ਗੁ. ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ 2.30 ਲੱਖ ਤੋਂ ਵੱਧ ਸ਼ਰਧਾਲੂ

11/17/2019 8:53:25 PM

ਸੁਲਤਾਨਪੁਰ ਲੋਧੀ, (ਸੋਢੀ)— ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਦਰਸ਼ਨਾਂ ਲਈ ਪੁੱਜ ਰਹੇ ਹਨ । 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਹੋਣ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਢਿੱਲੇ ਕਰ ਦਿੱਤੇ ਗਏ ਹਨ, ਜਿਸ ਕਾਰਣ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਐਤਵਾਰ ਛੁੱਟੀ ਦਾ ਦਿਨ ਹੋਣ ਕਾਰਣ ਸਵੇਰ ਤੋਂ ਸ਼ਾਮ ਤਕ 2.30 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਕੀਰਤਨ ਦਾ ਆਨੰਦ ਮਾਣਿਆ। ਐਤਵਾਰ ਸਵੇਰ ਤੋਂ ਹੀ ਲੋਹੀਆਂ ਚੁੰਗੀ ਤੋਂ ਲੈ ਕੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਰੋਡ 'ਤੇ ਗੁ. ਬੇਰ ਸਾਹਿਬ ਤਕ ਵਾਰ-ਵਾਰ ਗੱਡੀਆਂ ਕਾਰਣ ਟਰੈਫਿਕ ਜਾਮ ਰਿਹਾ। ਸੰਗਤਾਂ ਨੂੰ ਲੰਮਾ ਸਮਾਂ ਰਸਤਿਆਂ 'ਚ ਹੀ ਜਾਮ 'ਚ ਫਸ ਕੇ ਪ੍ਰੇਸ਼ਾਨ ਹੋਣਾ ਪਿਆ। ਇਸੇ ਤਰ੍ਹਾਂ ਹੀ ਗੁਰਦੁਆਰਾ ਬੇਰ ਸਾਹਿਬ ਤੋਂ ਗਰਾਰੀ ਚੌਕ ਤਕ ਸੜਕ ਸੰਗਤਾਂ ਨਾਲ ਭਰੀ ਰਹੀ। ਪੁਲਸ ਵਲੋਂ ਸੰਗਤਾਂ ਦੀਆਂ ਗੱਡੀਆਂ ਭੀੜ ਹੋਣ ਕਾਰਣ ਸ਼ਹਿਰ ਤੋਂ ਬਾਹਰ ਹੀ ਰੋਕ ਦਿੱਤੀਆਂ ਗਈਆਂ ਪਰ ਪ੍ਰਸ਼ਾਸਨ ਵੱਲੋਂ ਸੰਗਤਾਂ ਦੇ ਗੁਰਦੁਆਰਾ ਸਾਹਿਬ ਤਕ ਆਉਣ-ਜਾਣ ਲਈ ਕੋਈ ਵੀ ਆਟੋ ਰਿਕਸ਼ਾ ਆਦਿ ਨਾ ਮਿਲਣ ਕਾਰਣ ਬਜ਼ੁਰਗ ਤੇ ਔਰਤਾਂ ਬਹੁਤ ਪ੍ਰੇਸ਼ਾਨ ਹੋਈਆਂ। ਸੰਗਤਾਂ ਦੀ ਢੋਆ-ਢੁਆਈ ਲਈ ਲਗਾਈਆਂ ਈ ਗੱਡੀਆਂ ਬੰਦ ਹੋ ਜਾਣ ਕਾਰਣ ਬੱਚੇ ਚੁੱਕੀ ਸ਼ਰਧਾਲੂ ਕਾਫੀ ਪ੍ਰੇਸ਼ਾਨ ਹੁੰਦੇ ਦੇਖੇ ਗਏ। ਸ਼ਰਧਾਲੂਆਂ ਨੇ ਮੰਗ ਕੀਤੀ ਕਿ ਸੰਗਤਾਂ ਦੀ ਰੋਜ਼ਾਨਾ ਲੱਖਾਂ 'ਚ ਆਮਦ ਨੂੰ ਦੇਖਦੇ ਹੋਏ ਸਰਕਾਰ, ਪ੍ਰਸ਼ਾਸ਼ਨ ਤੇ ਸ਼੍ਰੋਮਣੀ ਕਮੇਟੀ ਲੋੜੀਂਦੇ ਸਾਰੇ ਪ੍ਰਬੰਧ ਕਰੇ ਤਾਂ ਜੋ ਸ਼ਰਧਾਲੂ ਪ੍ਰੇਸ਼ਾਨ ਨਾ ਹੋ ਸਕਣ।


KamalJeet Singh

Content Editor

Related News