17 ਤੋਲੇ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਸਮੇਤ 2 ਨੌਜਵਾਨ ਗ੍ਰਿਫਤਾਰ

04/24/2019 11:10:17 PM

ਭੁਲੱਥ,(ਰਜਿੰਦਰ): ਥਾਣਾ ਭੁਲੱਥ ਦੀ ਪੁਲਸ ਨੇ ਚੋਰੀਆਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਨੌਜਵਾਨਾਂ ਕੋਲੋਂ ਪੁਲਸ ਨੇ 17 ਤੋਲੇ ਸੋਨੇ ਦੇ ਗਹਿਣੇ, 2 ਮੋਬਾਈਲ,ਚਾਂਦੀ ਦੇ ਗਹਿਣੇ, ਇੱਕ ਜੈਨ ਕਾਰ, ਮੋਟਰ ਸਾਈਕਲ ਤੇ ਜੂਪੀਟਰ ਸਕੂਟਰੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਸਬ ਡਵੀਜ਼ਨ ਭੁਲੱਥ ਦੀ ਏ. ਐੱਸ. ਪੀ. ਡਾ. ਸਿਮਰਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਤੇ ਐੱਸ. ਪੀ. (ਡੀ) ਹਰਪ੍ਰੀਤ ਸਿੰਘ ਮੰਡੇਰ ਦੇ ਦਿਸ਼ਾਂ-ਨਿਰਦੇਸ਼ਾਂ ਮੁਤਾਬਕ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਭੁਲੱਥ ਦੇ ਐੱਸ. ਐੱਚ. ਓ. ਇੰਸਪੈਕਟਰ ਕਰਨੈਲ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਜਸਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਅੱਡਾ ਕਮਰਾਏ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਥੋਂ ਦੋ ਨੌਜਵਾਨਾਂ ਨੀਰਜ ਉਰਫ ਨੀਗਰੋ ਪੁੱਤਰ ਨਛੱਤਰ ਸਿੰਘ ਵਾਸੀ ਭੁਲੱਥ ਤੇ ਪ੍ਰਿੰਸ ਉਰਫ ਧੰਨਾ ਪੁੱਤਰ ਸੁਰਜੀਤ ਰਾਮ ਵਾਸੀ ਪਿੰਡ ਅਕਾਲਾ ਥਾਣਾ ਭੁਲੱਥ ਨੂੰ ਕਾਬੂ ਕੀਤਾ ਗਿਆ। ਏ. ਐੱਸ. ਪੀ. ਭੁਲੱਥ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਨੌਜਵਾਨਾਂ ਨੇ ਪਿੰਡ ਬਗਵਾਨਪੁਰ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਥੋਂ ਇਹ ਨੌਜਵਾਨ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲਿਆਏ ਸਨ ਤੇ ਇਸ ਮਾਮਲੇ ਸੰਬੰਧੀ ਥਾਣਾ ਭੁਲੱਥ ਵਿਖੇ ਚੋਰੀ ਦਾ ਕੇਸ ਵੀ ਦਰਜ ਹੈ। ਏ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਨੀਰਜ ਤੇ ਪ੍ਰਿੰਸ ਕੋਲੋਂ ਜਦੋਂ ਪੁੱਛ ਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਪਿੰਡ ਬਗਵਾਨਪੁਰ ਦੀ ਵਾਰਦਾਤ ਸਮੇਤ ਚੋਰੀ ਦੀਆਂ ਹੋਰ ਚਾਰ ਵਾਰਦਾਤਾਂ ਵੀ ਮੰਨੀਆਂ ਹਨ। ਜਿਸ ਉਪਰੰਤ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਬਗਵਾਨਪੁਰ ਪਿੰਡ 'ਚੋਂ ਚੋਰੀ ਹੋਏ ਕਰੀਬ 6 ਲੱਖ ਦੀ ਕੀਮਤ ਦੇ 17 ਤੋਲੇ ਸੋਨੇ ਦੇ ਗਹਿਣੇ, 2 ਮੋਬਾਈਲ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਕੋਲੋਂ ਜੈਨ ਕਾਰ, ਸਪਲੈਂਡਰ ਮੋਟਰ ਸਾਈਕਲ ਤੇ ਟੀ. ਵੀ. ਐੱਸ. ਜੂਪੀਟਰ ਸਕੂਟਰੀ ਵੀ ਬਰਾਮਦ ਕੀਤੀ ਹੈ, ਇਹ ਸਾਰੇ ਵਾਹਨ ਇਨ੍ਹਾਂ ਨੌਜਵਾਨਾਂ ਨੇ ਚੋਰੀਆਂ ਦੀ ਕਮਾਈ ਨਾਲ ਖਰੀਦੇ ਮੰਨੇ ਹਨ। ਏ. ਐੱਸ. ਪੀ. ਡਾ. ਸਿਮਰਤ ਕੌਰ ਨੇ ਦਸਿਆ ਕਿ ਨੀਰਜ ਉਰਫ ਨੀਗਰੋ ਖਿਲਾਫ ਪਹਿਲਾਂ ਵੀ ਗੜ੍ਹਦੀਵਾਲਾ, ਭੁਲੱਥ ਤੇ ਜਲੰਧਰ 'ਚ ਕੇਸ ਦਰਜ ਹਨ। ਜਦਕਿ ਪ੍ਰਿੰਸ ਖਿਲਾਫ ਖੋਹ ਦੇ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਹਾਲੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।