ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।।

09/04/2019 9:46:16 AM

ਨਿਰਗੁਣ ਸ਼ਬਦ ਵਿਚਾਰ

ਬਾਈਵੀਂ ਪਉੜੀ

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ।। ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕ ਧਾਤੁ।। ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।। ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।।22।।

ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ‘ਸਬਦ’ ਅਨੇਕ ਰੂਪ ’ਚ ਆਇਆ ਹੈ। ਜਿਵੇਂ- ਸਬਦ, ਸਬਦੁ, ਸਬਦੰ, ਸਬਦੇ, ਸਬਦੈ, ਸਬਦੋ, ਸਬਦੋਂ ਆਦਿ। ਬਾਈਵੀਂ ਪਉੜੀ ਨੂੰ ਸਮਝਣ ਵਾਸਤੇ ਇਸ ਸਿਧਾਂਤ ਦੀ ਸਮਝ ਬਹੁਤ ਜ਼ਰੂਰੀ ਹੈ। ‘ਸਬਦ’ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ। ਇਸ ਨੂੰ ਸਮਝੇ ਬਗੈਰ ਜਪੁਜੀ ਸਾਹਿਬ ਦੇ ਅੰਤਰ ’ਚ ਉਤਰਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਜਦੋਂ ਸਬਦ ਤੇ ਸੁਰਤ ਦੀ ਗੱਲ ਕਰਦੇ ਨੇ। ਸਬਦ ਵੱਲ ਸੁਰਤੀ। ਸੁਰਤ ’ਚ ਸਬਦ। ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਇਹ ‘ਸਬਦ’ ਜੋ ਵੱਖ-ਵੱਖ ਰੂਪਾਂ ’ਚ ਉੱਪਰ ਵਰਣਿਤ ਕੀਤੇ ਨੇ, ਇਨ੍ਹਾਂ ਦੇ ਅਰਥ ਉਸ ਬਾਣੀ ਅਧੀਨ ਹੀ ਕੀਤੇ ਜਾਣੇ ਚਾਹੀਦੇ ਨੇ, ਜਿਸ ’ਚ ਇਨ੍ਹਾਂ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਮੂਲ ਰੂਪ ‘ਸਬਦ’ ਦਾ ਜੋ ਭਾਵ ਹੈ, ਜੋ ਗੁਰਬਾਣੀ ਦਾ ਆਸ਼ਾ ਹੈ, ਉਸ ਦੀ ਥਾਹ ਪਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ‘ਸਬਦ’ ਤੋਂ ਭਾਵ ਹੈ, ਜੋ ਘਟ ਰਿਹਾ ਹੈ। ਜੋ ਵਾਪਰ ਰਿਹਾ ਹੈ। ਜੋ ਬ੍ਰਹਿਮੰਡ ’ਚ ਘਟਿਤ ਹੋ ਰਿਹਾ ਹੈ। ਜੋ ਕੁਦਰਤੀ ਪਾਸਾਰ ਹੈ। ਜੋ ਮੌਲ ਰਿਹਾ ਹੈ। ਵਿਗਾਸੁ ਹੈ ਜਿਸਦਾ। ਇਹ ਜੋ ਪਾਸਾਰ ਹੈ। ਇਹ ਜੋ ਮਨੁੱਖੀ ਸਰੀਰ ਅੰਦਰ ਵੀ ਉਸੇ ਤਰ੍ਹਾਂ ਘਟਿਤ ਹੋ ਰਿਹਾ ਹੈ। ਕਿੰਨੇ ਹੀ ਤਾਰੇ ਟੁੱਟ ਰਹੇ ਨੇ। ਧਰਤੀਆਂ ਬਣ ਰਹੀਆਂ ਨੇ। ਇੰਨੀਆਂ ਤਿੱਖੀਆਂ ਅਵਾਜ਼ਾਂ ਨੇ ਮਨੁੱਖ ਦੇ ਸਰੀਰ ਅੰਦਰ। ਬਾਹਰ ਵੀ ਬਹੁਤ ਅਵਾਜ਼ਾਂ ਨੇ, ਤਾਰਿਆਂ ਦੇ ਟੁੱਟਣ ਦੀਆਂ। ਧਰਤੀਆਂ ਦੇ ਬਣਨ ਦੀਆਂ। ਇਹਨੂੰ ‘ਸਬਦ’ ਕਹਿ ਰਹੇ ਸਤਿਗੁਰ। ਜੋ ਘਟ ਰਿਹਾ ਹੈ। ਕਿੰਨਾ ਕੁੱਝ ਹੈ। ਇਹਦੀ ਥਾਹ ਨਹੀਂ ਪਾਈ ਜਾ ਸਕਦੀ। ਬੱਸ ਇਸੇ ਦੀ ਵਿਆਖਿਆ ਹੈ ਬਾਈਵੀਂ ਪਉੜੀ। ‘ਸਬਦ’ ਜੋ ਹੈ, ਉਹ ਸਬਦ ਨਹੀਂ ਹੈ। ਅੱਖਰ ਨਹੀਂ ਹੈ। ਇਹ ਸਿਧਾਂਤ ਹੈ। ਜੋ ਕੁਦਰਤ ’ਚ/ਬ੍ਰਹਿਮੰਡ ’ਚ ਘਟਿਤ ਹੋ ਰਿਹਾ ਹੈ, ਉਹ ‘ਸਬਦ’ ਹੈ। ਉਸ ਨੂੰ ਨਾਮ ਦੇ ਦਿੱਤਾ ਹੈ। ਸਿਧਾਂਤ ਦੇ ਦਿੱਤਾ।

ਹੁਣ ਬਾਣੀ ਨੂੰ ਜਦੋਂ ਅਸੀਂ ‘ਸਬਦ’ ਰਾਹ ਸੁਣਦੇ/ਪੜ੍ਹਦੇ/ਵਿਚਾਰਦੇ ਹਾਂ ਤਾਂ ਬਹੁਤ ਕੁੱਝ ਸਾਫ ਹੋ ਜਾਂਦਾ ਹੈ। ਬਹੁਤਾ ਧੁੰਦਲਕਾ ਜੋ ਹੈ, ਉਸ ਤੋਂ ਸਪੱਸ਼ਟਤਾ ਵੱਲ ਰਾਹ ਖੁੱਲ੍ਹਦਾ ਹੈ। ਰਾਹ ਸਪੱਸ਼ਟ ਹੋਵੇ ਤਾਂ ਸੇਧ ’ਚ ਤੁਰਦਾ ਹੈ ਆਦਮੀ। ਗੁਰੂ ਨਾਨਕ ਦੇਵ ਜੀ ਸੇਧ ਹੀ ਤਾਂ ਦਿੰਦੇ ਨੇ। ਉਹ ਜਦੋਂ ਵੇਦਾਂ/ਕਤੇਬਾਂ ਨੂੰ ਵਿਚਾਰਦੇ ਨੇ, ਰਿਸ਼ੀਆਂ/ਜੋਗੀਆਂ ਨੂੰ ਵਿਚਾਰਦੇ ਨੇ, ਸਿੱਧਾਂ/ਨਾਥਾਂ ਨੂੰ ਵਿਚਾਰਦੇ ਨੇ, ਉਨ੍ਹਾਂ ਦੇ ਫਲਸਫਿਆਂ ਨਾਲ ਸੰਵਾਦ ਰਚਾਉਂਦੇ ਨੇ, ਉਦੋਂ ਸੇਧ ਹੀ ਤਾਂ ਦੇ ਰਹੇ ਹੁੰਦੇ ਨੇ। ਇਸ ਪਾਉੜੀ ਵਿਚ ਵੀ ਜਦੋਂ ਉਹ ਕਹਿ ਰਹੇ ਨੇ ਕਿ ‘ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕ ਧਾਤੁ।।’ ਸਾਫ ਹੈ ਕਿ ਕਤੇਬ (ਕੁਰਾਨ, ਅੰਜੀਲ, ਤੌਰੇਤ ਤੇ ਜ਼ਬੂਰ) ਜੇਕਰ ਬ੍ਰਹਿਮੰਡ ਨੂੰ ਵਿਚਾਰਦਿਆਂ ਇਸ ਨੂੰ ਅਠਾਰਾਂ ਹਜ਼ਾਰ ਆਲਮਾਂ ’ਚ ਤਕਸੀਮ ਦੇਖਦੇ ਨੇ ਤਾਂ ਸਤਿਗੁਰ ਇਹਦੇ ਸਾਹਵੇਂ ਸਵਾਲ ਖੜ੍ਹਾ ਕਰਦੇ ਨੇ। ਇਸ ਸਾਰੇ ਸਿਧਾਂਤ ਨੂੰ, ਜਿਵੇਂ ਗੁਰੂ ਨਾਨਕ ਦੇਵ ਸਪੱਸ਼ਟ ਕਰਦੇ ਨੇ, ਕਿਤੇ ਘੱਟ ਹੀ ਨਜ਼ਰ ਆਉਂਦਾ ਹੈ। ਉਹ ਕਹਿ ਰਹੇ ਨੇ ਕਿ ਗਿਣਤੀ ’ਚ ਕਿਉਂ ਪੈ ਗਏ। ਗਿਣਤੀ ’ਚ ਪੈ ਗਏ ਤਾਂ ਸਮਝ ਨਹੀਂ ਸਕੋਗੇ। ਗਿਣਤੀ ਨਹੀਂ ਹੈ। ਗਿਣਤੀ ਹੀ ਤਾਂ ਨਹੀਂ ਹੈ। ਗਿਣਨ ਬੈਠ ਗਏ ਕਤੇਬ। ਅਠਾਰਾਂ ਜਾਂ ਹੋਰ ਕਿੰਨੇ। ਫਿਰ ਇਸ ਗਿਣਤੀ ਦਾ ਇਕ ਬ੍ਰਹਮ ਹੈ ਨਹੀਂ, ਗੁਰੂ ਨਾਨਕ ਦੇਵ ਕਹਿੰਦੇ ਨੇ ਕਿ ਗਿਣਤੀ ਨਹੀਂ  ਹੈ। ਉਹ ਵੇਦਾਂ ਦਾ ਹਵਾਲਾ ਦੇ ਰਹੇ ਨੇ, ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ।।’ ਲੱਖਾਂ ਅਕਾਸ਼ ਨੇ। ਲੱਖਾਂ ਪਤਾਲ ਨੇ। ਉਨ੍ਹਾਂ ਤੋਂ ਅਗਾਂਹ ਹੋਰ ਨੇ। ਕੋਈ ਅੰਤ ਨਹੀਂ ਹੈ। ਨਾਨਕ ਅੰਤ ਨਾ ਅੰਤ। ਕੋਈ ਅੰਤ ਨਹੀਂ। ਅਨੰਤ ਹੈ ਪਾਸਾਰ। ਬ੍ਰਹਿਮੰਡ ਦਾ ਰੂਪ ਅਨੰਤ ਹੈ। ਇਸੇ ਕਰਕੇ ਜਦੋਂ ਉਹ ਹੋਰ ਗਹਿਰਾ ਜਾਂਦੇ ਨੇ ਤਾਂ ਜਿਸ ਆਵਾਜ਼ ਰਾਹੀਂ ਉਹ ਇਸ ਪਾਸਾਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਉਸ ਨੂੰ ਅਨਹਦ ਦਾ ਨਾਮ ਦਿੰਦੇ ਨੇ। ਅਵਾਜ਼ ਜੋ ਅਨੂਗੂੰਜ ਹੈ, ਜੋ ਸੁਣਾਈ ਨਹੀਂ ਦਿੰਦੀ। ਇਹ ਅਵਾਜ਼ ਮਹਿਸੂਸ ਹੁੰਦੀ ਹੈ, ਅੰਤਰ ਮਨ ’ਚ ਕਿਤੇ। ਕਿਸੇ ਗਿਆਨ ਸਮਾਧੀ ਵਾਲੇ ਦੇ ਹਿੱਸੇ ਹੀ ਆਉਂਦੀ ਹੈ। ਪਲਟੂ ਕਹਿੰਦੇ ਨੇ, ‘ਨਿਕਸੇ ਇਕ ਅਵਾਜ਼ ਚਿਰਾਗ ਕੀ ਜੋਤੀ ਮਾਹੇ। ਗਿਆਨ ਸਮਾਧੀ ਸੁਨੇ, ਔਰ ਕੋਈ ਸੁਨਤਾ ਨਾਹੇ।’ ਉਹ ਅਾਵਾਜ਼ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਦਿੰਦੀ ਹੈ। ਇਸ ਲਈ ਵੇਦਾਂ ਦੀ ਗਵਾਹੀ ਹੈ। ਲੱਭ-ਲੱਭ ਕੇ ਥੱਕ ਗਏ। ਲੱਖਾਂ ਨੇ ਆਕਾਸ਼/ਪਾਤਾਲ/ਧਰਤੀਆਂ/ਤਾਰੇ। ਇਸ ਪਾਸਾਰ ਦੀ ਕੋਈ ਸਾਰ ਨਹੀਂ। ਫਿਰ ਕੀ ਹੈ ਕਿ ਇਹ ਇਕ ਹੈ। ਇਕੋ ਦਾ ਪਾਸਾਰ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਇਕ ਸਾਖੀ ਜੁੜੀ ਹੈ। ਦੇਖੋ ਅਸੀਂ ਸਾਖੀ ਨੂੰ ਜੇਕਰ ਸਾਹਿਤ ਰੂਪ ਵਜੋਂ ਵਿਚਾਰਦੇ ਹਾਂ ਤਾਂ ਗੱਲ ਸਮਝ ਆਉਂਦੀ ਹੈ ਪਰ ਅਸੀਂ ਜੇਕਰ ਸਾਖੀ ਨੂੰ ਇਤਿਹਾਸਕ ਹਵਾਲੇ ਨਾਲ ਵਿਚਾਰਦੇ ਹਾਂ ਤਾਂ ਕਿਤੇ ਅੜਾਉਣੀ ਪੈ ਸਕਦੀ ਹੈ। ਇਸ ਵਾਸਤੇ ਅਸੀਂ ਇਸ ਨੂੰ ਇਕ ਗੱਲ ਕਹਿਣ ਦੀ ਜੁਗਤ ਵਜੋਂ ਹੀ ਸਮਝਣਾ ਹੈ। ਇੱਥੇ ਸਿਰਫ ਇਸ਼ਾਰੇ ਮਾਤਰ ਸਾਖੀ ਦੇ ਰਹੇ ਹਾਂ। ਸਿੱਧਾਂ ਨਾਲ ਵਿਚਾਰ ਚੱਲ ਰਹੀ ਹੈ। ਸ਼ਰਤ ਰੱਖਦੇ ਨੇ ਸਿੱਧ ਕਿ ਪਹਿਲਾਂ ਸਾਡਾ ਗੁਰੂ ਸੰਪੰਨ ਹੋਵੇਗਾ ਤੇ ਤੁਸੀਂ ਲੱਭੋਗੇ। ਫਿਰ ਤੁਹਾਡੀ ਵਾਰੀ ਹੈ। ਸਾਡਾ ਗੁਰੂ ਤੁਹਾਨੂੰ ਲੱਭੇਗਾ। ਕਿਸੇ ਝੀਲ ਕਿਨਾਰੇ ਬੈਠੇ ਨੇ। ਸਿੱਧ ਸੰਪੰਨ ਹੋ ਗਿਆ। ਡੱਡੀ ਬਣੇ ਨੂੰ ਗੁਰੂ ਸਾਹਿਬ ਨੇ ਕੱਢ ਕੇ ਬਾਹਰ ਰੱਖ ਦਿੱਤਾ। ਹੁਣ ਗੁਰੂ ਨਾਨਕ ਦੀ ਵਾਰੀ ਹੈ। ਗੁਰੂ ਸਿੱਧਾਂ ਦਾ ਲੱਭ ਰਿਹਾ ਹੈ ਪਰ ਸਮਝ ਨਹੀਂ ਪੈ ਰਿਹਾ। ਆਖਿਰ ਹਥਿਆਰ ਸੁੱਟ ਦਿੰਦੇ ਨੇ। ਗੁਰੂ ਸਾਹਿਬ ਪ੍ਰਗਟ ਹੁੰਦੇ ਨੇ। ਸਿੱਧ ਸਵਾਲ ਕਰਦਾ ਹੈ ਕਿ ਆਖਿਰ ਉਹ ਕਿੱਥੇ ਚਲੇ ਗਏ ਸਨ। ਗੁਰੂ ਸਾਹਿਬ ਜਵਾਬ ਦਿੰਦੇ ਨੇ ਕਿ ਤੂੰ ਪਾਣੀ ’ਚ ਡੱਡੀ ਬਣ ਗਿਆ ਸੀ ਤੇ ਫੜਿਆ ਗਿਆ। ਮੈਂ ਪਾਣੀ ’ਚ ਪਾਣੀ ਹੋ ਗਿਆ ਸਾਂ। ਕਿਆ ਬਾਤ ਹੈ। ਪਾਣੀ ’ਚ ਪਾਣੀ ਹੋ ਗਿਆ ਸੀ। ਤਤਵ ਵਿਲੀਨਤਾ। ਜਲ, ਵਾਯੂ, ਅਗਨ, ਧਰਤ, ਆਕਾਸ਼। ਪੰਜ ਤੱਤ। ਮਨੁੱਖ ਇਨ੍ਹਾਂ ਪੰਜਾਂ ਤੱਤਾਂ ਦਾ ਹੀ ਬਣਿਆ ਹੈ। ਤੁਸੀਂ ਇਹ ਤੱਤ ਹੋ ਸਕਦੇ ਹੋ। ਸਿੰਬੌਲਿਕ ਹੈ ਇਹ ਸਾਰਾ ਕੁੱਝ। ਤੁਸੀਂ ਪਾਣੀ ਤੱਤ ਹੋ। ਗੁਰੂ ਨਾਨਕ ਦੇਵ ਪਾਣੀ ਤੱਤ ਹੋ ਸਕਦੇ ਨੇ। ਸਮਝੋ ਇਸ ਗੱਲ ਨੂੰ। ਇਸੇ ਕਰ ਕੇ ਜਦੋਂ ਉਹ ਕੁਦਰਤ ਨੂੰ ਸਮਝਦੇ ਨੇ, ਉਦੋਂ ਇਨ੍ਹਾਂ ਤੱਤਾਂ ਰਾਹੀਂ ਹੀ ਸਮਝਣ ਦਾ ਯਤਨ ਹੈ। ਸਾਰੀ ਗੁਰਬਾਣੀ ਇਨ੍ਹਾਂ ਤੱਤਾਂ ਦੀ ਸਮਝ/ਅਮਲ ’ਚੋਂ ਹੀ ਪੈਦਾ ਹੋ ਰਹੀ ਹੈ। ਇਸ ਪਉੜੀ ’ਚ ਵੀ ਇਸੇ ਸਿਧਾਂਤ ਨੂੰ ਗੂੜ੍ਹਿਆਂ ਕੀਤਾ ਗਿਆ ਹੈ।

‘ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।। ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।।22।।’ ਫਿਰ ਜੇਕਰ ਗਿਣਤੀ ’ਚ ਪੈ ਗਏ ਤਾਂ ਲੇਖਾ ਹੀ ਵਿਣਸ ਗਿਆ। ਮੁੱਕ ਗਿਆ। ਲੇਖਾ ਹੋ ਹੀ ਨਹੀਂ ਸਕਿਆ। ਹੋ ਹੀ ਨਹੀਂ ਸਕਦਾ। ਲੇਖੇ ’ਚ ਪੈਣਾ ਹੀ ਕਿਉਂ? ਲੇਖੇ ’ਚ ਹੀ ਤਾਂ ਪੈਣਾ ਨਹੀਂ। ਗਿਣਤੀਆਂ/ਮਿਣਤੀਆਂ ਇੱਥੇ ਮਾਇਨੇ ਨਹੀਂ ਰੱਖਦੀਆਂ। ਉਹ ਆਪੇ ਜਾਣੀ ਜਾਣ ਹੈ। ਉਹੀ ਜਾਣਦਾ ਹੈ। ਆਪੇ ਜਾਣੈ ਆਪੁ।। ਵੋ ਖੁਦਾ ਹੈ। ਵੋ ਖੁਦਾ ਹੈ। ਉਹ ਵੱਡਾ ਹੈ। ਉਹਦੀ ਵਡਿਆਈ ਵੱਲ ਹੀ ਧਿਆਨ ਦੇਣਾ ਹੈ। ਵਡਿਆਈ ਹੀ ਵਿਚਾਰਨੀ ਹੈ। ਉਹ ਨੂੰ ਨਾ ਵਿਚਾਰਨ ਲੱਗ ਜਾਣਾ। ਗਿਣਤੀ ’ਚ ਪੈ ਜਾਓਗੇ। ਭੁਲੇਖੇ ਸਿਰਜ ਲਵੋਗੇ। ਭ੍ਰਮ ਸਿਰਜ ਲਵੋਗੇ। ਫਿਰ ਉਸੇ ਭ੍ਰਮ ’ਚੋਂ ਹੋਰ ਭ੍ਰਮ। ਇਹ ਨਾ ਖਤਮ ਹੋਣ ਵਾਲਾ ਸਿਲਸਿਲਾ ਹੈ। ਇਸ ਵਾਸਤੇ ਉਹਦੇ ਅੱਗੇ ਸਮਰਪਣ ਹੀ ਕਾਫੀ ਹੈ। ਤੇਰਾ ਲੇਖਾ ਨਹੀਂ ਹੋ ਸਕਦਾ। ਮੈਂ ਆਪਾ ਤੈਨੂੰ ਸਮਰਪਣ ਕਰਦਾ ਹਾਂ। ਮੁਕਤੀ ਇਸੇ ’ਚ ਹੈ।

–ਦੇਸ ਰਾਜ ਕਾਲੀ

79867-02493