ਡਿਫਾਲਟਰਾਂ ਦੇ 141 ਕੁਨੈਕਸ਼ਨ ਕੱਟੇ, ਸਿੱਧੀ ਚੋਰੀ ਦੇ 79 ਕੇਸਾਂ ’ਚ 65 ਲੱਖ ‘ਜੁਰਮਾਨਾ’, 1.08 ਕਰੋੜ ‘ਰਿਕਵਰੀ’

05/30/2022 4:08:28 PM

ਜਲੰਧਰ (ਪੁਨੀਤ)-‘ਬਿਜਲੀ ਬਚਾਓ’ ਮੁਹਿੰਮ ਤਹਿਤ ਪਾਵਰਕਾਮ ਦੇ ਡਿਸਟ੍ਰੀਬਿਊਸ਼ਨ ਅਤੇ ਐਨਫੋਰਸਮੈਂਟ ਵਿੰਗ ਨੇ ਜਿਥੇ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਡਿਫਾਲਟਰਾਂ ਦੇ ਕੁਨੈਕਸ਼ਨ ਕੱਟ ਦਿੱਤੇ, ਉਥੇ ਹੀ ਬਿਜਲੀ ਚੋਰੀ ਕਰਨ ਵਾਲਿਅਾਂ ਦੀ ਵੀ ਛੁੱਟੀ ਵਾਲੇ ਦਿਨ ਸ਼ਾਮਤ ਆਈ। ਇਸ ਨਾਲ ਵਿਭਾਗ ਨੂੰ ਵੱਡੇ ਪੱਧਰ ’ਤੇ ਰਿਕਵਰੀ ਵੀ ਹੋਈ ਅਤੇ ਚੋਰੀ ਕਰਨ ਵਾਲਿਅਾਂ ਨੂੰ ਮੋਟਾ ਜੁਰਮਾਨਾ ਵੀ ਠੋਕਿਆ ਗਿਆ। ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਜੈਇੰਦਰ ਦਾਨੀਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਾਰਾਂ ਸਰਕਲਾਂ ਵੱਲੋਂ ਟੀਮਾਂ ਦਾ ਗਠਨ ਕਰ ਕੇ ਡਿਫਾਲਟਰਾਂ ਤੋਂ ਰਿਕਵਰੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ’ਚ ਖਾਸ ਤੌਰ ’ਤੇ ਕਿਹਾ ਗਿਆ ਕਿ ਜਿਹੜੇ ਵਿਅਕਤੀ ਲੰਮੇ ਸਮੇਂ ਤੋਂ ਅਦਾਇਗੀ ਨਹੀਂ ਕਰ ਰਹੇ, ਉਨ੍ਹਾਂ ਦੇ ਮੀਟਰ ਲਾਹ ਲਏ ਜਾਣ। ਇਸ ਕਾਰਨ ਅੱਜ ਜ਼ੋਨ ਦੀਅਾਂ ਵੱਖ-ਵੱਖ ਡਵੀਜ਼ਨਾਂ ਵੱਲੋਂ 25 ਦੇ ਲਗਭਗ ਮੀਟਰ ਲਾਹੇ ਗਏ।

ਅੱਜ ਸਵੇਰ ਤੋਂ ਸ਼ੁਰੂ ਹੋਈ ਕਾਰਵਾਈ ਬਾਅਦ ਦੁਪਹਿਰ ਤਕ ਚੱਲੀ ਅਤੇ ਇਸ ਦੌਰਾਨ ਡਿਫਾਲਟਰਾਂ ਦੇ 141 ਕੁਨੈਕਸ਼ਨ ਕੱਟੇ ਗਏ। ਭਿਆਨਕ ਗਰਮੀ ’ਚ ਕੁਨੈਕਸ਼ਨ ਕੱਟਣ ਤੋਂ ਬਾਅਦ ਕਈ ਖਪਤਕਾਰਾਂ ਵੱਲੋਂ ਸਿਫਾਰਿਸ਼ਾਂ ਕਰਵਾਈਆਂ ਗਈਆਂ ਤਾਂ ਕਿ ਉਨ੍ਹਾਂ ਦੇ ਕੁਨੈਕਸ਼ਨ ਜੋੜ ਦਿੱਤੇ ਜਾਣ ਪਰ ਫੀਲਡ ਸਟਾਫ ਨੇ ਫੋਨ ’ਤੇ ਕਿਸੇ ਨਾਲ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਕੁਨੈਕਸ਼ਨ ਜੁੜਵਾਉਣ ਲਈ ਲੋਕਾਂ ਨੂੰ ਰਕਮ ਜਮ੍ਹਾ ਕਰਵਾਉਣੀ ਪਈ। ਛੁੱਟੀ ਹੋਣ ਕਾਰਨ ਜ਼ੋਨ ਅਧੀਨ ਖਪਤਕਾਰਾਂ ਵੱਲੋਂ ਜਮ੍ਹਾ ਕਰਵਾਈ ਰਕਮ ਦਾ ਸਹੀ ਪਤਾ ਨਹੀਂ ਚੱਲ ਸਕਿਆ। ਅੰਦਾਜ਼ਨ ਵਿਭਾਗ ਨੂੰ 1.08 ਕਰੋੜ ਦੇ ਲਗਭਗ ਰਿਕਵਰੀ ਹੋਈ ਦੱਸੀ ਜਾ ਰਹੀ ਹੈ।

ਇਸ ਦੇ ਨਾਲ ਹੀ ਐਨਫੋਰਸਮੈਂਟ ਵਿੰਗ ਦੇ ਉਪ ਮੁੱਖ ਇੰਜੀਨੀਅਰ ਰਜਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵੱਖ-ਵੱਖ ਸਰਕਲਾਂ ਤਹਿਤ ਚੈਕਿੰਗ ਲਈ ਟੀਮਾਂ ਭੇਜੀਆਂ ਗਈਆਂ। ਸਵੇਰੇ ਤੜਕਸਾਰ ਵਿਭਾਗ ਨੂੰ ਸਿੱਧੀ ਕੁੰਡੀ ਦੇ ਕੇਸ ਫੜਨ ’ਚ ਜ਼ਿਆਦਾ ਸਫ਼ਲਤਾ ਮਿਲੀ। ਇੰਜੀਨੀਅਰ ਰਜਤ ਸ਼ਰਮਾ ਦੀ ਅਗਵਾਈ ਹੇਠ ਇਲਾਕੇ ’ਚ 79 ਦੇ ਲੱਗਭਗ ਕੇਸ ਫੜੇ ਗਏ। ਫੀਲਡ ਸਟਾਫ ਨੇ ਦੱਸਿਆ ਕਿ ਉਨ੍ਹਾਂ ਦਾ ਜੁਰਮਾਨਾ 65 ਲੱਖ ਦੇ ਲੱਗਭਗ ਬਣਦਾ ਹੈ। ਸੋਮਵਾਰ ਨੂੰ ਦਫਤਰ ਖੁੱਲ੍ਹਣ ਤੋਂ ਬਾਅਦ ਨੋਟਿਸ ਭੇਜਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸੇ ਤਰ੍ਹਾਂ ਵਿਭਾਗ ਵੱਲੋਂ ਸ਼ੱਕੀ ਪਾਏ ਲਗਭਗ ਇਕ ਦਰਜਨ ਮੀਟਰ ਲਾਹੇ ਗਏ, ਜਿਨ੍ਹਾਂ ਦੀ ਚੈਕਿੰਗ ਲੈਬ ’ਚ ਕਰਵਾਈ ਜਾਵੇਗੀ।

10 ਹਜ਼ਾਰ ਤੋਂ ਘੱਟ ਵਾਲਿਅਾਂ ’ਤੇ ਅੱਜ ਤੋਂ ਹੋਵੇਗੀ ਕਾਰਵਾਈ
ਸਰਕਾਰ ਬਣਨ ਤੋਂ ਬਾਅਦ ਲੰਮੇ ਸਮੇਂ ਤਕ ਡਿਫਾਲਟਰਾਂ ਵਿਰੁੱਧ ਮੁਹਿੰਮ ਬੰਦ ਰਹੀ ਸੀ ਕਿਉਂਕਿ ਪੈਂਡਿੰਗ ਬਿੱਲਾਂ ਨੂੰ ਮੁਆਫ ਕਰਨ ’ਤੇ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਸਰਕਾਰ ਨੇ 2 ਕਿਲੋਵਾਟ ਵਾਲੇ ਖਪਤਕਾਰਾਂ ਦੇ 31 ਦਸੰਬਰ ਤਕ ਦੇ ਬਿੱਲ ਮੁਆਫ ਕਰ ਦਿੱਤੇ ਅਤੇ ਵਿਭਾਗ ਨੂੰ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ। ਇਸ ਤੋਂ ਬਾਅਦ ਵਿਭਾਗ ਨੇ ਸਭ ਤੋਂ ਪਹਿਲਾਂ ਲੱਖ ਰੁਪਏ ਤੋਂ ਵੱਧ ਵਾਲੇ ਖਪਤਕਾਰਾਂ ’ਤੇ ਫੋਕਸ ਕੀਤਾ। ਇਸ ਤੋਂ ਬਾਅਦ 75 ਹਜ਼ਾਰ ਤੋਂ ਘੱਟ ਰਾਸ਼ੀ ਵਾਲਿਅਾਂ ’ਤੇ ਸਖਤੀ ਕੀਤੀ ਜਾ ਰਹੀ ਸੀ, ਜਦਕਿ ਇਸ ਤੋਂ ਘੱਟ ਵਾਲਿਅਾਂ ਨੂੰ ਚਿਤਾਵਨੀ ਦਿੱਤੀ ਗਈ। ਵਿਭਾਗ ਹੁਣ 25 ਹਜ਼ਾਰ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟ ਰਿਹਾ ਹੈ, ਜਦਕਿ ਸੋਮਵਾਰ ਤੋਂ 10 ਹਜ਼ਾਰ ਰੁਪਏ ਬਕਾਇਆ ਰਾਸ਼ੀ ਵਾਲਿਅਾਂ ਦੇ ਕੁਨੈਕਸ਼ਨ ਕੱਟਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਨ੍ਹਾਂ ਦੀਅਾਂ ਲਿਸਟਾਂ ਵਿਭਾਗ ਵੱਲੋਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਜੋ ਕਿ ਕੱਲ ਅੱਗੇ ਅਧਿਕਾਰੀਅਾਂ ਨੂੰ ਭੇਜ ਦਿੱਤੀਆਂ ਜਾਣਗੀਆਂ।
 


Manoj

Content Editor

Related News