ਇਸ ਅਦਭੁਤ ਮੰਦਰ 'ਚ ਚੋਰੀ ਕਰਨ 'ਤੇ ਹੁੰਦੀ ਹੈ ਪੁੱਤਰ ਦੀ ਪ੍ਰਾਪਤੀ

02/20/2019 12:12:34 PM

ਤੁਸੀਂ ਅਜਿਹੇ ਕਈ ਮੰਦਰਾਂ ਬਾਰੇ ਸੁਣਿਆ ਹੋਵੇਗਾ, ਜਿਥੇ ਚੋਰੀ ਹੋਏ ਸਾਮਾਨ ਦੇ ਮਿਲਣ ਦੀਆਂ ਮੰਨਤਾਂ (ਦੁਆਵਾਂ) ਮੰਗੀਆਂ ਜਾਂਦੀਆਂ ਹਨ ਪਰ ਕੀ ਤੁਸੀਂ ਕਦੇ ਕਿਸੇ ਅਜਿਹੇ ਮੰਦਰ ਬਾਰੇ ਸੁਣਿਆ ਹੈ, ਜਿਥੇ ਚੋਰੀ ਕਰਨ 'ਤੇ ਹੀ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਜੀ ਹਾਂ, ਸੁਣਨ 'ਚ ਥੋੜਾ ਹੈਰਾਨੀਜਨਕ ਲੱਗੇਗਾ ਪਰ ਇਹ ਸੱਚ ਹੈ। ਹਿੰਦੂ ਧਰਮ ਦੀ ਮੰਨੀਏ ਤਾਂ ਚੋਰੀ ਕਰਨਾ ਪਾਪ ਹੁੰਦਾ ਹੈ ਤਾਂ ਜੇਕਰ ਕੋਈ ਮੰਦਰ 'ਚ ਚੋਰੀ ਕਰੇ ਫਿਰ ਤਾਂ ਇਹ ਮਹਾਪਾਪ ਅਖਵਾਉਂਦਾ ਹੈ। ਉਤਰਾਖੰਡ 'ਚ ਇਕ ਅਜਿਹਾ ਮੰਦਰ ਹੈ, ਜਿਥੇ ਚੋਰੀ ਕਰਨ ਨਾਲ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਉਤਰਾਖੰਡ 'ਚ ਸਿੱਧਪੀਠ ਚੂੜਾਮਣੀ ਦੇਵੀ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਾਨਤਾ ਹੈ ਕਿ ਇਥੇ ਚੋਰੀ ਕਰਨ 'ਤੇ ਹੀ ਵਿਅਕਤੀ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ।
 
ਰੁੜਕੀ ਦੇ ਚੁਡਿਆਲਾ ਪਿੰਡ 'ਚ ਸਥਿਤ ਪ੍ਰਾਚੀਨ ਸਿੱਧਪੀਠ ਚੂੜਾਮਣੀ ਦੇਵੀ ਮੰਦਰ 'ਚ ਪੁੱਤਰ ਦੀ ਪ੍ਰਾਪਤੀ ਲਈ ਪਤੀ-ਪਤਨੀ ਮੱਥਾ ਟੇਕਣ ਆਉਂਦੇ ਹਨ। ਮੰਦਰ ਬਾਰੇ ਪ੍ਰਚਾਲਿਤ ਮਾਨਤਾਵਾਂ ਮੁਤਾਬਕ, ਜਿਹੜੇ ਵਿਆਹੁਤਾ ਜੋੜੇ ਨੂੰ ਪੁੱਤਰ ਦੀ ਚਾਹਤ ਹੁੰਦੀ ਹੈ, ਜੇਕਰ ਉਹ ਇਸ ਮੰਦਰ 'ਚ ਆ ਕੇ ਮਾਤਾ ਦੇ ਚਰਨਾਂ 'ਚ ਪਿਆ ਲਕੜੀ ਦਾ ਗੁੱਡਾ ਚੋਰੀ ਕਰਕੇ ਆਪਣੇ ਨਾਲ ਲੈ ਜਾਵੇ ਤਾਂ ਉਸ ਦੀ ਪੁੱਤਰ ਪ੍ਰਾਪਤੀ ਦੀ ਇੱਛਾ ਪੂਰੀ ਹੋ ਜਾਂਦੀ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ਜਦੋਂ ਉਸ ਦੀ ਇਹ ਇੱਛਾ ਪੂਰੀ ਹੋ ਜਾਂਦੀ ਹੈ ਤਾਂ ਉਦੋਂ ਮਾਤਾ-ਪਿਤਾ ਨੂੰ ਆਪਣੇ ਬੇਟੇ ਨਾਲ ਇਥੇ ਮੱਥਾ ਟੇਕਣ ਆਉਣਾ ਪੈਂਦਾ ਹੈ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਪੁੱਤਰ ਹੋਣ 'ਤੇ ਭੰਡਾਰਾ ਕਰਵਾਉਣ ਦੇ ਨਾਲ-ਨਾਲ ਮਾਤਾ ਦੇ ਚਰਨਾਂ 'ਚੋਂ ਲੈ ਕੇ ਜਾਣ ਵਾਲੇ ਗੁੱਡੇ ਦੇ ਨਾਲ ਇਕ ਹੋਰ ਲਕੜੀ ਦਾ ਗੁੱਡਾ ਮਾਤਾ ਦੇ ਚਰਨਾਂ 'ਚ ਅਰਪਿਤ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦੀ ਮੰਨੀਏ ਤਾਂ ਮੰਦਰ ਦਾ ਨਿਰਮਾਣ ਸਾਲ 1805 'ਚ ਲੰਢੋਰਾ ਰਿਆਸਤ ਦੇ ਰਾਜੇ ਨੇ ਕਰਵਾਇਆ ਸੀ।
 
ਪੌਰਾਣਿਕ ਮਾਨਤਾ ਮੁਤਾਬਕ, ਕਈ ਸਾਲ ਪਹਿਲਾਂ ਇਕ ਰਾਜਾ ਹੋਇਆ ਕਰਦਾ ਸੀ, ਜਿਸ ਦੀ ਕੋਈ ਸੰਤਾਨ ਨਹੀਂ ਸੀ। ਇਕ ਦਿਨ ਉਹ ਰਾਜਾ ਮੰਦਰ ਦੇ ਕੋਲ ਵਾਲੇ ਜੰਗਲ 'ਚ ਸ਼ਿਕਾਰ ਕਰਨ ਆਇਆ ਸੀ, ਜਿਥੇ ਉਸ ਨੂੰ ਮਾਂ ਦੀ ਪਿੰਡੀ ਦੇ ਦਰਸ਼ਨ ਹੋਏ। ਆਖਿਆ ਜਾਂਦਾ ਹੈ ਕਿ ਇਥੇ ਦਰਸ਼ਨ ਕਰਨ ਤੋਂ ਬਾਅਦ ਰਾਜੇ ਨੇ ਪੁੱਤਰ ਦੀ ਕਾਮਨਾ (ਇੱਛਾ) ਕੀਤੀ, ਜਿਸ ਤੋਂ ਕੁਝ ਦਿਨ ਬਾਅਦ ਹੀ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਰਾਜੇ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ।