ਅੱਜ ਦੇ ਦਿਨ 'ਤੇ ਵਿਸ਼ੇਸ਼ : ਸੂਰਜ ਨੂੰ ਸਮਰਪਿਤ ਹੈ ‘ਛੱਠ ਤਿਉਹਾਰ’

11/19/2023 5:13:26 AM

ਜਲੰਧਰ - ਅਜਿਹਾ ਮਨਮੋਹਕ ਦ੍ਰਿਸ਼ ਹਰ ਸਾਲ ਪਟਨਾ ਸਮੇਤ ਉੱਤਰ ਭਾਰਤ ਦੇ ਸਾਰੇ ਪ੍ਰਮੁੱਖ ਗੰਗਾ ਘਾਟਾਂ, ਨਦੀਆਂ ਅਤੇ ਤਾਲਾਬਾਂ ਦੇ ਕੰਢੇ ਦੇਖਣ ਨੂੰ ਮਿਲਦਾ ਹੈ। ਇਹ  ਪਵਿੱਤਰ ਮੌਕਾ ਹੁੰਦਾ ਹੈ ਕੱਤਕ ਮਹੀਨੇ ਦੇ ਸ਼ੁਕਲ ਪੱਖ ਨੂੰ ਮਨਾਏ ਜਾਣ ਵਾਲੇ ਛੱਠ ਤਿਉਹਾਰ ਦਾ। ‘ਛੱਠ ਮਾਈ’ ਜਾਂ ‘ਡਾਲਾ ਛੱਠ’ ਦੇ  ਨਾਂ ਨਾਲ ਪ੍ਰਸਿੱਧ ਇਹ ਤਿਉਹਾਰ ਮੁੱਖ ਤੌਰ ’ਤੇ ਭਗਵਾਨ ਭਾਸਕਰ ਭਾਵ ਸੂਰਜ ਨੂੰ ਸਮਰਪਿਤ ਹੈ। ਮਾਨਤਾ ਹੈ ਕਿ ਛੱਠ ਪੂਜਾ ਦਾ ਰਿਵਾਜ ਬਿਹਾਰ ਤੋਂ ਸ਼ੁਰੂ ਹੋਇਆ, ਜੋ ਅੱਜ ਦੇਸ਼ ਅਤੇ ਦੁਨੀਆ ਦੇ ਕਈ ਦੇਸ਼ਾਂ ’ਚ ਮਨਾਇਆ ਜਾਂਦਾ ਹੈ। ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਆਸਾਮ ਅਤੇ ਓਡਿਸ਼ਾ ਤੋਂ ਨਿਕਲ ਕੇ ਜੇਕਰ ਅਸੀ ਗੱਲ ਕਰੀਏ ਪੰਜਾਬ ਦੀ ਤਾਂ  ਇਥੇ ਵੀ ਛੱਠ ਪੂਜਾ ਦਾ ਤਿਉਹਾਰ ਬਿਹਾਰ ਵਾਂਗੀ ਮਨਾਇਆ ਜਾਂਦਾ ਹੈ। 

ਪੰਜਾਬ ਦੇ ਤਿੰਨ ਮੁੱਖ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ’ਚ ਤਾਂ ਛੱਠ ਪੂਜਾ ਦਾ ਵੱਡੀ ਪੱਧਰ ’ਤੇ ਆਯੋਜਨ ਹੁੰਦਾ ਹੈ। ਲੁਧਿਆਣਾ ਸਤਲੁਜ ਕੰਢੇ, ਨਹਿਰਾਂ ਅਤੇ ਤਾਲਾਬਾਂ ਦੇ ਕੰਢੇ ਛੱਠਵ੍ਰਤੀ ਸੂਰਜ ਦੀ ਉਪਾਸਨਾ ਕਰਦੇ ਹਨ। ਇਸੇ ਤਰ੍ਹਾਂ ਜਲੰਧਰ ਦੀ ਗੱਲ ਕਰੀਏ ਤਾਂ ਇਥੋਂ ਦੇ ਪ੍ਰਸਿੱਧ ਦੇਵੀ ਤਾਲਾਬ ਮੰਦਿਰ ਅਤੇ ਨਹਿਰ ਦੇ ਕੰਢੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਪੂਜਾ ਕਰਦੇ ਹਨ।  ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਨਾ ਤੀਰਥ ਕੰਪਲੈਕਸ ਅਤੇ ਤਾਰਾਂਵਾਲਾ ਨਹਿਰ ਦੇ ਕੰਢੇ ਛੱਠ ਪੂਜਾ ਨੂੰ ਸੰਪੰਨ ਕਰਵਾਉਣ ਲਈ ਮੰਦਿਰ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਵੱਡੇ ਪ੍ਰਬੰਧ ਕੀਤੇ ਜਾਂਦੇ ਹਨ। ‘ਨਹਾਯ ਖਾਯ ਅਤੇ ਖਰਨਾ’ ਤੋਂ ਸ਼ੁਰੂ ਹੋਣ ਵਾਲਾ ਛੱਠ ਪੂਜਾ ਤਿਉਹਾਰ ਇਸ ਵਾਰ 19 ਨਵੰਬਰ ਨੂੰ ਆ ਰਿਹਾ ਹੈ। 

ਕਿਵੇਂ ਅਤੇ ਕਦੋਂ ਸ਼ੁਰੂ ਹੋਇਆ
ਛੱਠ ਦੀ ਪੂਜਾ ਕਦੋਂ ਅਤੇ ਕਿਵੇਂ ਸ਼ੁਰੂ ਹੋਈ, ਇਹ ਤਾਂ ਠੀਕ-ਠਾਕ ਨਹੀਂ ਕਿਹਾ ਜਾ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਸੂਰਯਸ਼ਠੀ ਵਰਤ ਅਨਾਦੀ ਕਾਲ ਤੋਂ ਚੱਲਿਆ ਆ ਰਿਹਾ ਹੈ, ਕਿਉਂਕਿ ਸਨਾਤਨ ਧਰਮ ’ਚ ਕੁਦਰਤ ਦੀ ਪੂਜਾ ਕਿਸੇ ਨਾ ਕਿਸੇ ਰੂਪ ’ਚ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਰਾਮਾਇਣ ਕਾਲ ’ਚ ਮਾਤਾ ਸੀਤਾ ਨੇ ਸੂਰਜ ਦੇਵ ਦੀ ਉਪਾਸਨਾ ਕੀਤੀ ਸੀ ਅਤੇ ਉਹ ਮਿਤੀ ਸੀ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਛੱਠ ਮਿਤੀ। ਇਕ ਜ਼ਿਕਰ ਮਗਧ ਨਰੇਸ਼ ਜਰਾਸੰਧ ਦਾ ਵੀ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਜਰਾਸੰਧ ਨੂੰ ਕੋਈ ਗੁਪਤ ਰੋਗ ਹੋ ਗਿਆ ਸੀ। ਜਰਾਸੰਧ ਨੇ ਬਹੁਤ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਇਆ। ਇਸ ਦੌਰਾਨ ਕਿਸੇ ਬ੍ਰਾਹਮਣ ਨੇ ਉਸ ਨੂੰ ਸੂਰਜ ਉਪਾਸਨਾ ਕਰਨ ਦੀ ਸਲਾਹ ਦਿੱਤੀ। ਜਰਾਸੰਧ ਨੇ ਸੂਰਜ ਉਪਾਸਨਾ ਕੀਤੀ ਅਤੇ ਉਸ ਦਾ ਕੁਸ਼ਠ ਰੋਗ ਠੀਕ ਹੋ ਗਿਆ। ਇਸ ਤੋਂ ਬਾਅਦ ਜਰਾਸੰਧ ਨੇ ਸੂਰਜ ਦੀ ਉਪਾਸਨਾ ਸ਼ੁਰੂ ਕਰ ਦਿੱਤੀ, ਉਦੋਂ ਤੋਂ ਛੱਠ ਦਾ ਪ੍ਰਚਲਨ ਮੰਨਿਆ ਜਾਂਦਾ ਹੈ।

ਛੱਠ ਨੂੰ ਲੈ ਕੇ ਇਕ ਹੋਰ ਮਾਨਤਾ ਕਰਣ ਅਤੇ ਦ੍ਰੌਪਦੀ ਦੀ ਵੀ ਹੈ। ਮਾਨਤਾ ਹੈ ਕਿ ਕਰਣ ਸੂਰਜ ਪੁੱਤਰ ਅਤੇ ਮਹਾਦਾਨੀ ਸੀ। ਇਹ ਗੱਲ ਹਰ ਕੋਈ ਜਾਣਦਾ ਹੈ। ਕਰਣ ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਉਹ ਗੰਗਾ ’ਚ ਰੋਜ਼ਾਨਾ ਸਵੇਰੇ ਲੱਕ ਤੱਕ ਪਾਣੀ ’ਚ ਖੜ੍ਹੇ ਹੋ ਕੇ ਸੂਰਜ ਦੀ ਉਪਾਸਨਾ ਕਰਦਾ ਸੀ। ਅੱਜ ਵੀ ਛੱਠ ਵਰਤੀ ਲੱਕ ਤੱਕ ਪਾਣੀ ’ਚ ਘੰਟਿਆਂ ਬੱਧੀ ਖੜ੍ਹੇ ਰਹਿ ਕੇ ਸੂਰਜ ਦੀ ਅਰਘ ਦਿੰਦੇ ਹਨ। ਮਹਾਭਾਰਤ ’ਚ ਇਕ ਦ੍ਰੌਪਦੀ ਦੀ ਕਥਾ ਆਉਂਦੀ ਹੈ। ਕਥਾ ਅਨੁਸਾਰ ਜੂਏ ’ਚ ਹਾਏ ਹੋਏ ਪਾਂਡਵਾਂ ਨੂੰ ਸੂਬੇ ਦੀ ਪ੍ਰਾਪਤੀ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਦੀ  ਸਲਾਹ ’ਤੇ ਦ੍ਰੌਪਦੀ ਨੇ ਵੀ ਸੂਰਜ ਦੀ ਉਪਾਸਨਾ ਕੀਤੀ ਸੀ।

ਸੂਰਜ ਦੀਆਂ ਦੋਵਾਂ ਪਤਨੀਆਂ ਦੀ ਵੀ ਹੁੰਦੀ ਹੈ ਪੂਜਾ
ਆਮ ਤੌਰ ’ਤੇ ਲੋਕ ਡੁੱਬਦੇ ਹੋਏ ਸੂਰਜ ਨੂੰ ਅਰਘ ਨਹੀਂ ਦਿੰਦੇ ਅਤੇ ਨਾ ਹੀ ਅਜਿਹੀ ਕੋਈ ਤਸਵੀਰ ਆਪਣੇ ਘਰ ’ਚ ਲਗਾਉਂਦੇ ਹਨ ਪਰ ਛੱਠ ਦੇ ਦਿਨ ਡੁੱਬਦੇ ਅਤੇ ਚੜ੍ਹਦੇ ਹੋਏ ਸੂਰਜ ਦੀ ਉਪਾਸਨਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਅਰਘ ਦੇ ਕੇ ਵਰਤ ਸੰਪੰਨ ਕੀਤਾ ਜਾਂਦਾ ਹੈ। ਮਾਨਤਾ ਹੈ ਕਿ ਡੁੱਬਦੇ ਅਤੇ ਚੜ੍ਹਦੇ ਹੋਏ ਸੂਰਜ ਦੀ ਪੂਜਾ ਦੇ ਸਮੇਂ ਆਦਿੱਤਿਆ ਦੇ ਨਾਲ-ਨਾਲ ਉਨ੍ਹਾਂ ਦੋਵਾਂ ਪਤਨੀਆਂ ਸੰਧਿਆ ਅਤੇ ਊਸ਼ਾ ਦੀ ਵੀ ਪੂਜਾ ਕੀਤੀ ਜਾਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਡੁੱਬਦੇ ਅਤੇ ਉੱਗਦੇ ਹੋਏ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ।

ਸਮਾਜ ਦੇ ਹਰ ਵਰਗ ਨੂੰ ਨਾਲ ਜੋੜਦਾ ਹੈ ਛੱਠ ਤਿਉਹਾਰ
ਛੱਠ ਤਿਉਹਾਰ ’ਤੇ ਬੱਚੇ ਬਾਂਸ ਨਾਲ ਬਣੀਆਂ ਟੋਕਰੀਆਂ ਅਤੇ ਸੂਪ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ। ਨਾਲ ਹੀ ਇਸ ’ਚ ਮੌਸਮੀ ਫਲਾਂ  ਦੇ ਨਾਲ-ਨਾਲ ਸਬਜ਼ੀਆਂ ਅਤੇ ਅੰਨ ਦੀ ਵੀ ਪ੍ਰਸ਼ਾਦ ਦੇ ਤੌਰ ’ਤੇ ਵਰਤੋਂ ਹੁੰਦੀ ਹੈ। ਇਹ ਤਿਉਹਾਰ ਬਾਂਸ ਦੀਆਂ ਟੋਕਰੀਆਂ ਬਣਾਉਣ ਵਾਲਿਆਂ ਤੋਂ ਲੈ ਕੇ ਮਿੱਟੀ ਦੇ ਦੀਵੇ, ਭਾਂਡੇ ਬਣਾਉਣ ਵਾਲੇ, ਫਲ ਅਤੇ ਸਬਜ਼ੀਆਂ ਉਗਾਉਣ ਵਾਲੇ ਅਤੇ ਦੁਕਾਨਦਾਰਾਂ ਨੂੰ ਵੀ ਨਾਲ ਜੋੜਦਾ ਹੈ।                                    

—ਸਿਧਾਰਥ ਮਿਸ਼ਰਾ

rajwinder kaur

This news is Content Editor rajwinder kaur