ਮਾਮਲਾ ਖੰਡ ਮਿੱਲ ਵੱਲ 160 ਕਰੋੜ ਦੇ ਬਕਾਏ ਦਾ, ਕਿਸਾਨ ਜਥੇਬੰਦੀਆਂ ਕਰਨਗੀਆਂ ਚੱਕਾ ਜਾਮ

03/21/2022 3:45:36 PM

ਮੁਕੇਰੀਆਂ (ਜ. ਬ.)-ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ, ਗੰਨਾ ਕਾਸ਼ਤਕਾਰ ਅਤੇ ਹੋਰ ਕਿਸਾਨ ਜਥੇਬੰਦੀਆਂ ਲੱਗਭਗ 160 ਕਰੋੜ ਰੁਪਏ ਦੇ ਬਕਾਏ ਨੂੰ ਲੈ ਕੇ 22 ਮਾਰਚ ਤੋਂ ਅਣਮਿੱਥੇ ਸਮੇਂ ਦਾ ਧਰਨਾ ਦੇਣਗੀਆਂ ਤੇ ਚੱਕਾ ਜਾਮ ਕਰਨਗੀਆਂ | ਇਸ ਸਬੰਧੀ ਹੋਈ ਮੀਟਿੰਗ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਖੰਡ ਮਿੱਲ ਦੀ ਪ੍ਰਬੰਧਕੀ ਕਮੇਟੀ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਅੜੀਅਲ ਰਵੱਈਆ ਅਪਣਾਈ ਬੈਠੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਅਰਥੀ ਫੂਕ ਮੁਜ਼ਾਹਰੇ ਦੇ ਐਲਾਨ ਤੋਂ ਬਾਅਦ ਵੀ ਦੁੱਖ ਵਾਲੀ ਗੱਲ ਹੈ ਕਿ ਗੰਨਾ ਕਾਸ਼ਤਕਾਰਾਂ ਦਾ ਬਕਾਇਆ ਅਦਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਮੀਟਿੰਗ ਦੌਰਾਨ ਰੋਸ ਪ੍ਰਦਰਸ਼ਨ ਕਰਨ ਦੀ ਵਿਉਂਤਬੰਦੀ ਕੀਤੀ ਗਈ ਅਤੇ ਵੱਖ-ਵੱਖ ਆਗੂਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ। ਮੀਟਿੰਗ ਉਪਰੰਤ ਕਿਸਾਨ ਆਗੂ ਵਿਜੇ ਕੁਮਾਰ ਗੁਲੇਰੀਆ, ਸੌਰਵ ਮਿਨਹਾਸ, ਬਿੱਲਾ ਸਰਪੰਚ, ਆਸਾ ਸਿੰਘ ਭੰਗਾਲਾ, ਬਲਦੇਵ ਸਿੰਘ ਸੇਖਵਾਂ, ਅਰਜਨ ਸਿੰਘ ਕਜਲਾ, ਸੁਰਜੀਤ ਸਿੰਘ ਬਿੱਲਾ, ਜਗਜੀਤ ਸਿੰਘ ਭੈਣੀ ਪਸਵਾਲ, ਚੀਮਾ ਪੁਰਾਣਾ ਸ਼ਾਲਾ, ਦਲਜੀਤ ਸਿੰਘ ਮੰਜਪੁਰ, ਟੀਟਾ ਧਨੋਆ, ਕੁਲਦੀਪ ਸਿੰਘ ਰੰਗਾ, ਮਨਪ੍ਰੀਤ ਛੰਨੀ ਨੰਦ ਸਿੰਘ ਆਦਿ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ 35 ਰੁਪਏ ਪ੍ਰਤੀ ਕੁਇੰਟਲ ਦੀ ਅਦਾਇਗੀ ਸਰਕਾਰ ਵੱਲੋਂ ਅਜੇ ਤੱਕ ਨਹੀਂ ਕੀਤੀ ਜਾ ਰਹੀ, ਜਦਕਿ ਗੰਨੇ ਦਾ ਸੀਜ਼ਨ ਖ਼ਤਮ ਹੋਣ ਵਾਲਾ ਹੈ, ਜਿਸ ਕਾਰਨ ਕਿਸਾਨਾਂ ’ਚ ਰੋਸ ਦੀ ਲਹਿਰ ਹੈ |

ਉਨ੍ਹਾਂ ਕਿਹਾ ਕਿ ਵਾਰ-ਵਾਰ ਮੀਟਿੰਗਾਂ ਤੇ ਅਪੀਲਾਂ ਕਰਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਦੇਣ ਦੇ ਬਾਵਜੂਦ ਖੰਡ ਮਿੱਲ ਮੁਕੇਰੀਆਂ ਵੱਲੋਂ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅਦਾਇਗੀ ’ਚ 35 ਤੋਂ 40 ਦਿਨਾਂ ਦੀ ਦੇਰੀ ਹੋ ਰਹੀ ਹੈ। ਦੂਜੇ ਪਾਸੇ ਤਕਰੀਬਨ 160 ਕਰੋੜ ਰੁਪਏ ਦੀ ਰਾਸ਼ੀ ਮਿੱਲ ਵੱਲ ਬਕਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ’ਚ ਗੰਨੇ ਦੇ ਬਕਾਏ ਜਮ੍ਹਾ ਕਰਵਾਉਣ ਲਈ ਆਰ-ਪਾਰ ਦਾ ਸੰਘਰਸ਼ ਵਿੱਢਿਆ ਜਾਵੇਗਾ। ਸਮੂਹ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ 22 ਮਾਰਚ ਤੋਂ ਮਾਤਾ ਰਾਣੀ ਚੌਕ ’ਚ ਅਣਮਿੱਥੇ ਸਮੇਂ ਲਈ ਧਰਨਾ ਦੇਣਗੀਆਂ ਅਤੇ ਚੱਕਾ ਜਾਮ ਕਰਨਗੀਆਂ।
 


Manoj

Content Editor

Related News