3 ਕਿਲੋ 700 ਗ੍ਰਾਮ ਨਸ਼ੇ ਵਾਲੇ ਪਾਊਡਰ ਸਣੇ 1 ਗ੍ਰਿਫਤਾਰ

12/07/2018 12:13:56 AM

ਰੂਪਨਗਰ, (ਵਿਜੇ)- ਸੀ.ਆਈ.ਏ. ਪੁਲਸ ਰੂਪਨਗਰ ਨੇ ਨਜ਼ਦੀਕੀ ਇਕ ਪਿੰਡ ’ਚ  ਨਸ਼ੇ ਦਾ ਧੰਦਾ ਕਰ ਰਹੇ ਇਕ ਵਿਅਕਤੀ ਤੋਂ  ਨਸ਼ੇ  ਵਾਲਾ ਪਾਊਡਰ ਬਰਾਮਦ ਕਰ ਕੇ ਉਸ ਨੂੁੰ ਗ੍ਰਿਫਤਾਰ ਕੀਤਾ ਹੈ। 
 ਸੀ.ਆਈ.ਏ. ਇੰਚਾਰਜ ਪਾਲ ਸਿੰਘ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਮਿਲਣ ਦੇ ਬਾਅਦ ਪੁਲਸ ਨੇ ਥਾਣਾ ਸਦਰ ਰੂਪਨਗਰ ਦੇ ਅਧੀਨ ਪਿੰਡ ਮਲਿਕਪੁਰ ’ਚ  ਦੁਕਾਨ ’ਚ  ਨਸ਼ੇ  ਵਾਲਾ ਪਾਊਡਰ ਵੇਚਣ ਦਾ ਕੰਮ ਕਰ ਰਹੇ  ਅਨਿਲ ਕੁਮਾਰ ਪੁੱਤਰ ਰਾਮ ਸਰੂਪ ਨਿਵਾਸੀ ਵਾਰਡ ਨੰ. 3 , ਜ਼ਿਲਾ ਕਰਨਾਲ (ਹਰਿਆਣਾ) ਤੋਂ 3 ਕਿਲੋ 700 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਹੈ। ਪੁਲਸ ਪਾਰਟੀ ਜਿਸ ’ਚ ਏ.ਐੱਸ.ਆਈ. ਨਿਰਭੈ ਸਿੰਘ, ਏ.ਐੱਸ.ਆਈ. ਗੁਰਦਰਸ਼ਨ ਸਿੰਘ, ਹੌਲਦਾਰ ਭਜਨ ਸਿੰਘ, ਏ.ਐੱਸ.ਆਈ. ਕਮਲ ਕਿਸ਼ੋਰ, ਏ.ਐੱਸ.ਆਈ. ਬਲਬੀਰ ਸਿੰਘ ਨੇ ਦੁਕਾਨ ਨੂੰ ਘੇਰਾ ਪਾ ਕੇ ਇਹ ਨਸ਼ੇ  ਵਾਲਾ ਪਾਊਡਰ ਬਰਾਮਦ ਕਰ ਲਿਆ ਹੈ ਅਤੇ ਉਕਤ ਵਿਰੁੱਧ ਪੁਲਸ ਚੌਕੀ ਘਨੌਲੀ ’ਚ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਇਹ ਕਰਨਾਲ ਤੋਂ ਪਾਊਡਰ ਲਿਆਉਂਦਾ ਸੀ ਅਤੇ ਉਸ ਦੀਆਂ ਪੁਡ਼ੀਆਂ ਬਣਾ ਕੇ ਗਾਹਕ ਨੂੰ ਉਸ ਦੀ ਹੈਸੀਅਤ ਦੇਖ ਕੇ ਮੁੱਲ ਲਾਉਂਦਾ ਸੀ।  
ਇਹ ਵੀ ਪਤਾ ਚੱਲਿਆ ਹੈ ਕਿ ਸਾਲ 2014 ’ਚ ਵੀ ਇਸ ਦੇ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦਾ ਮਾਮਲਾ ਥਾਣਾ ਸਿਟੀ ਰੂਪਨਗਰ ’ਚ ਵੀ ਦਰਜ ਹੈ। ਪੁਲਸ ਨੇ ਗ੍ਰਿਫਤਾਰੀ ਦੇ ਬਾਅਦ ਅੱਜ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਅਤੇ ਪੁਲਸ ਇਸ ਤੋਂ ਉਕਤ ਧੰਦੇ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।