ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਾਲੀਆਂ 108 ਐਂਬੂਲੈਂਸਾਂ ਖੁਦ ਬਿਮਾਰ, ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ ਚੈਕਿੰਗ

03/21/2022 4:32:44 PM

ਰੂਪਨਗਰ (ਸੱਜਣ ਸਿੰਘ ਸੈਣੀ) : ਪੰਜਾਬ ਦੇ ਲੋਕਾਂ ਨਾਲ ਸਿਸਟਮ 'ਚ ਸੁਧਾਰ ਤੇ ਬਦਲਾਅ ਦਾ ਵਾਅਦਾ ਕਰਕੇ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਰਕਾਰੀ ਅਦਾਰਿਆਂ ਤੇ ਮਸ਼ੀਨਰੀ ਦੇ ਸੁਧਾਰ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਰੂਪਨਗਰ ਤੋਂ 'ਆਪ' ਵਿਧਾਇਕ ਦਿਨੇਸ਼ ਚੱਢਾ ਵੱਲੋਂ ਬੀਤੀ ਰਾਤ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ 'ਚ ਪਹੁੰਚ ਕੇ ਅਚਾਨਕ 108 ਨੰਬਰ ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ : 'ਆਪ' ਨੇ ਬਦਲਿਆ ਪਾਰਟੀ ਦਾ ਪੰਜਾਬ ਸਹਿ-ਇੰਚਾਰਜ, ਜਾਣੋ ਹੁਣ ਕਿਸ ਨੂੰ ਸੌਂਪੀ ਜ਼ਿੰਮੇਵਾਰੀ

ਇਸ ਦੌਰਾਨ ਵਿਧਾਇਕ ਚੱਢਾ ਨੇ ਦੇਖਿਆ ਕਿ ਐਂਬੂਲੈਂਸਾਂ 'ਚ ਮਰੀਜ਼ਾਂ ਦੀ ਜਾਨ ਬਚਾਉਣ ਵਾਲੀਆਂ ਕਈ ਜ਼ਰੂਰੀ ਸੁਵਿਧਾਵਾਂ ਹੀ ਉਪਲਬਧ ਨਹੀਂ ਹਨ ਅਤੇ ਕਈ ਐਂਬੂਲੈਂਸਾਂ ਦੇ ਤਾਂ ਟਾਇਰਾਂ ਦੀ ਹਾਲਤ ਅਜਿਹੀ ਸੀ ਕਿ ਕਿਸੇ ਸਮੇਂ ਵੀ ਪਟਾਕਾ ਪੈ ਸਕਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਫੋਨ 'ਤੇ ਹੀ ਐਂਬੂਲੈਂਸ ਕੰਪਨੀ ਦੇ ਅਧਿਕਾਰੀਆਂ ਦੀ ਕਲਾਸ ਲਗਾਈ। ਚੈਕਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੱਢਾ ਨੇ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਅਤੇ ਛੱਡਣ ਦੀ ਸਹੂਲਤ ਪ੍ਰਦਾਨ ਕਰਨ ਵਾਲੀਆਂ ਇਨ੍ਹਾਂ ਐਂਬੂਲੈਂਸਾਂ ਦੀ ਹਾਲਤ ਕਾਫੀ ਖਸਤਾ ਹੈ, ਜਿਸ ਸਬੰਧੀ ਉਨ੍ਹਾਂ ਨੇ ਬੀਤੀ ਰਾਤ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲਦ ਹੀ ਇਨ੍ਹਾਂ ਐਂਬੂਲੈਂਸਾਂ 'ਚ ਕਮੀਆਂ ਨੂੰ ਦੂਰ ਕੀਤਾ ਜਾਵੇ।

ਇਹ ਵੀ ਪੜ੍ਹੋ : ਰਾਜ ਸਭਾ ਦੀਆਂ ਚੋਣਾਂ ਲਈ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

ਜ਼ਿਕਰਯੋਗ ਹੈ ਕਿ ਵਕੀਲ ਦਿਨੇਸ਼ ਚੱਢਾ ਵੱਲੋਂ ਵਿਧਾਇਕ ਬਣਨ ਤੋਂ ਬਾਅਦ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਉਨ੍ਹਾਂ ਨੇ ਸਰਕਾਰੀ ਸਿਹਤ ਸਹੂਲਤਾਂ ਦੇਣ ਵਾਲੀਆਂ ਇਨ੍ਹਾਂ ਐਂਬੂਲੈਂਸਾਂ ਦੀਆਂ ਕਮੀਆਂ ਨੂੰ ਸਾਹਮਣੇ ਲਿਆਂਦਾ ਹੋਵੇ, ਬਲਕਿ ਜਦੋਂ ਉਹ ਵਿਧਾਇਕ ਨਹੀਂ ਵੀ ਸੀ, ਉਸ ਸਮੇਂ ਵੀ ਉਨ੍ਹਾਂ ਵੱਲੋਂ ਅਕਸਰ ਸਰਕਾਰੀ ਹਸਪਤਾਲ ਦੀਆਂ ਕਮੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਉਜਾਗਰ ਕਰਦਿਆਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਤਾਂ ਕਿ ਕੋਈ ਸੁਧਾਰ ਹੋ ਸਕੇ।

Harnek Seechewal

This news is Content Editor Harnek Seechewal