ਬੁੱਧ ਦੇ ਉਪਦੇਸ਼ ਨਾਲ ਖੁੱਲ੍ਹੀਆਂ ਰਾਖਸ਼ਸਣੀ ਦੀਆਂ ਅੱਖਾਂ

02/20/2019 12:09:26 PM

ਰਾਜ ਵਿਚ ਵੱਡੇ ਉਤਸਵ ਦਾ ਆਯੋਜਨ ਕੀਤਾ ਗਿਆ। ਉਸ ਵਿਚ ਨਾਚ ਲਈ ਮਾਹਿਰ ਨ੍ਰਤਕੀ ਨੂੰ ਸੱਦਾ ਦਿੱਤਾ ਗਿਆ। ਉਸ ਵੇਲੇ ਗਰਭਵਤੀ ਹੋਣ ਕਾਰਨ ਉਸ ਨੇ ਅਸਮਰੱਥਾ ਜ਼ਾਹਿਰ ਕੀਤੀ ਪਰ ਸਾਮੰਤਾਂ ਨੇ ਉਸ ਦੀ ਇਕ ਨਾ ਸੁਣੀ ਅਤੇ ਉਸ ਨੂੰ ਮਜਬੂਰੀ 'ਚ ਨਾਚ ਕਰਨਾ ਪਿਆ। ਇਸ ਨਾਲ ਉਸ ਨੂੰ ਦੁੱਖ ਹੋਇਆ ਅਤੇ ਉਸ ਦੇ ਦਿਲ ਵਿਚ ਬਦਲੇ ਦੀ ਭਾਵਨਾ ਭੜਕ ਉੱਠੀ, ਜੋ ਅਖੀਰ ਤਕ ਬਣੀ ਰਹੀ। ਨਤੀਜਾ ਇਹ ਹੋਇਆ ਕਿ ਦੂਜੇ ਜਨਮ ਵਿਚ ਰਾਜ ਵਿਚ ਹੀ ਇਕ ਰਾਖਸ਼ਸਣੀ ਦੇ ਰੂਪ ਵਿਚ ਉਸ ਦਾ ਜਨਮ ਹੋਇਆ। ਉਸ ਦਾ ਨਾਂ ਹਾਰੀਤੀ ਰੱਖਿਆ ਗਿਆ।

ਜਦੋਂ ਉਹ ਵੱਡੀ ਹੋਈ ਤਾਂ ਪਿਛਲੇ ਜਨਮ ਦਾ ਬਦਲਾ ਪਾਪ ਦੀ ਪ੍ਰੇਰਣਾ ਬਣ ਕੇ ਫੁੱਟਿਆ। ਉਹ ਬੱਚੇ ਚੋਰੀ ਕਰ ਕੇ ਉਨ੍ਹਾਂ ਨੂੰ ਮਾਰਨ ਤੇ ਖਾਣ ਲੱਗੀ। ਇਹ ਗੱਲ ਲੁਕੀ ਨਾ ਰਹਿ ਸਕੀ ਅਤੇ ਉਹ ਬੰਦੀ ਬਣਾ ਲਈ ਗਈ। ਗੌਤਮ ਬੁੱਧ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਦਿਮਾਗ ਵਿਚ ਹਲਚਲ ਮਚੀ ਕਿ ਕਲਾ ਵਿਚ ਨਿਪੁੰਨ ਔਰਤ ਵਿਚ ਪਾਪ ਕਰਮ ਕਿਵੇਂ ਦਾਖਲ ਹੋ ਗਿਆ? ਅੰਤਰ ਦ੍ਰਿਸ਼ਟੀ ਨਾਲ ਜਦੋਂ ਪਿਛਲੇ ਜਨਮ ਵਿਚ ਉਸ ਦੇ ਨਾਲ ਹੋਈ ਬਦਸਲੂਕੀ ਦਾ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨਰੇਸ਼ ਨੂੰ ਕਹਿ ਕੇ ਉਸ ਨੂੰ ਆਜ਼ਾਦ ਕਰਵਾ ਦਿੱਤਾ ਅਤੇ ਸੇਵਕਾਂ ਨੂੰ ਉਸ ਦੇ ਬੱਚੇ ਨੂੰ ਚੋਰੀ ਕਰ ਲੈਣ ਲਈ ਕਿਹਾ।

ਪੁੱਤਰ ਦੇ ਗੁਆਚ ਜਾਣ ਕਾਰਨ ਹਾਰੀਤੀ ਨੂੰ ਕਾਫੀ ਦੁੱਖ ਹੋਇਆ। ਉਸ ਦੇ ਅੰਦਰ ਤਰਸ ਤੇ ਮਮਤਾ ਦੀ ਭਾਵਨਾ ਜਾਗ ਗਈ। ਜਿਨ੍ਹਾਂ ਦੇ ਬੱਚੇ ਉਸ ਨੇ ਚੋਰੀ ਕੀਤੇ ਸਨ, ਉਨ੍ਹਾਂ ਦੇ ਸੋਗ ਦਾ ਵੀ ਅਹਿਸਾਸ ਉਸ ਨੂੰ ਹੋਇਆ। ਪੁੱਤਰ ਵਿਛੋੜੇ ਤੋਂ ਦੁਖੀ ਹਾਰੀਤੀ ਗੌਤਮ ਬੁੱਧ ਕੋਲ ਗਈ ਅਤੇ ਬੋਲੀ,''ਭਗਵਾਨ, ਮੇਰੇ ਕਰਮਾਂ ਦਾ ਫਲ ਤਾਂ ਮੈਨੂੰ ਮਿਲ ਗਿਆ ਪਰ ਮੈਨੂੰ ਇਸ ਪਾਪ ਤੋਂ ਮੁਕਤੀ ਕਿਵੇਂ ਮਿਲ ਸਕਦੀ ਹੈ?'' ਬੁੱਧ ਬੋਲੇ,''ਹੁਣ ਤਕ ਤਾਂ ਤੂੰ ਬੱਚਿਆਂ ਨੂੰ ਖਾਂਦੀ ਆ ਰਹੀ ਸੀ। ਹੁਣ ਉਨ੍ਹਾਂ ਦੇ ਵਿਕਾਸ ਤੇ ਰਾਖੀ ਵਿਚ ਜੁਟ ਜਾ। ਫਿਰ ਤੈਨੂੰ ਸ਼ਾਂਤੀ ਮਿਲ ਸਕਦੀ ਹੈ। ਤੈਨੂੰ ਸਮਾਜ ਨਾਲ ਕੀਤੇ ਗਏ ਜ਼ੁਲਮ ਨੂੰ ਸੇਵਾ ਰੂਪੀ ਸਾਬਣ ਨਾਲ ਧੋ ਕੇ ਸਾਫ ਕਰਨਾ ਪਵੇਗਾ।'' ਗੌਤਮ ਬੁੱਧ ਦੇ ਉਪਦੇਸ਼ ਨਾਲ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਸ ਨੇ ਆਪਣਾ ਜੀਵਨ ਬੱਚਿਆਂ ਦੀ ਸੇਵਾ ਵਿਚ ਲਾ ਦਿੱਤਾ।