‘ਗ੍ਰਨੇਡ ਹਮਲਾ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਵੱਡੀ ਸਾਜ਼ਿਸ਼’

11/20/2018 1:59:49 AM

ਹੁਸ਼ਿਆਰਪੁਰ,  (ਜਸਵਿੰਦਰਜੀਤ)-  ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜ਼ੋਨ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਨੇ ਬੀਤੇ ਦਿਨ ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਹੋਏ ਗ੍ਰਨੇਡ ਹਮਲੇ ਦੀ ਸਖਤ ਅਲੋਚਨਾ ਕਰਦਿਅਾਂ ਕਿਹਾ ਕਿ ਇਹ ਹਮਲਾ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਹਿਮ ਲੋਕ ਮਸਲਿਅਾਂ ਤੋਂ ਧਿਆਨ ਹਟਾਉਣ ਅਤੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਅਹਿਮ ਮਸਲਿਆਂ ਤੋਂ ਜਨਤਾ ਦਾ ਧਿਆਨ ਹਟਾਉਣ ਦੀਅਾਂ ਸਾਜ਼ਿਸ਼ਾਂ ਘਡ਼ੀਅਾਂ ਜਾ ਰਹੀਅਾਂ ਹਨ। ਬਸਪਾ ਆਗੂਅਾਂ ਨੇ ਕਿਹਾ ਕਿ ਪੰਜਾਬ ਹੀ ਨਹੀਂ, ਬਲਕਿ ਦੇਸ਼ ਤੇ ਵਿਦੇਸ਼ਾਂ ਦੇ ਕੋਨੇ-ਕੋਨੇ ਵਿਚ ਵੱਸਦੇ ਪੰਜਾਬੀਅਾਂ ਨੇ ਪਿਛਲੇ ਦਹਾਕਿਆਂ ਦੌਰਾਨ ਗਹਿਰਾ ਸੰਤਾਪ ਭੋਗਿਆ ਹੈ ਫਿਰ ਲੋਕਾਂ ਨੂੰ ਸ਼ਾਂਤੀ ’ਤੇ ਭਾਈਚਾਰਕ ਸਾਂਝ ਵਾਲਾ ਮਾਹੌਲ ਨਸੀਬ ਹੋਇਆ ਹੈ। 
ਉਨ੍ਹਾਂ ਕਿਹਾ ਕਿ ਦੇਸ਼ ਤੇ ਪੰਜਾਬ ਵਿਰੋਧੀ ਕੁੱਝ ਤਾਕਤਾਂ ਫਿਰ ਤੋਂ ਮਾਹੌਲ ਨੂੰ ਖਰਾਬ ਕਰਨ ਦੀਆਂ ਚਾਲਾਂ ਚੱਲਣ ਲੱਗ ਪਈਅਾਂ ਹਨ। ਜਿਸ ਨੂੰ ਪੰਜਾਬ ਦੇ ਅਮਨ ਪਸੰਦ ਲੋਕ ਸਹਿਣ ਨਹੀਂ ਕਰਨਗੇ। ਬਸਪਾ ਆਗੂਅਾਂ ਨੇ ਹੋਰ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੀਅਾਂ ਤਿਆਰੀਆਂ ਦੇ ਸਬੰਧ ਵਿਚ ਪਾਰਲੀਮੈਂਟ ਹਲਕਾ ਹੁਸ਼ਿਆਰਪੁਰ ਵਿਚ ਮੀਟਿੰਗਾਂ ਰੱਖੀਅਾਂ ਗਈਅਾਂ ਹਨ , ਜਿਸ ਨੂੰ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਪਾਰਲੀਮੈਂਟ ਹੁਸ਼ਿਆਰਪੁਰ ਹਲਕਾ ਦੇ ਇੰਚਾਰਜ ਕੇ. ਡੀ. ਖੋਸਲਾ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਵਿਧਾਨ ਸਭਾ ਹਲਕਾ ਦਸੂਹਾ ਵਿਖੇ 11 ਵਜੇ ਅਤੇ ਮੁਕੇਰੀਅਾਂ 2 ਵਜੇ, 27 ਨਵੰਬਰ ਨੂੰ ਟਾਂਡਾ ਉਡ਼ਮੁਡ਼ 11 ਵਜੇ, ਸ਼ਾਮਚਰਾਸੀ 2 ਵਜੇ ਅਤੇ 28 ਨਵੰਬਰ ਨੂੰ ਹੁਸ਼ਿਆਰਪੁਰ 11 ਵਜੇ ਤੇ ਚੱਬੇਵਾਲ 2 ਵਜੇ ਵਰਕਰਾਂ ਦੇ ਵਿਸ਼ਾਲ ਇਕੱਠ ਹੋਣਗੇ। ਉਨ੍ਹਾਂ ਬਸਪਾ ਵਰਕਰਾਂ ਤੇ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।
ਹੁਸ਼ਿਆਰਪੁਰ, (ਘੁੰਮਣ)-ਅੰਮ੍ਰਿਤਸਰ ਦੇ ਰਾਜਾਸਾਂਸੀ ’ਚ ਨਿਰੰਕਾਰੀ ਸਤਿਸੰਗ ਘਰ  ’ਤੇ  ਅੱਤਵਾਦੀਆਂ ਵੱਲੋਂ ਗ੍ਰਨੇਡ ਸੁੱਟਣ ਦੀ ਘਟਨਾ ਦੀ ਵੱਖ-ਵੱਖ ਸੰਗਠਨਾਂ ਨੇ ਸਖਤ ਨਿੰਦਾ ਕੀਤੀ ਹੈ। 
ਯੂਥ ਸਿਟੀਜ਼ਨ ਕੌਂਸਲ ਦੀ ਮੀਟਿੰਗ ਜ਼ਿਲਾ ਪ੍ਰਧਾਨ ਡਾ. ਪੰਕਜ ਸ਼ਰਮਾ ਦੀ ਅਗਵਾਈ ’ਚ ਹੋਈ, ਜਿਸ ’ਚ ਉਕਤ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਕੌਂਸਲ ਦੇ ਸੂਬਾ ਪ੍ਰਧਾਨ ਡਾ. ਰਮਨ ਘਈ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਇਕ ਵਾਰ ਸੂਬੇ ਦਾ ਮਾਹੌਲ ਖ਼ਰਾਬ ਕਰਨ ਲਈ ਅਜਿਹੀਆਂ ਘਿਨੌਣੀਆਂ ਹਰਕਤਾਂ ਨੂੰ ਅੰਜਾਮ ਦੇ ਰਹੀਆਂ   ਹਨ। ਨਿਰੰਕਾਰੀ ਸਤਿਸੰਗ ਘਰ ’ਤੇ ਗ੍ਰਨੇਡ ਹਮਲਾ ਪੰਜਾਬ ਦਾ ਮਾਹੌਲ  ਖ਼ਰਾਬ ਕਰਨ ਦੀ ਵੱਡੀ  ਸਾਜ਼ਿਸ਼ ਹੈ, ਜਿਸ ਦਾ ਸਖਤ ਜਵਾਬ ਦੇਣ ਲਈ ਪੰਜਾਬ ਵਾਸੀਆਂ ਨੂੰ ਇਕਜੁੱਟਤਾ ਨਾਲ ਅੱਗੇ ਆਉਣਾ ਪਵੇਗਾ। 
ਇਸ ਮੌਕੇ ਡਾ. ਵਸ਼ਿਸ਼ਟ, ਪਰਮਜੀਤ ਰਾਣਾ, ਜਸਵੀਰ ਸਿੰਘ, ਪਵਨ ਸ਼ਰਮਾ, ਟਿੰਕੂ ਸ਼ਰਮਾ, ਪਾਲੀ ਧਾਮੀ, ਮਾਨਵ, ਅਸ਼ੀਸ਼, ਜੋਤੀ, ਤਰੁਣ, ਭੋਲਾ ਸਿੰਘ, ਮਨੋਜ ਸ਼ਰਮਾ, ਬੰਟੀ ਸ਼ਰਮਾ ਆਦਿ ਹਾਜ਼ਰ ਸਨ।


Related News