ਮਾਡਲ ਟਾਊਨ ਡਵੀਜ਼ਨ ਦੇ ਟਰਾਂਸਫਾਰਮਰਾਂ ''ਚੋਂ 10 ਦਿਨਾਂ ''ਚ 6.38 ਲੱਖ ਦਾ ਤੇਲ ਚੋਰੀ

02/14/2020 3:17:29 PM

ਜਲੰਧਰ (ਪੁਨੀਤ)–ਮਾਡਲ ਟਾਊਨ ਡਵੀਜ਼ਨ ਦੇ ਟਰਾਂਸਫਾਰਮਰਾਂ 'ਚੋਂ 10 ਦਿਨਾਂ 'ਚ 6.38 ਲੱਖ ਦਾ ਤੇਲ ਚੋਰੀ ਹੋਇਆ ਹੈ। ਵਾਰਦਾਤਾਂ ਬੰਦ ਹੋਣ ਦਾ ਨਾਂ ਨਹੀਂ ਲੈ ਰਹੀਆਂ, ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਨੇ ਬੀਤੀ ਰਾਤ ਟਰਾਂਸਫਾਰਮਰਾਂ 'ਚੋਂ 760 ਲੀਟਰ ਦੇ ਕਰੀਬ ਤੇਲ ਚੋਰੀ ਕਰ ਲਿਆ, ਜਿਸ ਦੀ ਕੀਮਤ 63 ਹਜ਼ਾਰ ਰੁਪਏ ਕਰੀਬ ਬਣਦੀ ਹੈ। ਚੋਰੀ ਦੀ ਵਾਰਦਾਤ ਦਾ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਬਿਜਲੀ ਖਪਤਕਾਰਾਂ ਨੇ ਬਿਜਲੀ ਬੰਦ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਮੌਕੇ 'ਤੇ ਪਹੁੰਚੇ ਕਰਮਚਾਰੀਆਂ ਦੇ ਹੋਸ਼ ਉਡ ਗਏ, ਕਿਉਂਕਿ ਟਰਾਂਸਫਾਰਮਰਾਂ 'ਚੋ ਂ ਤੇਲ ਚੋਰੀ ਕਰ ਲਿਆ ਗਿਆ ਸੀ, ਜਿਸ ਕਾਰਣ ਸਪਲਾਈ ਬੰਦ ਹੋ ਗਈ।
ਵਾਰਦਾਤ ਪਾਵਰ ਨਿਗਮ ਦੀ ਮਾਡਲ ਟਾਊਨ ਡਵੀਜ਼ਨ ਦੇ ਅਧੀਨ ਆਉਂਦੇ ਇਲਾਕੇ 'ਚ ਹੋਈ। ਬੀਤੀ ਰਾਤ ਪਹਿਲੀ ਘਟਨਾ ਥਾਣਾ ਨੰਬਰ 6 ਦੇ ਕੂਲ ਰੋਡ ਦੇ ਕੋਲ ਜੋਤੀ ਨਗਰ ਗੇਟ ਨੰਬਰ 8 ਕੋਲ ਹੋਈ, ਜਦੋਂਕਿ ਦੂਜੀ ਵਾਰਦਾਤ ਥਾਣਾ 7 ਦੇ ਸੰਘਾ ਚੌਕ ਕੋਲ ਹੋਈ।
ਮਾਡਲ ਟਾਊਨ ਡਵੀਜ਼ਨ ਦੇ ਅਧੀਨ 3 ਤੋਂ 13 ਫਰਵਰੀ ਤੱਕ 10 ਦਿਨਾਂ 'ਚ 200 ਕੇ. ਵੀ. ਏ. ਦੇ 8 ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਹੋਇਆ। 200 ਕੇ. ਵੀ. ਏ. ਦੇ ਟਰਾਂਸਫਾਰਮਰ 'ਚ 380 ਲੀਟਰ ਦੇ ਕਰੀਬ ਤੇਲ ਆਉਂਦਾ ਹੈ। ਇਸ ਹਿਸਾਬ ਨਾਲ 7600 ਲੀਟਰ ਤੇਲ ਚੋਰੀ ਹੋਇਆ। ਪਾਵਰ ਨਿਗਮ ਨੂੰ ਤੇਲ 84 ਰੁਪਏ ਲੀਟਰ ਦੇ ਹਿਸਾਬ ਨਾਲ ਪੈਂਦਾ ਹੈ। 7600 ਲੀਟਰ ਵੇਖਿਆ ਜਾਵੇ ਤਾਂ 84 ਰੁਪਏ ਲੀਟਰ ਦੇ ਹਿਸਾਬ ਨਾਲ 6,38,400 ਰੁਪਏ ਦਾ ਤੇਲ ਚੋਰੀ ਹੋ ਚੁੱਕਾ ਹੈ। ਇਹ ਵਾਰਦਾਤਾਂ ਥਾਣਾ ਭਾਰਗੋ ਕੈਂਪ, ਥਾਣਾ ਨੰਬਰ 6 ਅਤੇ ਥਾਣਾ ਨੰਬਰ 7 ਦੇ ਇਲਾਕੇ 'ਚ ਹੋਈਆਂ।

200 ਕੇ. ਵੀ. ਏ. ਦੇ ਟਰਾਂਸਫਾਰਮਰਾਂ 'ਚੋਂ ਚੋਰੀ ਹੋਇਆ ਤੇਲ
ਅਬਾਦਪੁਰਾ 03-02 ਨੇੜੇ ਆਰਥੋਨੋਵਾ ਭਾਰਗੋ ਕੈਂਪ
ਲਾਂਬੜਾ 06-02 ਨੇੜੇ ਵਡਾਲਾ ਚੌਕ, ਐਂਟੀ ਥੈਫਟ
ਅਬਾਦਪੁਰਾ 06-02, ਅਵਤਾਰ ਨਗਰ, ਭਾਰਗੋ ਕੈਂਪ
ਮਾਡਲ ਟਾਊਨ-2, 07-02, ਸਾਬੋਵਾਲ, ਥਾਣਾ ਨੰਬਰ 7
ਮਾਡਲ ਟਾਊਨ-2, 09-02, ਨਿਊ ਸਤਿਕਰਤਾਰ, ਥਾਣਾ ਨੰਬਰ 6
ਮਾਡਲ ਟਾਊਨ-2, 09-02, ਗੁਰਮੀਤ ਨਗਰ, ਥਾਣਾ ਨੰਬਰ 7
ਮਾਡਲ ਟਾਊਨ, 13-02, ਕੂਲ ਰੋਡ, ਥਾਣਾ ਨੰਬਰ 6
ਮਾਡਲ ਟਾਊਨ, 13-02, ਸੰਘਾ ਚੌਕ, ਥਾਣਾ ਨੰਬਰ 7

ਥਾਣੇ ਵਿਚ ਲਿਖਵਾਈ ਚੋਰੀਆਂ ਦੀ ਰਿਪੋਰਟ : ਇੰਜੀ. ਦਵਿੰਦਰ
ਪਾਵਰ ਨਿਗਮ ਦੀ ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਇੰਜੀ. ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਚੋਰੀ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਕਾਰਣ ਵਿਭਾਗੀ ਕਰਮਚਾਰੀਆਂ ਨੂੰ ਰਾਤ ਦੇ ਸਮੇਂ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਰੀਆਂ ਸਬੰਧੀ ਰਿਪੋਰਟ ਥਾਣੇ 'ਚ ਲਿਖਵਾਈ ਗਈ ਹੈ।


Shyna

Content Editor

Related News