2 ਦੋਸ਼ੀਆਂ ਵੱਲੋਂ ਵਿਆਹੁਤਾ ਨਾਲ ਜਬਰ-ਜ਼ਨਾਹ

06/03/2020 1:17:07 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਦੇ ਅਧੀਨ ਆਉਂਦੇ ਇਕ ਪਿੰਡ ਦੇ ਘਰ ਵਿਚ ਇਕੱਲੀ ਸੁੱਤੀ ਹੋਈ ਵਿਆਹੁਤਾ ਨਾਲ ਉਸਦੇ ਪਿੰਡ ਦੇ ਹੀ 2 ਦੋਸ਼ੀਆਂ ਨੇ ਮਿਲ ਕੇ ਜਬਰ-ਜ਼ਨਾਹ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀਡ਼ਤਾ ਦੀ ਸ਼ਿਕਾਇਤ ’ਤੇ ਸਦਰ ਥਾਣਾ ਪੁਲਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸਦਾ ਸਾਥੀ ਕਾਕੀ ਅਜੇ ਤੱਕ ਫਰਾਰ ਚੱਲ ਰਿਹਾ ਹੈ। ਥਾਣਾ ਸਦਰ ਦੀ ਪੁਲਸ ਕੋਲ ਦਿੱਤੇ ਬਿਆਨਾਂ ’ਚ 30 ਸਾਲਾ ਪੀਡ਼ਤ ਵਿਆਹੁਤਾ ਨੇ ਪੁਲਸ ਨੂੰ ਦੱਸਿਆ ਕਿ ਦੁਪਹਿਰ ਸਮੇਂ ਉਹ ਘਰ ’ਚ ਸੁੱਤੀ ਹੋਈ ਸੀ ਕਿ ਇਸ ਦੌਰਾਨ ਕੰਧ ਟੱਪ ਕੇ ਉਸਦੇ ਪਿੰਡ ਦੇ ਹੀ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ ਸੁੱਖਾ ਆਪਣੇ ਸਾਥੀ ਕਾਕੀ ਨਾਲ ਉਸਦੇ ਕੋਲ ਆਇਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ। ਇਸ ਦੌਰਾਨ ਕਾਕੀ ਨੇ ਉਸਦੀ ਵੀਡੀਓ ਵੀ ਬਣਾ ਲਈ। ਪੀਡ਼ਤਾ ਨੇ ਦੋਸ਼ ਲਾਇਆ ਕਿ ਉਸਦੇ ਨਾਲ ਪਹਿਲਾਂ ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਬਾਅਦ ਵਿਚ ਕਾਕੀ ਨੇ ਵੀ ਜਬਰ-ਜ਼ਨਾਹ ਕੀਤਾ।

ਜਦੋਂ ਇਸ ਸਬੰਧ ਵਿਚ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਤਲਵਿੰਦਰ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਪੀਡ਼ਤਾ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਵੇਂ ਦੋਸ਼ੀਆਂ ਖਿਲਾਫ਼ ਧਾਰਾ 376-ਡੀ ਅਤੇ ਧਾਰਾ 451 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


Bharat Thapa

Content Editor

Related News