ਅਮਰੀਕਾ ਭੇਜਣ ਦੇ ਨਾਂ ''ਤੇ ਕੀਤੀ 14 ਲੱਖ ਦੀ ਠੱਗੀ

07/12/2019 12:00:30 AM

ਜਲੰਧਰ (ਮਹੇਸ਼)— ਅਮਰੀਕਾ ਭੇਜਣ ਦੇ ਨਾਂ 'ਤੇ 14 ਲੱਖ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟ ਵਿਰੁੱਧ ਥਾਣਾ ਕੈਂਟ 'ਚ ਮੁਕੱਦਮਾ ਨੰਬਰ 77 ਤਹਿਤ ਆਈ. ਪੀ. ਸੀ. ਦੀ ਧਾਰਾ 406, 420 ਅਤੇ ਇਮੀਗ੍ਰੇਸ਼ਨ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣਾ ਕੈਂਟ ਦੇ ਐਡੀਸ਼ਨਲ ਐੱਸ. ਐੱਚ. ਓ. ਜਸਵੰਤ ਸਿੰਘ ਨੇ ਮੁਲਜ਼ਮ ਟਰੈਵਲ ਏਜੰਟ ਦੀ ਪਛਾਣ ਗੁਰਦੇਵ ਸਿੰਘ ਮੰਗੀ ਪੁੱਤਰ ਅਰਜੁਨ ਸਿੰਘ ਨਿਵਾਸੀ ਪਿੰਡ ਕਲਿਆਣਪੁਰ ਥਾਣਾ ਲਾਂਬੜਾ ਦੇਹਾਤ ਪੁਲਸ ਜਲੰਧਰ ਵਜੋਂ ਦੱਸੀ ਹੈ। ਉਨ੍ਹਾਂ ਕਿਹਾ ਕਿ ਸੰਸਾਰਪੁਰ ਨਿਵਾਸੀ ਪਰਸਰਾਮ ਪੁੱਤਰ ਮੱਸੂ ਰਾਮ ਨੇ ਪੁਲਸ ਕਮਿਸ਼ਨਰ ਨੂੰ ਮੰਗੀ ਵਿਰੁੱਧ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਡੀ. ਏ. ਲੀਗਲ ਦੀ ਰਾਏ ਨਾਲ ਉਸ 'ਤੇ ਕੇਸ ਦਰਜ ਕਰ ਦਿੱਤਾ ਗਿਆ। ਪਰਸਰਾਮ ਨੇ ਦੱਸਿਆ ਕਿ ਉਸ ਦੇ ਭਤੀਜੇ ਮਨਪ੍ਰੀਤ ਨੂੰ ਇਕ ਨੰਬਰ 'ਚ ਅਮਰੀਕਾ ਭੇਜਣ ਲਈ ਮੰਗੀ ਨਾਮਕ ਨਾਮਕ ਏਜੰਟ ਨੇ 14 ਲੱਖ ਰੁਪਏ ਮੰਗੇ ਸਨ ਜੋ ਕਿ ਉਸ ਨੇ ਦੋ ਕਿਸ਼ਤਾਂ 'ਚ ਉਸ ਨੂੰ ਦਿੱਤੇ। ਪਹਿਲੀ ਕਿਸ਼ਤ 9 ਲੱਖ ਰੁਪਏ 22 ਜਨਵਰੀ ਨੂੰ ਦਿੱਤੀ ਅਤੇ ਦੂਜੀ ਕਿਸ਼ਤ 5 ਲੱਖ ਰੁਪਏ 5 ਫਰਵਰੀ ਨੂੰ ਦਿੱਤੀ ਸੀ। ਮੰਗੀ ਉਨ੍ਹਾਂ ਨੂੰ ਲਗਾਤਾਰ ਗੁੰਮਹਾਰ ਕਰਦਾ ਰਿਹਾ ਅਤੇ ਆਖਿਰਕਾਰ ਮਨਪ੍ਰੀਤ ਨੂੰ ਅਮਰੀਕਾ ਦੀ ਜਗ੍ਹਾ ਕਿਸੇ ਹੋਰ ਦੇਸ਼ 'ਚ ਭੇਜ ਦਿੱਤਾ, ਜਿਸ ਦੇ ਬਦਲੇ ਉਨ੍ਹਾਂ ਤੋਂ ਦੋ ਲੱਖ ਰੁਪਏ ਹੋਰ ਮੰਗਣੇ ਸ਼ੁਰੂ ਕਰ ਦਿੱਤੇ ਜਦਕਿ ਉਨ੍ਹਾਂ ਨੇ ਮੰਗੀ ਨੂੰ ਸਿਰਫ ਅਮਰੀਕਾ ਭੇਜਣ ਲਈ 14 ਲੱਖ ਰੁਪਏ ਦਿੱਤੇ ਸਨ। ਐਡੀਸ਼ਨਲ ਐੱਸ. ਐੱਚ. ਓ. ਜਸਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੰਗੀ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh