ਨਿਰਪੱਖ ਚੋਣਾਂ ਕਰਵਾਉਣ ਲਈ 1563 ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ

02/19/2022 8:17:46 PM

ਹੁਸ਼ਿਆਰਪੁਰ (ਘੁੰਮਣ) : ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ 20 ਫਰਵਰੀ ਨੂੰ ਪੈ ਰਹੀਆਂ ਵੋਟਾਂ ਲਈ ਅੱਜ 1563 ਪੋਲਿੰਗ ਪਾਰਟੀਆਂ ਨੂੰ ਸਖਤ ਸੁਰੱਖਿਆ ਨਾਲ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸਰਕਾਰੀ ਬਹੁ-ਤਕਨੀਕੀ ਕਾਲਜ ਹੁਸ਼ਿਆਰਪੁਰ 'ਚ ਪਹੁੰਚ ਕੇ ਪੋਲਿੰਗ ਬੂਥਾਂ ਲਈ ਰਵਾਨਾ ਹੋਣ ਵਾਲੀਆਂ ਪੋਲਿੰਗ ਪਾਰਟੀਆਂ ਦੀ ਹੌਸਲਾ-ਅਫਜ਼ਾਈ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਕਿਰਿਆ ਦਾ ਇਕ ਅਹਿਮ ਹਿੱਸਾ ਬਣਨ ਜਾ ਰਹੇ ਹਨ। ਉਨ੍ਹਾਂ ਪੋਲਿੰਗ ਪਾਰਟੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਵੋਟ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਡਿਊਟੀ ਨਿਭਾਉਣ। ਉਨ੍ਹਾਂ ਆਸ ਪ੍ਰਗਟਾਈ ਕਿ ਵੋਟ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ 7744 ਪੋਲਿੰਗ ਸਟਾਫ਼ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਕ ਪੋਲਿੰਗ ਪਾਰਟੀ 'ਚ ਇਕ ਪ੍ਰੀਜ਼ਾਈਡਿੰਗ ਅਫ਼ਸਰ ਤੋਂ ਇਕ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਤੋਂ ਇਲਾਵਾ 2 ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਦੀ ਨਿਗਰਾਨੀ ਲਈ 263 ਮਾਈਕ੍ਰੋ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਆਕਰਸ਼ਣ ਦਾ ਕੇਂਦਰ ਬਣੇ ਪਿੰਕ, ਮਾਡਲ ਅਤੇ ਪੀ. ਡਬਲਿਊ. ਡੀ. ਬੂਥ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਈ. ਵੀ. ਐੱਮ. ਤੇ ਵੀ. ਵੀ. ਪੀ. ਏ. ਟੀ. ਮਸ਼ੀਨਾਂ ਲਿਜਾਣ ਵਾਲੇ ਵਾਹਨਾਂ ’ਤੇ ਜੀ. ਪੀ. ਐੱਸ. ਡਿਵਾਇਸ ਲਗਾਏ ਗਏ ਹਨ, ਜਿਨ੍ਹਾਂ ਨਾਲ ਇਨ੍ਹਾਂ ਵਾਹਨਾਂ ’ਤੇ ਨਜ਼ਰ ਰੱਖੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ਦੀ ਵੈੱਬ ਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਾਜ਼ੁਕ ਤੇ ਸੰਵੇਦਨਸ਼ੀਲ ਬੂਥਾਂ ’ਤੇ ਚੋਣ ਪ੍ਰਕਿਰਿਆ ਦੌਰਾਨ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ। ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਵੀ. ਵੀ. ਪੀ. ਏ. ਟੀ. (ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟ੍ਰੇਲ) ਛੋਟੇ ਪ੍ਰਿੰਟਰ ਵਰਗੀ ਮਸ਼ੀਨ ਹੈ, ਜੋ ਈ. ਵੀ. ਐੱਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਨਾਲ ਜੁੜੀ ਹੁੰਦੀ ਹੈ। ਵੀ. ਵੀ. ਪੀ. ਏ. ਟੀ. ਦੁਆਰਾ ਵੋਟਰ ਸਬੰਧਿਤ ਉਮੀਦਵਾਰ ਦਾ ਸੀਰੀਅਲ ਨੰਬਰ, ਨਾਂ ਤੇ ਚੋਣ ਚਿੰਨ੍ਹ 7 ਸੈਕੰਡ ਲਈ ਡਿਸਪਲੇਅ ਵਿਚ ਦੇਖ ਸਕਦਾ ਹੈ, ਜਿਸ ਨੂੰ ਉਸ ਨੇ ਵੋਟ ਪਾਈ ਹੈ। ਇਸ ਤੋਂ ਬਾਅਦ ਇਹ ਸਲਿੱਪ ਮਸ਼ੀਨ ਦੇ ਨਾਲ ਲੱਗੇ ਡੱਬੇ ਵਿਚ ਡਿੱਗ ਜਾਵੇਗੀ, ਜੋ ਡੱਬੇ ਵਿਚ ਸੀਲਡ ਰਹੇਗੀ ਅਤੇ ਕੋਈ ਵੀ ਹੋਰ ਉਸ ਨੂੰ ਦੇਖ ਨਹੀਂ ਸਕੇਗਾ।

ਇਹ ਵੀ ਪੜ੍ਹੋ : ਕੀ ਇਸ ਵਾਰ ਭਾਜਪਾ ਰੋਕ ਸਕੇਗੀ ਕਾਂਗਰਸ ਦਾ ਰਾਹ, ਜਾਣੋ ਕੀ ਹੈ ਹੁਸ਼ਿਆਰਪੁਰ ਹਲਕੇ ਦਾ ਇਤਿਹਾਸ


Harnek Seechewal

Content Editor

Related News