ਪਾਵਰਕੱਟਾਂ ਨਾਲ ਹਾਹਾਕਾਰ : 1285 ਸ਼ਿਕਾਇਤਾਂ, ਕੱਟ-ਫਾਲਟ-ਰਿਪੇਅਰ ਨਾਲ ਲੱਖਾਂ ਘਰਾਂ ’ਚ ਘੰਟਿਆਂ ਤੱਕ ਬਲੈਕ ਆਊਟ

05/12/2022 6:15:27 PM

ਜਲੰਧਰ (ਪੁਨੀਤ)–ਵੱਖ-ਵੱਖ ਕਾਰਨਾਂ ਕਾਰਨ ਲੱਗਣ ਵਾਲੇ ਪਾਵਰਕੱਟਾਂ ਨੇ ਹਾਹਾਕਾਰ ਮਚਾਈ ਹੋਈ ਹੈ, ਜਿਸ ਨਾਲ ਆਮ ਲੋਕ ਬੇਹੱਦ ਪ੍ਰੇਸ਼ਾਨ ਹਨ ਅਤੇ ਪਾਵਰਕਾਮ ਸਮੇਤ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਹੇ ਹਨ। ਬਿਜਲੀ ਦੀ ਵਧਦੀ ਮੰਗ ਕਾਰਨ ਸ਼ਹਿਰ ਦੇ ਦਰਜਨਾਂ ਇਲਾਕਿਆਂ ਦੇ ਟਰਾਂਸਫਾਰਮਰ ਓਵਰਲੋਡ ਚੱਲ ਰਹੇ ਹਨ, ਜਿਸ ਨਾਲ ਧੜੱਲੇ ਨਾਲ ਫਾਲਟ ਪੈ ਰਹੇ ਹਨ। ਇਸੇ ਕ੍ਰਮ ’ਚ ਅੱਜ ਸ਼ਹਿਰ ਅਤੇ ਪੇਂਡੂ ਇਲਾਕਿਆਂ ’ਚ ਬਿਜਲੀ ਸਬੰਧੀ 1285 ਸ਼ਿਕਾਇਤਾਂ ਪ੍ਰਾਪਤ ਹੋਈਆਂ। ਰਿਪੇਅਰ, ਫਾਲਟ ਅਤੇ ਕੱਟਾਂ ਕਾਰਨ ਬੱਤੀ ਗੁੱਲ ਰਹਿਣ ਕਰ ਕੇ ਲੱਖਾਂ ਖਪਤਕਾਰਾਂ ਦੇ ਘਰਾਂ ਵਿਚ ਘੰਟਿਆਂ ਤੱਕ ਬਲੈਕ ਆਊਟ ਰਿਹਾ।

ਬਿਜਲੀ ਦੀ ਸ਼ਾਰਟੇਜ ਨਾਲ ਨਜਿੱਠਣ ਲਈ ਵਿਭਾਗ ਵੱਲੋਂ ਪੇਂਡੂ, ਸਬਜ਼ੀਆਂ ਅਤੇ ਐਗਰੀਕਲਚਰ ਸਪਲਾਈ ’ਤੇ ਪਾਵਰਕੱਟ ਲੱਗ ਰਹੇ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ ਰਿਪੇਅਰ ਦੇ ਨਾਂ ’ਤੇ ਬਿਜਲੀ ਬੰਦ ਰੱਖਣ ਬਾਰੇ ਜੋ ਸੂਚਨਾ ਦਿੱਤੀ ਜਾਂਦੀ ਹੈ, ਉਸ ਅਨੁਸਾਰ ਬਿਜਲੀ ਚਾਲੂ ਨਹੀਂ ਹੁੰਦੀ, ਜਿਸ ਕਾਰਨ ਕਈ ਇਲਾਕਿਆਂ ਵਿਚ 4-5 ਘੰਟੇ ਦਾ ਕੱਟ ਦੱਸ ਕੇ 6-7 ਘੰਟਿਆਂ ਤੱਕ ਬਿਜਲੀ ਗੁੱਲ ਰਹਿਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਕਈ ਵਾਰ ਜ਼ਿਆਦਾ ਖਰਾਬੀ ਸਾਹਮਣੇ ਆ ਜਾਂਦੀ ਹੈ, ਜਿਸ ਨੂੰ ਵਿਚਕਾਰ ਛੱਡਣਾ ਸੰਭਵ ਨਹੀਂ ਹੁੰਦਾ। ਅੱਜ ਸ਼ਹਿਰ ਦੇ ਮੁੱਖ ਇਲਾਕਿਆਂ ਵਿਚ ਰਿਪੇਅਰ ਕਾਰਨ ਦਰਜਨਾਂ ਫੀਡਰ ਬੰਦ ਰੱਖੇ ਗਏ, ਜਿਸ ਦਾ ਅਸਰ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਵਪਾਰੀਆਂ ’ਤੇ ਵੀ ਪਿਆ। ਲੋਕਾਂ ਨੇ ਦੱਸਿਆ ਕਿ ਵੱਡੇ ਮੀਟਰ ਰਾਹੀਂ ਇਕ ਘੰਟੇ ਵਿਚ ਲਿਟਰ ਤੋਂ ਜ਼ਿਆਦਾ ਡੀਜ਼ਲ ਦੀ ਖਪਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ 6-7 ਘੰਟੇ ਰਿਪੇਅਰ ਲਈ ਬਿਜਲੀ ਬੰਦ ਰੱਖੀ ਗਈ ਅਤੇ ਇਸਦੇ ਕੁਝ ਦੇਰ ਬਾਅਦ ਫਾਲਟ ਕਾਰਨ 2 ਘੰਟੇ ਬੱਤੀ ਗੁੱਲ ਰਹੀ, ਜਿਸ ਕਾਰਨ 1000 ਰੁਪਏ ਤੋਂ ਜ਼ਿਆਦਾ ਦਾ ਡੀਜ਼ਲ ਇਸਤੇਮਾਲ ਹੋਇਆ।

ਉਥੇ ਹੀ 12 ਮਈ ਨੂੰ ਵੀ ਵਿਭਾਗ ਵੱਲੋਂ ਬਿਜਲੀ ਦੀ ਰਿਪੇਅਰ ਜਾਰੀ ਰੱਖੀ ਜਾਵੇਗੀ, ਜਿਸ ਕਾਰਨ ਦਰਜਨਾਂ ਇਲਾਕਿਆਂ ਦੇ ਹਜ਼ਾਰਾਂ ਖਪਤਕਾਰ ਪ੍ਰਭਾਵਿਤ ਹੋਣਗੇ। ਪਾਵਰਕਾਮ ਮੁਤਾਬਕ 66 ਕੇ. ਵੀ. ਟੀ. ਵੀ. ਸੈਂਟਰ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਫੀਡਰ ਤੇਜਮੋਹਨ ਨਗਰ ਦੀ ਸਪਲਾਈ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਉਕਤ ਫੀਡਰ ਤੋਂ ਚੱਲਦੇ ਬਸਤੀ ਸ਼ੇਖ ਤੇਜਮੋਹਨ ਨਗਰ, ਅਸ਼ੋਕ ਨਗਰ, ਟੈਗੋਰ ਨਗਰ, ਸੰਤ ਨਗਰ, ਨਿਊ ਸੁਰਾਜਗੰਜ ਇਲਾਕੇ ਬੰਦ ਰਹਿਣਗੇ। ਇਸੇ ਤਰ੍ਹਾਂ 132 ਕੇ. ਵੀ. ਅਰਬਨ ਅਸਟੇਟ ਸਬ-ਸਟੇਸਨ ਤੋਂ ਚੱਲਦੇ 11 ਕੇ. ਵੀ. ਅਰਬਨ ਅਸਟੇਟ ਫੀਡਰ ਦੀ ਸਪਲਾਈ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਇਸੇ ਤਰ੍ਹਾਂ ਹੋਰ ਡਵੀਜ਼ਨਾਂ ਦੇ ਇਲਾਕੇ ਵੀ ਵੱਖ-ਵੱਖ ਸਮੇਂ ਬੰਦ ਰੱਖੇ ਜਾਣਗੇ।
 

Manoj

This news is Content Editor Manoj