48 ਟਰੱਕ ਕੂੜਾ ਚੁੱਕੇ ਜਾਣ ਦੇ ਬਾਵਜੂਦ ਮਾਡਲ ਟਾਊਨ ਡੰਪ ’ਤੇ ਅਜੇ ਇੰਨਾ ਹੀ ਕੂੜਾ ਹੋਰ ਜਮ੍ਹਾ

08/19/2022 4:41:41 PM

ਜਲੰਧਰ (ਖੁਰਾਣਾ)– ਨਗਰ ਨਿਗਮ ਕੋਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਫੌਜ ਹੋਣ ਅਤੇ ਸਾਫ਼-ਸਫ਼ਾਈ ’ਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਅਜਿਹੇ ਵਿਚ ਸ਼ਹਿਰ ਦਾ ਸਭ ਤੋਂ ਗੰਦਾ ਡੰਪ ਸ਼ਹਿਰ ਦੀ ਸਭ ਤੋਂ ਪਾਸ਼ ਕਾਲੋਨੀ ਵਿਚ ਸਥਿਤ ਹੈ, ਜਿਸ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਵਾਲਾ ਡੰਪ ਕਿਹਾ ਜਾਂਦਾ ਹੈ। ਇਥੇ ਪਿਛਲੇ ਲੰਮੇ ਸਮੇਂ ਤੋਂ ਭਾਰੀ ਮਾਤਰਾ ਵਿਚ ਕੂੜਾ ਜਮ੍ਹਾ ਕੀਤਾ ਜਾ ਰਿਹਾ ਹੈ, ਜਿਸ ਦੀ ਬਦਬੂ ਕਈ-ਕਈ ਕਿਲੋਮੀਟਰ ਦੂਰ ਤੱਕ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਸੀ। ਡੰਪ ਦੇ ਮਾਮਲੇ ਵਿਚ ਹਰ ਸਿਆਸੀ ਪਾਰਟੀ ਦੇ ਆਗੂ ਨੇ ਆਪਣੇ ਪੱਧਰ ’ਤੇ ਯਤਨ ਕੀਤੇ ਪਰ ਨਿਗਮ ਅਧਿਕਾਰੀ ਇਸ ਡੰਪ ਨੂੰ ਸ਼ਿਫਟ ਕਰਨ ਵਿਚ ਫੇਲ ਸਾਬਿਤ ਹੋਏ।

ਹੁਣ ਇਸ ਡੰਪ ਦੀ ਸਮੱਸਿਆ ਨੂੰ ਲੈ ਕੇ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਬਣੀ ਹੈ, ਉਸ ਨੇ ਬੀਤੇ ਦਿਨੀਂ ਡੀ. ਸੀ. ਕੋਲ ਜਾ ਕੇ ਇਹ ਮਾਮਲਾ ਉਠਾਇਆ। ਪਤਾ ਲੱਗਾ ਹੈ ਕਿ ਡੀ. ਸੀ. ਨੇ ਨਿਗਮ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਜਿਹਡ਼ੇ ਨਿਰਦੇਸ਼ ਭੇਜੇ, ਉਸ ਤੋਂ ਬਾਅਦ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਅਤੇ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨੇ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ ਦੀ ਡਿਊਟੀ ਲਾਈ, ਜਿਨ੍ਹਾਂ 17 ਅਗਸਤ ਨੂੰ ਮਾਡਲ ਟਾਊਨ ਡੰਪ ਤੋਂ 27 ਅਤੇ 18 ਅਗਸਤ ਨੂੰ 21 ਟਰੱਕ ਭਰ ਕੇ ਕੂੜਾ ਚੁਕਵਾਇਆ। ਕੁੱਲ 48 ਟਰੱਕ ਕੂੜਾ ਚੁੱਕੇ ਜਾਣ ਦੇ ਬਾਵਜੂਦ ਅਜੇ ਮਾਡਲ ਟਾਊਨ ਡੰਪ ’ਤੇ ਲਗਭਗ ਇੰਨਾ ਹੀ ਕੂੜਾ ਹੋਰ ਜਮ੍ਹਾ ਹੈ, ਜਿਸ ਨੂੰ ਸਾਫ਼ ਕਰਵਾਉਣ ਵਿਚ ਅਜੇ 2-4 ਦਿਨ ਲੱਗ ਸਕਦੇ ਹਨ।

ਇਹ ਵੀ ਪੜ੍ਹੋ: ਮੰਤਰੀ ਅਮਨ ਅਰੋੜਾ ਬੋਲੇ, ਪੰਜਾਬ ਸਰਕਾਰ ਸ਼ਹਿਰੀਕਰਨ ਲਈ ਲਿਆ ਰਹੀ ਹੈ ਨਵੀਂ ਪਾਲਿਸੀ

ਪਹਿਲਾਂ ਹੀ ਭੀਲ ’ਤੇ ਭਰੋਸਾ ਜਤਾ ਚੁੱਕੇ ਹਨ ਨਿਗਮ ਅਧਿਕਾਰੀ

ਅਸ਼ੋਕ ਭੀਲ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਸ਼ਹਿਰ ਦੇ ਦਰਜਨਾਂ ਡੰਪ ਪੂਰੀ ਤਰ੍ਹਾਂ ਖਤਮ ਕਰਵਾਉਣ ਦਾ ਸਿਹਰਾ ਲੈ ਚੁੱਕੇ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਵਿਸ਼ੇਸ਼ ਮੁਹਿੰਮ ਚਲਾ ਕੇ ਹਾਈਵੇ ਦੇ ਕਿਨਾਰਿਆਂ ’ਤੇ ਬਣੇ 50 ਦੇ ਲਗਭਗ ਛੋਟੇ ਡੰਪ ਸਥਾਨਾਂ ਨੂੰ ਬਿਲਕੁਲ ਸਾਫ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਵਿਕਾਸਪੁਰੀ ਡੰਪ ’ਤੇ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਕਈ ਵਾਰ ਚਲਾਈ ਅਤੇ ਹਾਲ ਹੀ ਵਿਚ ਉਨ੍ਹਾਂ ਨੂੰ ਪਲਾਜ਼ਾ ਚੌਕ ਡੰਪ ਸਾਫ ਕਰਨ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ, ਉਸ ਵਿਚ ਉਹ ਪੂਰੀ ਤਰ੍ਹਾਂ ਸਫਲ ਵੀ ਰਹੇ।

ਠੇਕੇਦਾਰ ਕੋਲੋਂ ਲਈਆਂ ਗਈਆਂ ਗੱਡੀਆਂ ਕਾਫ਼ੀ ਖ਼ਸਤਾ ਹਾਲਤ ’ਚ

ਵੀਰਵਾਰ ਜਦੋਂ ਅਸ਼ੋਕ ਭੀਲ ਵੱਲੋਂ ਮਾਡਲ ਟਾਊਨ ਡੰਪ ਕਲੀਅਰ ਕਰਵਾਇਆ ਜਾ ਰਿਹਾ ਸੀ ਤਾਂ ਨਿਗਮ ਕਰਮਚਾਰੀਆਂ ਦੀ ਇਕ ਹੀ ਸ਼ਿਕਾਇਤ ਸਾਹਮਣੇ ਆਈ ਕਿ ਜਿਸ ਪ੍ਰਾਈਵੇਟ ਠੇਕੇਦਾਰ ਕੋਲੋਂ ਨਿਗਮ ਨੇ ਗੱਡੀਆਂ ਕਿਰਾਏ ’ਤੇ ਲਈਆਂ ਹਨ, ਉਸਦੀਆਂ ਗੱਡੀਆਂ ਕਾਫੀ ਖਸਤਾ ਹਾਲਤ ਵਿਚ ਹਨ, ਜਿਸ ਕਾਰਨ ਪੂਰੀ ਸਮਰੱਥਾ ਨਾਲ ਕੂੜਾ ਨਹੀਂ ਚੁੱਕਿਆ ਜਾ ਰਿਹਾ। ਡੰਪ ਤੋਂ ਕੂੜਾ ਚੁੱਕਣ ਤੋਂ ਬਾਅਦ ਇਹ ਗੱਡੀਆਂ ਭੀੜ-ਭੜੱਕੇ ਵਾਲੇ ਬਾਜ਼ਾਰਾਂ ਅਤੇ ਪਾਸ਼ ਕਾਲੋਨੀਆਂ ਵਿਚੋਂ ਨਿਕਲ ਕੇ ਜਦੋਂ ਵਰਿਆਣਾ ਡੰਪ ਵੱਲ ਜਾਂਦੀਆਂ ਹਨ ਤਾਂ ਰਸਤੇ ਵਿਚ ਕੂੜਾ ਖਿਲਾਰਦੀਆਂ ਅਤੇ ਬਦਬੂ ਫੈਲਾਉਂਦੀਆਂ ਜਾਂਦੀਆਂ ਹਨ, ਜੋ ਕਾਫੀ ਗੰਦਾ ਦ੍ਰਿਸ਼ ਪੇਸ਼ ਕਰਦੀਆਂ ਹਨ।

ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ

ਅਰਬਨ ਅਸਟੇਟ, ਖੁਰਲਾ ਕਿੰਗਰਾ ਅਤੇ ਦਿਓਲ ਨਗਰ ਤੱਕ ਦਾ ਕੂੜਾ ਇਸ ਡੰਪ ’ਤੇ ਆਉਣ ਲੱਗਾ

ਨਿਗਮ ਨੇ ਮਾਡਲ ਟਾਊਨ ਡੰਪ ਦੀ ਹਾਲਤ ਸੁਧਾਰਨ ਦੇ ਕਈ ਯਤਨ ਹੁਣ ਤੱਕ ਕੀਤੇ ਜਿਹੜੇ ਸਫਲ ਨਹੀਂ ਹੋਏ। ਡੰਪ ’ਤੇ ਪਹਿਰਾ ਲਾਉਣ ਦਾ ਕੰਮ ਵੀ ਅਸਫ਼ਲ ਸਾਬਿਤ ਹੋਇਆ। ਸਿਰਫ਼ 2 ਵਾਰਡਾਂ ਦਾ ਕੂੜਾ ਇਥੇ ਸੁੱਟਣ ਦੇ ਨਿਰਦੇਸ਼ ਦੇਣ ਦੇ ਬਾਵਜੂਦ ਅੱਜ ਵੀ ਇਸ ਡੰਪ ’ਤੇ ਅਰਬਨ ਅਸਟੇਟ, ਗੜ੍ਹਾ, ਖੁਰਲਾ ਕਿੰਗਰਾ ਤੇ ਦਿਓਲ ਨਗਰ ਵਰਗੇ ਵਾਰਡਾਂ ਦਾ ਕੂੜਾ ਵੀ ਇਥੇ ਸੁੱਟਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News