ਟੂਰਿਸਟ ਬੱਸ ਅਤੇ ਟਰੈਕਟਰ-ਟਰਾਲੀ ’ਚ ਟੱਕਰ,1 ਦੀ ਮੌਤ

01/05/2020 8:50:22 PM

ਗਡ਼੍ਹਦੀਵਾਲਾ, (ਜਤਿੰਦਰ)- ਇਥੋਂ ਥੋਡ਼੍ਹੀ ਦੂਰ ਪਿੰਡ ਮਾਛੀਆਂ ਨਜ਼ਦੀਕ ਹੁਸ਼ਿਆਰਪੁਰ-ਦਸੂਹਾ ਮੇਨ ਰੋਡ ’ਤੇ ਅੱਜ ਸਵੇਰੇ ਇਕ ਟੂਰਿਸਟ ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਹੋਏ ਜ਼ਬਰਦਸਤ ਸਡ਼ਕ ਹਾਦਸੇ ’ਚ 1 ਵਿਅਕਤੀ ਦੀ ਮੌਤ ਅਤੇ 3 ਹੋਰਨਾਂ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦਾ ਸਮਾਚਾਰ ਹੈ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਟੂਰਿਸਟ ਬੱਸ ਨੰਬਰ ਐੱਚ ਆਰ 69 ਸੀ-0970 ਦਿੱਲੀ ਤੋਂ ਜੰਮੂ ਨੂੰ ਜਾ ਰਹੀ ਸੀ। ਜਦੋਂ ਬੱਸ ਪਿੰਡ ਮਾਛੀਆਂ ਨੇੜੇ ਪਹੁੰਚੀ ਤਾਂ ਲੱਕਡ਼ ਲੈ ਕੇ ਹੁਸ਼ਿਆਰਪੁਰ ਨੂੰ ਜਾ ਰਹੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਣ ਬੱਸ ਦੀ ਇਕ ਸਾਈਡ ਵਿਚ ਲੱਕਡ਼ਾਂ ਵੱਜਣ ਕਾਰਨ ਬੱਸ ਵਿਚ ਸਵਾਰ ਵਿਅਕਤੀ ਸ਼ੌਕਤ ਅਹਿਮਦ ਪਾਲ ਪੁੱਤਰ ਅਬਦੁੱਲ ਅਜੀਜ ਪਾਲ ਵਾਸੀ ਦਰਗਡ਼੍ਹ ਸ਼ੋਪੀਆਂ ਜੰਮੂ-ਕਸ਼ਮੀਰ ਦੀ ਬੱਸ ਵਿਚੋਂ ਹੇਠਾਂ ਸਿਰ ਭਾਰ ਡਿੱਗ ਜਾਣ ਕਾਰਣ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਤੋਂ ਇਲਾਵਾ ਬੱਸ ਵਿਚ ਸਵਾਰ ਨਿਤਿਨ ਦੂਬੇ, ਅਸ਼ੀਸ਼ ਸ਼ਰਮਾ ਅਤੇ ਅਮਨ ਦੂਬੇ ਵਾਸੀ ਰਾਮਬਾਗ, ਦਿੱਲੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗਡ਼੍ਹਦੀਵਾਲਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ। ਜਾਣਕਾਰੀ ਅਨੁਸਾਰ ਬੱਸ ਵਿਚ ਲਗਭਗ 35 ਸਵਾਰੀਆਂ ਸਨ। ਪੁਲਸ ਵੱਲੋਂ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa