Diwali: ਦੀਵਾਲੀ ਦੇ ਤਿਉਹਾਰ ਮੌਕੇ ਜਾਣੋ ਕੀ ਕਰਨਾ ਹੁੰਦਾ ਹੈ ‘ਸ਼ੁੱਭ’ ਅਤੇ ਕੀ ਨਾ ਕਰਨਾ ‘ਅਸ਼ੁੱਭ’

10/24/2022 11:17:27 AM

ਜਲੰਧਰ (ਬਿਊਰੋ) - ਦੀਵਾਲੀ ਦਾ ਤਿਉਹਾਰ ਅੱਜ ਯਾਨੀ 24 ਅਕਤੂਬਰ ਨੂੰ ਪੂਰੀ ਦੁਨੀਆਂ ’ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਵਾਲੇ ਦਿਨ ਮਾਤਾ ਲਕਸ਼ਮੀ ਜੀ ਧਰਤੀ 'ਤੇ ਆਉਂਦੇ ਹਨ। ਦੀਵਾਲੀ ਦੇ ਦਿਨ ਹਰ ਮਨੁੱਖ ਧਨ ਪ੍ਰਾਪਤੀ ਅਤੇ ਸੁੱਖ-ਸ਼ਾਂਤੀ ਲਈ ਕਈ ਸਾਰੇ ਯਤਨ ਕਰਦਾ ਹੈ। ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਕਈ ਉਪਾਅ ਕੀਤੇ ਜਾਂਦੇ ਹਨ। ਮਾਨਤਾ ਹੈ ਕਿ ਇਨ੍ਹਾਂ ਉਪਾਵਾਂ ਨੂੰ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਨਾਲ ਧਨ ਦੀ ਪ੍ਰਾਪਤੀ ਅਤੇ ਕਿਸਮਤ ਵੀ ਚਮਕ ਜਾਂਦੀ ਹੈ। ਇਸ ਮੌਕੇ ਕੁਝ ਕੰਮਾਂ ਦੀ ਮਨਾਹੀ ਵੀ ਹੁੰਦੀ ਹੈ। ਮਨਾਹੀ ਵਾਲੇ ਕੰਮਾਂ ਨੂੰ ਕਰਨ ਨਾਲ ਵਿਅਕਤੀ ਨੂੰ ਜੀਵਨ 'ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਧਨ-ਸੰਪਤੀ 'ਚ ਘਾਟ ਹੋ ਸਕਦੀ ਹੈ।

ਦੀਵਾਲੀ ਮੌਕੇ ਜ਼ਰੂਰ ਕਰੋ ਇਹ ਕੰਮ

1. ਰਾਤ ਨੂੰ ਜਾਗਣ ਦੀ ਕੋਸ਼ਿਸ਼ ਕਰੋ
ਮਾਨਤਾ ਹੈ ਕਿ ਦੀਵਾਲੀ ਦੀ ਰਾਤ ਮਾਂ ਲਕਸ਼ਮੀ ਜੀ ਘਰ ’ਚ ਜ਼ਰੂਰ ਆਉਂਦੇ ਹਨ। ਇਸ ਲਈ ਰਾਤ ਨੂੰ ਜਾਗਣ ਦੀ ਕੋਸ਼ਿਸ਼ ਕਰੋ। ਦੀਵਾਲੀ ਵਾਲੇ ਦਿਨ ਘਰ ਦੀਆਂ ਸਾਰੀਆਂ ਲਾਈਟਾਂ ਜਗਾ ਕੇ ਰੱਖੋ।

2. ਕਮਲ ਦੇ ਫੁੱਲ
ਦੀਵਾਲੀ ਵਾਲੇ ਦਿਨ ਸਵੇਰੇ ਉਠਦੇ ਮਾਤਾ ਲਕਸ਼ਮੀ ਜੀ ਨੂੰ ਨਮਸਕਾਰ ਕਰਕੇ ਚਿੱਟੇ ਕੱਪੜੇ ਪਹਿਨੋ। ਮਾਤਾ ਲਕਸ਼ਮੀ ਜੀ ਦੇ ਸਵਰੂਪ ਦੇ ਸਾਹਮਣੇ ਖੜ੍ਹੇ ਹੋ ਕੇ ਪਾਠ ਕਰੋ ਅਤੇ ਕਮਲ ਦੇ ਫੁੱਲ ਚੜ੍ਹਾਓ। 

3. 11 ਕੌਡੀਆਂ
ਲਕਸ਼ਮੀ ਦੀ ਪੂਜਾ ਕਰਕੇ 11 ਕੌਡੀਆਂ ਲਕਸ਼ਮੀ ਅੱਗੇ ਚੜ੍ਹਾਓ। ਅਗਲੇ ਦਿਨ ਕੌਡੀਆਂ ਨੂੰ ਲਾਲ ਕੱਪੜੇ ਵਿਚ ਬੰਨ੍ਹ ਕੇ ਤਿਜੌਰੀ ਵਿਚ ਰੱਖ ਦਿਓ। ਇਸ ਨਾਲ ਧਨ ਵਿਚ ਵਾਧਾ ਹੁੰਦਾ ਹੈ। 

4. ਮਾਲ-ਪੂੜੇ ਅਤੇ ਗੁਲਾਬ ਜਾਮੁਨ ਦਾ ਭੋਗ ਲਗਾਓ
ਲਕਸ਼ਮੀ ਦੀ ਪੂਜਾ ਕਰਕੇ ਉਨ੍ਹਾਂ ਨੂੰ ਮਾਲ-ਪੂੜੇ ਅਤੇ ਗੁਲਾਬ ਜਾਮੁਨ ਦਾ ਭੋਗ ਲਗਾ ਕੇ ਉਸ ਨੂੰ ਗਰੀਬਾਂ ਵਿਚ ਵੰਡਣ ਨਾਲ ਚੜ੍ਹਿਆ ਹੋਇਆ ਕਰਜ਼ਾ ਲਹਿ ਜਾਂਦਾ ਹੈ। 

3. ਸਾਫ਼-ਸਫ਼ਾਈ ਤੇ ਰੌਸ਼ਨੀ ਦਾ ਵਿਸ਼ੇਸ਼ ਧਿਆਨ
ਘਰ ਵਿਚ ਸਾਫ਼-ਸਫ਼ਾਈ ਅਤੇ ਰੌਸ਼ਨੀ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਨਾਲ ਲਕਸ਼ਮੀ ਆਕਰਸ਼ਿਤ ਹੁੰਦੀ ਹੈ। ਇਸ ਤੋਂ ਇਲਾਵਾ ਗੰਦਗੀ ਅਤੇ ਧੂਲ-ਮਿੱਟੀ ਫੈਲੀ ਹੋਵੇ ਤਾਂ ਅਲਕਸ਼ਮੀ ਆਕਰਸ਼ਿਤ ਹੁੰਦੀ ਹੈ। 

4. ਹਲਦੀ ਅਤੇ ਚਾਵਲਾਂ ਨਾਲ ਘਰ ਦੇ ਮੁੱਖ ਦੁਆਰ ’ਤੇ ਲਿੱਖੋ ‘ਸ਼੍ਰੀ’
ਹਲਦੀ ਅਤੇ ਚੌਲਾਂ ਨੂੰ ਪੀਸ ਕੇ ਉਸ ਨੂੰ ਘੋਲ ਕੇ ਘਰ ਦੇ ਮੁੱਖ ਦੁਆਰ 'ਤੇ ਸ਼੍ਰੀ ਲਿੱਖਣ ਨਾਲ ਲਕਸ਼ਮੀ ਖੁਸ਼ ਹੋ ਕੇ ਧਨ ਦਿੰਦੀ ਹੈ। ਗਾਂ ਦੇ ਦੁੱਧ ਨਾਲ ਸ਼੍ਰੀ ਯੰਤਰ ਦਾ ਅਭਿਸ਼ੇਕ ਕਰਨ ਦੇ ਬਾਅਦ ਅਭਿਸ਼ੇਕ ਦਾ ਜਲ ਪੂਰੇ ਘਰ ਵਿਚ ਛਿੜਕ ਦਿਓ। ਇਸ ਨਾਲ ਧਨ ਲਾਭ ਹੋਵੇਗਾ।

ਦੀਵਾਲੀ ਮੌਕੇ ਕਦੇ ਨਾ ਕਰੋ ਇਹ ਕੰਮ

1. ਬਿਨਾਂ ਨਹਾਏ ਫੁੱਲ ਨਾ ਤੋੜੋ
ਦੀਵਾਲੀ ਵਾਲੇ ਦਿਨ ਮਹਾਂ ਲਕਸ਼ਮੀ ਦੀ ਪੂਜਾ ਲਈ ਬਿਨਾਂ ਨਹਾਏ ਫੁੱਲ ਨਾ ਤੋੜੋ। ਇਸ ਨਾਲ ਫੁੱਲ ਅਪਵਿੱਤਰ ਹੋ ਜਾਂਦੇ ਹਨ ਅਤੇ ਦੇਵੀ ਲਕਸ਼ਮੀ ਇਨ੍ਹਾਂ ਫੁੱਲਾਂ ਤੋਂ ਨਾਰਾਜ਼ ਹੋ ਜਾਂਦੀ ਹੈ। 

2. ਪਹਿਲਾਂ ਤੋੜੇ ਫੁੱਲਾਂ ਨਾਲ ਪੂਜਾ ਨਾ ਕਰੋ
ਇਕ ਦਿਨ ਪਹਿਲਾਂ ਤੋੜੇ ਫੁੱਲਾਂ ਨਾਲ ਵੀ ਪੂਜਾ ਨਾ ਕਰੋ। ਦੀਵਾਲੀ ਵਾਲੇ ਦਿਨ ਹੀ ਨਹਾ ਕੇ ਫੁੱਲ ਤੋੜ ਕੇ ਲਿਆਓ। 

3. ਬਜ਼ੁਰਗਾਂ ਦਾ ਅਪਮਾਨ ਨਾ ਕਰੋ
ਦੀਵਾਲੀ ਵਾਲੇ ਦਿਨ ਘਰ ਦੇ ਬਜ਼ੁਰਗਾਂ ਦਾ ਕਦੇ ਵੀ ਭੁੱਲ ਕੇ ਅਪਮਾਨ ਨਾ ਕਰੋ। ਇਸ ਦਿਨ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦਾ ਆਸ਼ਿਰਵਾਦ ਲਓ। 

4. ਬੇਈਮਾਨੀ ਨਾਲ ਨਾ ਦਿਓ ਕਿਸੇ ਨੂੰ ਤੋਹਫਾ 
ਦੀਵਾਲੀ ਵਾਲੇ ਦਿਨ ਜੇਕਰ ਤੁਸੀਂ ਕਿਸੇ ਨੂੰ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਖੁਸ਼ ਹੋ ਕੇ ਤੋਹਫ਼ਾ ਦਿਓ। ਤਿਉਹਾਰ ਦੇ ਮੌਕੇ ਕਦੇ ਵੀ ਕਿਸੇ ਨੂੰ ਬੇਈਮਾਨੀ ਨਾਲ ਤੋਹਫ਼ਾ ਨਾ ਦਿਓ। 

5. ਭੀਖ ਮੰਗੇ ਤਾਂ ਉਸ ਨੂੰ ਖਾਲੀ ਹੱਥ ਨਾ ਜਾਣ 
ਦੀਵਾਲੀ ਵਾਲੇ ਦਿਨ ਜੇਕਰ ਕੋਈ ਭਿਖਾਰੀ ਤੁਹਾਡੇ ਤੋਂ ਭੀਖ ਮੰਗੇ ਤਾਂ ਉਸ ਨੂੰ ਕਦੇ ਵੀ ਖਾਲੀ ਹੱਥ ਨਾ ਜਾਣ ਦਿਓ।  ਦੀਵਾਲੀ ਦੇ ਮੌਕੇ ਉਸ ਨੂੰ ਕੁਝ ਨਾ ਕੁਝ ਜ਼ਰੂਰ ਦਿਓ।  

rajwinder kaur

This news is Content Editor rajwinder kaur