ਜਲੰਧਰ ਸ਼ਹਿਰ ''ਚ ਬਿਨਾਂ ਪਰਮਿਟ ਦੇ ਚੱਲ ਰਹੇ 18 ਆਟੋ ਇੰਪਾਊਂਡ, ਕੁੱਲ 26 ਦੇ ਚਲਾਨ

01/09/2020 11:50:38 AM

ਜਲੰਧਰ (ਵਰੁਣ)— ਸ਼ਹਿਰ 'ਚ ਵਧ ਰਹੇ ਟਰੈਫਿਕ ਨੂੰ ਲਗਾਮ ਪਾਉਣ ਲਈ ਟਰੈਫਿਕ ਪੁਲਸ ਨੇ ਨਵਾਂ ਤਰੀਕਾ ਅਪਨਾਇਆ ਹੈ। ਟਰੈਫਿਕ ਪੁਲਸ ਹੁਣ ਉਨ੍ਹਾਂ ਸਾਰੇ ਆਟੋਆਂ ਨੂੰ ਇੰਪਾਊਂਡ ਕਰ ਰਹੀ ਹੈ ਜੋ ਬਿਨਾਂ ਪਰਮਿਟ ਦੇ ਸ਼ਹਿਰ 'ਚ ਚਲਾਏ ਜਾ ਰਹੇ ਹਨ। ਬੁੱਧਵਾਰ ਨੂੰ ਹੀ ਟਰੈਫਿਕ ਪੁਲਸ ਨੇ ਵੱਖ-ਵੱਖ ਪੁਆਇੰਟਾਂ 'ਤੇ ਨਾਕਾਬੰਦੀ ਕਰ ਕੇ 18 ਆਟੋ ਇੰਪਾਊਂਡ ਕੀਤੇ ਹਨ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਸੜਕਾਂ 'ਤੇ ਵਾਹਨਾਂ ਦੀ ਵੱਧ ਰਹੀ ਗਿਣਤੀ ਕਾਫੀ ਗੰਭੀਰਤਾ ਦਾ ਮੁੱਦਾ ਹੈ, ਜਿਸ ਕਾਰਨ ਸ਼ਹਿਰ 'ਚ ਬਿਨਾਂ ਪਰਮਿਟ ਚੱਲ ਰਹੇ ਆਟੋ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

PunjabKesari

ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ 'ਚ ਟਰੈਫਿਕ ਪੁਲਸ 35 ਦੇ ਕਰੀਬ ਆਟੋ ਇੰਪਾਊਂਡ ਕਰ ਚੁੱਕੀ ਹੈ। ਇਹ ਸਾਰੇ ਉਹ ਆਟੋ ਹਨ ਜੋ ਬਾਹਰੀ ਇਲਾਕਿਆਂ 'ਚੋਂ ਆ ਕੇ ਸਿਟੀ ਵਿਚ ਚਲਾਏ ਜਾ ਰਹੇ ਹਨ। ਏ. ਡੀ. ਸੀ. ਪੀ. ਨੇ ਕਿਹਾ ਕਿ ਬੁੱਧਵਾਰ ਨੂੰ ਇੰਸਪੈਕਟਰ ਰਮੇਸ਼ ਲਾਲ ਦੀ ਅਗਵਾਈ 'ਚ ਬੱਸ ਸਟੈਂਡ ਸਣੇ ਹੋਰ ਚੌਕਾਂ 'ਤੇ ਨਾਕਾਬੰਦੀ ਕੀਤੀ ਗਈ ਸੀ। ਬੁੱਧਵਾਰ ਨੂੰ ਕੁਲ 26 ਆਟੋਜ਼ ਦੇ ਚਲਾਨ ਕੱਟੇ ਗਏ, ਇਨ੍ਹਾਂ ਵਿਚੋਂ 18 ਆਟੋ ਬੰਦ ਕੀਤੇ ਗਏ ਜਦੋਂਕਿ ਬਾਕੀ ਦੇ ਆਟੋ ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਤੇ ਹੋਰ ਦਸਤਾਵੇਜ਼ਾਂ ਦੇ ਚੱਲ ਰਹੇ ਸਨ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਟਰੈਫਿਕ ਪੁਲਸ ਬਿਨਾਂ ਪਰਮਿਟ ਦੇ ਚੱਲ ਰਹੇ ਆਟੋਜ਼ ਨੂੰ ਬੰਦ ਕਰਨ ਦੀ ਕਾਰਵਾਈ ਜਾਰੀ ਰੱਖੇਗਾ। ਉਨ੍ਹਾਂ ਸ਼ਹਿਰ ਦੇ ਪਰਮਿਟ ਵਾਲੇ ਆਟੋ ਚਾਲਕਾਂ ਨੂੰ ਕਿਹਾ ਕਿ ਉਹ ਆਟੋ ਦੇ ਸਾਰੇ ਦਸਤਾਵੇਜ਼ ਪੂਰੇ ਰੱਖਣ ਤਾਂ ਜੋ ਚਲਾਨ ਤੋਂ ਬਚ ਸਕਣ।

ਆਰ. ਟੀ. ਏ. ਆਫਿਸ ਤੋਂ ਆਟੋਜ਼ ਦਾ ਡਾਟਾ ਕੱਢਵਾਏਗੀ ਟਰੈਫਿਕ ਪੁਲਸ
ਸ਼ਹਿਰ 'ਚ ਪਰਮਿਟ ਵਾਲੇ ਆਟੋਜ਼ ਦੀ ਗਿਣਤੀ ਜਾਨਣ ਲਈ ਟਰੈਫਿਕ ਪੁਲਸ ਆਰ. ਟੀ. ਏ. ਆਫਿਸ ਤੋਂ ਡਾਟਾ ਕਢਵਾ ਰਹੀ ਹੈ। ਟਰੈਫਿਕ ਪੁਲਸ ਜਾਨਣਾ ਚਾਹੁੰਦੀ ਹੈ ਕਿ ਸ਼ਹਿਰ 'ਚ ਕਿੰਨੇ ਆਟੋਜ਼ ਕੋਲ ਪਰਮਿਟ ਹੈ ਅਤੇ ਕਿੰਨੇ ਨਾਜਾਇਜ਼ ਢੰਗ ਨਾਲ ਚੱਲ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਵਿਚ ਜਿੰਨੇ ਪਰਮਿਟ ਵਾਲੇ ਆਟੋ ਚੱਲ ਰਹੇ ਹਨ ਉਸ ਤੋਂ ਤਿੰਨ ਗੁਣਾ ਵੱਧ ਨਾਜਾਇਜ਼ ਆਟੋ ਸ਼ਹਿਰ ਵਿਚ ਘੁੰਮ ਰਹੇ ਹਨ।


shivani attri

Content Editor

Related News