂੰ ਵੀ ਕੰਮ ਦਿਵਾ ਦਿੰਦਾ ਸੀ।  ਇਸ ਦੌਰਾਨ ਉਹ ਪੀੜਤਾ ਦੀ  ਲੜਕੀ ਦੇ ਸੰਪਰਕ ਵਿਚ ਆਇਆ ਅਤੇ ਉਸ ਨੂੰ ਝਾਂਸਾ ਦੇ ਕੇ ਘਰ ਤੋਂ ਭਜਾ ਕੇ ਆਪਣੇ ਨਾਲ ਲੈ  ਗਿਆ। ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਰਵੀ ਵਿਆਹਿਆ ਹੈ  ਜਾਂ ਕੁਆਰਾ। ਉਸ ਨੇ ਦੱਸਿਆ ਕਿ ਉਹ ਵੀ ਨਹੀਂ ਜਾਣਦੀ ਸੀ ਕਿ ਰਵੀ ਦੀ ਉਮਰ 30 ਸਾਲ ਤੋਂ  ਜ਼ਿਆਦਾ ਹੈ। 
ਉਸ ਨੂੰ ਪਹਿਲਾਂ ਲੱਗਦਾ ਸੀ ਕਿ ਉਹ ਰਵੀ ਦੇ ਨਾਲ ਆਪਣੀ ਲੜਕੀ ਦਾ ਵਿਆਹ ਕਰ  ਦੇਵੇਗੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਰਵੀ ਉਸ ਦੀ ਨਾਬਾਲਗ ਲੜਕੀ ਨੂੰ ਨਾਲ ਲਿਜਾ  ਕੇ ਉਸ ਦੀ ਮਰਜ਼ੀ ਦੇ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਏਗਾ। ਬੇਅੰਤ ਨਗਰ ਵਿਚ ਰਹਿੰਦੀ ਮੁਲਜ਼ਮ ਦੀ ਪਤਨੀ  ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਪਤੀ ਨੇ ਕਿਸੇ ਨਾਬਾਲਗ ਲੜਕੀ ਨੂੰ ਵੱਖ  ਕਮਰਾ ਲੈ ਕੇ ਦਿੱਤਾ ਸੀ। 
ਉਹ ਆਪਣੀ ਪਤਨੀ ਨੂੰ ਇਹੋ ਹੀ ਕਹਿੰਦਾ ਸੀ ਕਿ ਵਿਆਹ  ਪ੍ਰੋਗਰਾਮ ਜ਼ਿਆਦਾ ਹੋਣ  ਕਾਰਨ ਉਹ ਘਰ ਨਹੀਂ ਆ ਰਿਹਾ।