ਬਾਬਾ ਨਾਨਕ ਮਾਤਾ ਪਿਤਾ ਨਾਲ

06/08/2019 10:07:22 AM

ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ-6
'ਬਾਬਾ ਨਾਨਕ ਮਾਤਾ ਪਿਤਾ ਨਾਲ' ਇਸ ਚਿੱਤਰ ਵਿਚ ਦਿਖਦੇ ਦ੍ਰਿਸ਼ ਵਿਚ ਕੁੱਲ ਚਾਰ ਕਿਰਦਾਰ ਹਨ। ਬਾਬਾ ਨਾਨਕ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਭਾਈ ਮਰਦਾਨਾ। ਸਭ ਖੁੱਲ੍ਹੇ ਅਕਾਸ਼ ਥੱਲੇ ਹਨ।

ਇਸ ਪੁਸਤਕ ਵਿਚ ਇਹ ਦੂਜਾ ਚਿੱਤਰ ਹੈ ਜਿੱਥੇ ਬਾਬਾ ਨਾਨਕ ਆਪਣੇ ਮਾਤਾ-ਪਿਤਾ ਸੰਗ ਹਨ। ਚੌਥੇ ਚਿੱਤਰ ਵਿਚ ਵੀ ਇਹ ਹਨ ਪਰ ਓਥੇ ਭਾਈ ਮਰਦਾਨਾ ਦੀ ਜਗ੍ਹਾ ਵੈਦ ਹੈ, ਜੋ ਬਾਲ ਨਾਨਕ ਦੇ ਰੋਗ ਦੀ ਪਛਾਣ ਹਿੱਤ ਮਹਿਤਾ ਕਾਲੂ ਦੇ ਸੱਦੇ 'ਤੇ ਉਨ੍ਹਾਂ ਦੇ ਘਰ ਆਇਆ ਹੋਇਆ ਹੈ। ਇਹ ਚਿੱਤਰ ਭਾਵਪੂਰਨ ਹੈ ਕਿਉਂਕਿ ਗੁਰੂ ਜੀ ਲੰਬੀ ਯਾਤਰਾ ਉਪਰੰਤ ਆਪਣੇ ਘਰ, ਸਗੋਂ ਘਰ ਤੋਂ ਦੂਰ ਰੁਕੇ ਹੋਏ ਹਨ।

ਮਿਲਣ ਸਥਲ ਉੱਪਰ ਜਿੱਥੇ ਬਾਬਾ ਜੀ ਬੈਠੇ ਹਨ, ਉਸ ਪਾਸੇ ਵੱਲ ਹੋਰ ਕੋਈ ਨਹੀਂ ਬੈਠਾ ਹੋਇਆ। ਸਭ ਉਨ੍ਹਾਂ ਦੇ ਸਾਹਮਣੇ ਹਨ। ਭਾਈ ਮਰਦਾਨਾ ਗੁਰੂ ਜੀ ਦਾ ਕਰੀਬੀ ਹੋਣ ਦੇ ਬਾਵਜੂਦ ਵਧ ਦੂਰੀ ਉੱਪਰ ਹਨ।

ਮਾਤਾ-ਪਿਤਾ ਆਪਣੇ ਬੱਚੇ ਨਾਲ ਗੱਲੀਬਾਤੀ ਰੁੱਝੇ ਹਨ। ਨਿਸ਼ਚਤ ਹੈ ਗੱਲਬਾਤ ਦਾ ਵਿਸ਼ਾ ਪਰਿਵਾਰਕ-ਸੰਸਾਰਕ ਹੀ ਹੋ ਸਕੇਗਾ। ਭਾਈ ਮਰਦਾਨਾ ਇਸ ਵਰਤਾਰੇ ਤੋਂ ਦੂਰ ਰਬਾਬ ਵਜਾ ਰਹੇ ਹਨ। ਇਹ ਵਿਹਾਰ ਨਾਨਕ ਦੀ ਸੋਚ ਨੂੰ ਹੀ ਰੇਖਾਂਕਿਤ ਕਰਦਾ ਲੱਗਦਾ ਹੈ, ਜਿੱਥੇ ਉਹ ਸੰਸਾਰੀ ਹੁੰਦਿਆਂ ਹੋਇਆਂ ਵੀ ਉਸ ਤੋਂ ਪਾਰ ਵਿਚਰ ਰਹੇ ਹਨ।

ਜਿਸ ਚੌਗਿਰਦੇ ਵਿਚ ਪਾਤਰ ਬੈਠੇ ਹਨ, ਉਹ ਹਰਿਆਲੀ ਨਾਲ ਭਰਪੂਰ ਹੈ ਅਤੇ ਪਹਾੜੀ ਉਭਾਰ ਵਾਲਾ ਹੈ। ਇਸ ਤੋਂ ਦੂਰ ਵੱਡੀਆਂ ਇਮਾਰਤਾਂ ਦਿਖਾਈ ਦਿੰਦੀਆਂ ਹਨ।

ਚਿੱਤਰ ਨਾਲ ਜੁੜੀ ਸਾਖੀ ਜ਼ਿਆਦਾ ਲੰਮੀ ਨਹੀਂ। ਜਦ ਗੁਰੂ ਜੀ ਯਾਤਰਾ ਉਪਰੰਤ ਮੁੜਦੇ ਹਨ ਤਾਂ ਘਰ ਤੋਂ ਬਹੁਤ ਦੂਰ ਆ ਟਿਕਦੇ ਹਨ। ਭਾਈ ਮਰਦਾਨਾ ਆਗਿਆ ਲੈ ਕੇ ਆਪਣੇ ਘਰ ਜਾਂਦੇ ਹਨ। ਗੁਰੂ ਜੀ ਹਦਾਇਤ ਦਿੰਦੇ ਹਨ ਕਿ ਉਹ ਸਿਰਫ ਆਪਣੇ ਘਰ ਜਾਵੇ, ਉਨ੍ਹਾਂ ਦੇ ਨਹੀਂ। ਪਰ ਭਾਈ ਮਰਦਾਨਾ ਆਪਣੇ ਘਰ ਤੋਂ ਬਾਅਦ ਮਾਤਾ ਤ੍ਰਿਪਤਾ ਕੋਲ ਪਹੁੰਚ ਜਾਂਦੇ ਹਨ। ਭਾਈ ਮਰਦਾਨਾ ਨੂੰ ਉਹ ਕੁਲਾਵੇ ਲੈਂਦੇ ਹਨ, ਮੱਥਾ ਚੁੰਮ ਆਪਣੇ ਬੱਚੇ ਬਾਰੇ ਪੁੱਛਿਆ ਜਾਂਦਾ ਹੈ। ਇਹ ਪਤਾ ਲੱਗਣ 'ਤੇ ਕਿ ਉਹ ਬੀਅਬਾਨ ਜੰਗਲ ਵਿਚ ਹੈ ਤਾਂ ਉਹ ਆਪਣੇ ਕੋਲ ਕੱਪੜੇ ਅਤੇ ਮਠਿਆਈ ਲੈ ਕੇ ਮਰਦਾਨੇ ਨਾਲ ਜਾਣ ਨੂੰ ਤਿਆਰ ਹੋ ਜਾਂਦੇ ਹਨ।

ਆਪਣੀ ਮਾਤਾ ਨੂੰ ਆਉਂਦਿਆਂ ਦੇਖ ਗੁਰੂ ਜੀ ਉੱਠ ਉਨ੍ਹਾਂ ਦੇ ਪੈਰੀ ਪੈ ਜਾਂਦੇ ਹਨ। ਮਾਤਾ-ਪਿਤਾ ਵਲੋਂ ਘਰ ਚੱਲ ਕੇ ਪਰਿਵਾਰ ਵਿਚ ਰਹਿਣ ਲਈ ਕਿਹਾ ਜਾਂਦਾ ਹੈ। ਤਦ ਗੁਰੂ ਜੀ ਭਾਈ ਮਰਦਾਨੇ ਨੂੰ ਰਬਾਬ ਛੇੜਨ ਲਈ ਕਹਿੰਦੇ ਹਨ। ਤਦ ਉਨ੍ਹਾਂ ਸ੍ਰੀ ਰਾਗ ਵਿਚ 'ਸਭ ਰਸੁ ਮਿਠੈ ਮੰਨਿਆ ਸੁਣਿਆ ਸਲੌਣੇ…' ਸ਼ਬਦ ਉਚਾਰਿਆ।

ਚਿੱਤਰਕਾਰ ਦ੍ਰਿਸ਼ ਵਿਚ ਤਬਦੀਲੀ ਕਰਦਾ ਹੈ ਸਾਖੀ ਵਿਚ ਜਿਸ ਥਾਂ ਨੂੰ 'ਉਜਾੜਿ' ਕਿਹਾ ਗਿਆ ਹੈ ਤਸਵੀਰ ਵਿਚ ਉਹ ਥਾਂ ਹਰੀ-ਭਰੀ ਹੈ। ਗੁਰੂ ਜੀ ਆਪਣੇ ਮਾਤਾ-ਪਿਤਾ ਨਾਲ ਤਾਂ ਦਿਖ ਪੈਂਦੇ ਹਨ ਪਰ ਆਪਣੇ ਪਰਿਵਾਰ ਦਰਮਿਆਨ ਹੋਣ ਵਾਲੀ ਕੋਈ ਪੇਂਟਿੰਗ ਨਹੀਂ ਮਿਲਦੀ। ਦ੍ਰਿਸ਼ ਵਿਚ ਦੋ ਗੁਣ ਹਨ। ਇਕ ਗੁਰੂ ਜੀ ਅਤੇ ਉਨ੍ਹਾਂ ਦੇ ਮਾਤਾ-ਪਿਤਾ, ਦੂਜਾ ਗੁਰੂ ਜੀ ਅਤੇ ਭਾਈ ਮਰਦਾਨਾ। ਗੁਰੂ ਜੀ ਦੋਹੀਂ ਪਾਸੀ ਆ ਜਾ ਸਕਦੇ ਹਨ। ਇਕ ਧਰਾਤਲ 'ਤੇ ਉਹ ਸੰਸਾਰੀ ਹਨ ਜਦ ਮਾਤਾ-ਪਿਤਾ ਨਾਲ ਗੱਲ ਕਰਦੇ ਹਨ। ਦੂਜੇ ਧਰਾਤਲ 'ਤੇ ਇਸ ਤੋਂ ਮੁਕਤ ਹੋ ਪਾਰਬ੍ਰਹਮ ਨਾਲ ਲਿਵ ਜੋੜ ਸਾਥੀ ਰਬਾਬੀ ਨੂੰ ਕਹਿੰਦੇ ਹਨ। ''ਮਰਦਾਨਿਆ ਰਬਾਬ ਵਜਾ''।

ਉਹ ਹਲਕੇ ਗੇਰੂਏ ਰੰਗ ਦੀ ਚਾਦਰ ਉੱਪਰ ਚੌਂਕੜਾ ਮਾਰੀ ਬੈਠੇ ਹਨ ਜਦਕਿ ਬਾਕੀ ਤਿੰਨੋਂ ਹਰੇ ਘਾਹ ਉੱਪਰ ਬੀਰ ਆਸਨ ਵਿਚ ਬੈਠੇ ਹਨ।

ਜਿਹੜਾ ਰੁੱਖ ਗੁਰੂ ਜੀ ਦੇ ਪਿੱਛੇ ਹੈ, ਉਸ ਦੀ ਛਤਰ-ਛਾਂ ਉਨ੍ਹਾਂ ਤਕ ਮਹਿਦੂਦ ਹੈ। ਉਹ ਕਿਸੇ ਹੋਰ ਨੂੰ ਨਹੀਂ ਛੂੰਹਦੀ। ਇਹ ਲੱਛਣ ਗੁਰੂ ਜੀ ਨੂੰ ਸਾਰਿਆਂ ਵਿਚੋਂ ਵਿਸ਼ੇਸ਼ ਬਣਾਉਂਦਾ ਹੈ।

ਉਹ ਪਿਤਾ ਸਾਹਮਣੇ ਹੱਥ ਜੋੜੀ ਬੈਠੇ ਹਨ। ਇਹ ਉਹ ਪਿਤਾ ਨਹੀਂ ਜਿਸ ਨੇ ਚਪੇੜ ਕੱਢ ਮਾਰੀ ਸੀ। ਇਹ ਬੇਚਾਰਗੀ ਅਤੇ ਅਧੀਨਗੀ ਦੀ ਤਸਵੀਰ ਕਸ਼ੀ ਹੈ। ਮਾਤਾ-ਪਿਤਾ ਢਲਦੀ ਉਮਰ ਵਲ ਹਨ ਜਦਕਿ ਗੁਰੂ ਨਾਨਕ ਦੇਵ ਜੀ ਜਵਾਨ ਹਨ, ਦਾਹੜਾ ਹਾਲੇ ਕਾਲਾ ਹੈ।

ਚਿੱਤਰ ਹਰੇਕ ਦੀ ਸਰੀਰਕ ਕਿਰਿਆ ਨੂੰ ਦਰਜ ਕਰ ਰਿਹਾ ਹੈ। ਮਾਤਾ-ਪਿਤਾ ਜੇ ਆਪਣੇ ਬੱਚੇ ਨਾਲ ਗੱਲੀਂ ਰੁੱਝੇ ਹਨ ਤਾਂ ਭਾਈ ਮਰਦਾਨਾ ਰਬਾਬ ਦੀਆਂ ਤਾਰਾਂ ਵਿਚੋਂ ਟੁਣਕਾਰ ਪੈਦਾ ਕਰ ਰਹੇ ਹਨ।

ਅਸਮਾਨ ਸਿਆਹ ਹੈ, ਭਾਵ ਸੰਘਣੀ ਬੱਦਲਵਈ ਹੈ ਜਾਂ ਕਿ ਰਾਤ ਦਾ ਸਮਾਂ ਹੈ। ਦੋਹਾਂ ਸਥਿਤੀਆਂ ਵਿਚ ਵਾਤਾਵਰਣ ਇੰਨਾ ਚਮਕਦਾਰ ਨਹੀਂ ਹੋ ਸਕਦਾ। ਚਿਤੇਰਾ ਕਿਸੇ ਕੁਦਰਤੀ ਨੇਮ ਨਾਲ ਚਿੱਤਰ-ਉਸਾਰੀ ਨਹੀਂ ਕਰ ਰਿਹਾ। ਚਿੱਤਰ ਸਵੈ ਤਰਕ ਆਧਾਰਿਤ ਹੈ।

ਜੇ ਇਹ ਚਿੱਤਰ ਭਿੰਨ ਧਰਮਾਂ ਦੀ ਸਾਂਝ ਨੂੰ ਦਿਖਾ ਰਿਹਾ ਹੈ ਤਾਂ ਦੂਜੇ ਹੀ ਪਲ ਵੱਖਰੇਵੇਂ ਨੂੰ ਵੀ ਉਘਾੜ ਦਿੰਦਾ ਹੈ। ਸ਼ਬਦ-ਸਾਖੀ ਵੱਖਰੇਵੇਂ ਦੀ ਗੱਲ ਨਹੀਂ ਕਰਦੀ, ਸਿਰਫ ਚਿੱਤਰ ਇਹ ਬੋਝ ਆਪਣੇ ਉੱਪਰ ਲੈਂਦਾ ਹੈ। ਗੁਰੂ ਜੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਮੱਥਿਆਂ ਉੱਪਰ ਤਿਲਕ ਲੱਗੇ ਹਨ। ਭਾਈ ਮਰਦਾਨਾ ਇਸ ਚਿੰਨ੍ਹ ਤੋਂ ਮੁਕਤ ਹੈ। ਚਿੱਤੇਰਾ ਜੇ ਟੈਕਸਟ ਤੋਂ ਥੋੜ੍ਹਾ ਹਟ ਸਕਦਾ ਸੀ ਤਾਂ ਇੱਥੇ ਵੀ ਹਟਵਾਂ ਕੰਮ ਕਰ ਸਾਰੇ ਪਾਤਰਾਂ ਨੂੰ ਇਕੋ ਕਰ ਸਕਦਾ ਸੀ ਪਰ ਮੇਲ ਭਾਵ ਦੇ ਨਾਲੋਂ-ਨਾਲ ਵੱਖਰੇਵੇਂ ਨੂੰ ਇਕੋ ਫਰੇਮ ਵਿਚ ਦਰਜ ਕਰਨਾ ਜ਼ਿਆਦਾ ਮਹੱਤਵਪੂਰਨ ਹੈ। ਇਹ ਸਹਿ ਹੋਂਦ ਦਾ ਪ੍ਰਗਟਾਵਾ ਹੈ, ਜਿੱਥੇ ਧਰਮ ਦੀ ਵੱਖਰਤਾ ਵੀ 'ਇਕ ਕਰਤਾਰ' ਦੀ ਉਪਾਸਕ ਹੈ।

ਗੁਰੂ ਨਾਨਕ ਦੇਵ ਜੀ ਯਾਤਰਾ ਪੂਰੀ ਕਰਨ ਉਪਰੰਤ ਇੱਥੇ ਆ ਬੈਠੇ ਹਨ। ਉਹ ਆਪਣੇ ਘਰ ਨਹੀਂ ਜਾਂਦੇ। ਚਿੱਤਰ ਮਾਤਾ-ਪਿਤਾ ਨੂੰ ਗੱਲ ਕਰਦਿਆਂ ਦੱਸ ਰਿਹਾ ਹੈ। ਗੁਰੂ ਜੀ ਲਗਦਾ ਹੈ, ਸਰੀਰਕ ਤੌਰ 'ਤੇ ਤਾਂ ਮੌਜੂਦ ਹਨ ਪਰ ਖਿਆਲ ਸੋਚ ਪੱਖੋਂ ਇੱਥੇ ਹਾਜ਼ਰ ਨਹੀਂ। ਉਹ ਤਾਂ ਗੱਲਬਾਤ ਕਰ ਰਹੇ ਮਾਪਿਆਂ ਵੱਲ ਦੇਖ ਵੀ ਨਹੀਂ ਰਹੇ। ਸਥਿਤੀ ਸੁਖਾਵੀਂ ਦੇ ਨਾਲ ਦੁਖਾਵੀਂ ਵੀ ਹੈ। ਸਾਖੀ ਮੁਤਾਬਿਕ ਮਾਪੇ ਆਪਣੇ ਘਰ ਚੱਲਣ ਲਈ ਪ੍ਰੇਰ ਰਹੇ ਹਨ। ਉਨ੍ਹਾਂ ਨੂੰ ਨਵੇਂ ਉਸਾਰੇ ਘਰ ਦਾ ਵਾਸਤਾ ਪਾਇਆ ਜਾਂਦਾ ਹੈ। ਮਹਿਤਾ ਕਾਲੂ ਇਸ ਕਾਰਜ ਲਈ ਆਪਣਾ ਘੋੜਾ ਨਾਲ ਲਿਆਏ ਹਨ। ਇਥੇ ਆ ਕੇ ਸਾਖੀ ਇੱਕਦਮ ਰੁਕ ਜਾਂਦੀ ਹੈ। ਸਾਖੀ ਦੇ ਕਿਰਦਾਰ ਅੱਗੋਂ ਕੀ ਕਰਦੇ ਹਨ, ਕੁਝ ਪਤਾ ਨਹੀਂ ਚਲਦਾ।

ਸਾਖੀ ਬਿਰਤਾਂਤ ਨੂੰ ਚਿੱਤਰਕਾਰ ਦ੍ਰਿਸ਼ ਬਿਰਤਾਂਤ ਵਿਚ ਤਬਦੀਲ ਕਰ ਕੇ ਆਪਣੇ ਹੁਨਰ ਦਾ ਮੁਜ਼ਾਹਰਾ ਕਰਦਾ ਹੈ। ਬਿਆਨ ਜਗ੍ਹਾ ਦੀ ਬਜਾਏ ਸੁਸੱਜਿਤ ਹਰੀ–ਭਰੀ ਥਾਂ ਰਚ ਦਿੱਤੀ ਜਾਂਦੀ ਹੈ। ਹਰਿਆਵਲ ਨਾਲ ਭਰੇ ਪਹਾੜ ਪਿੱਛੇ ਵੱਡੀਆਂ-ਪੱਕੀਆਂ ਇਮਾਰਤਾਂ ਹਨ। ਇਮਾਰਤਾਂ ਸੂਹ ਦਿੰਦਿਆਂ ਹਨ ਕਿ ਇਹ ਰਸੂਖਦਾਰਾਂ, ਅਮੀਰਾਂ ਦੀਆਂ ਹਨ।

ਦੂਰ ਨੇੜੇ ਦੇ ਭਰਮ ਨੂੰ ਆਪਣੀ ਤਰ੍ਹਾਂ ਨਜਿੱਠਿਆ ਗਿਆ ਹੈ। ਕੀ ਸਭ ਇਕਾਈਆਂ ਅਨੁਪਾਤ ਵਿਚ ਹਨ, ਦਾ ਜਵਾਬ ਘੋੜੇ ਦੇ ਬਣੇ ਆਕਾਰ ਤੋਂ ਸਪੱਸ਼ਟ ਹੋ ਜਾਂਦਾ ਹੈ।

ਜਗਤਾਰਜੀਤ ਸਿੰਘ
9899091186