ਨਿਰਗੁਣ ਸ਼ਬਦ ਵਿਚਾਰ

08/14/2019 10:11:09 AM

ਪਉੜੀ ਉੱਨੀਵੀਂ

ਵਿਣੁ ਨਾਵੈ ਨਾਹੀ ਕੋ ਥਾਉ।।

ਅਸੰਖ ਨਾਵ ਅਸੰਖ ਥਾਵ।। ਅਗੰਮ ਅਗੰਮ ਅਸੰਖ ਲੋਅ।। ਅਸੰਖ ਕਹਹਿ ਸਿਰਿ ਭਾਰੁ ਹੋਇ।। ਅਖਰੀ ਨਾਮੁ ਅਖਰੀ ਸਾਲਾਹ।। ਅਖਰੀ ਗਿਆਨੁ ਗੀਤ ਗੁਣ ਗਾਹ।। ਅਖਰੀ ਲਿਖਣੁ ਬੋਲਣੁ ਬਾਣਿ।।ਅਖਰਾ ਸਿਰਿ ਸੰਜੋਗੁ ਵਖਾਣਿ।। ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ।। ਜਿਵ ਫੁਰਮਾਏ ਤਿਵ ਤਿਵ ਪਾਹਿ।। ਜੇਤਾ ਕੀਤਾ ਤੇਤਾ ਨਾਉ।। ਵਿਣੁ ਨਾਵੈ ਨਾਹੀ ਕੋ ਥਾਉ।। ਕੁਦਰਤਿ ਕਵਣ ਕਹਾ ਵੀਚਾਰੁ।। ਵਾਰਿਆ ਨ ਜਾਵਾ ਏਕ ਵਾਰ।। ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।।੧੯।।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇਕ ਪੈਟਰਨ ਹੈ, ਉਸ ਪੈਟਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪੈਟਰਨ ਇਹ ਹੈ ਕਿ ਉਹ ਕਿਸੇ ਵੀ ਪੈਟਰਨ ’ਚ ਨਹੀਂ ਬੱਝਦੇ। ਇਸੇ ਕਰ ਕੇ ਉਹ ਰਾਗ ਦੇ ਬੰਧੇਜ ਤੋਂ ਵੀ ਪਾਰ ਚਲੇ ਜਾਂਦੇ ਨੇ। ਇਸੇ ਕਰ ਕੇ ਉਹ ਅੱਜ ਵੀ ਮਾਡਰਨ ਸੈਂਸੇਬਿਲਟੀ ਵਾਲੇ ਨਜ਼ਰ ਆ ਰਹੇ ਨੇ। ਅੱਜ ਵੀ ਓਨੇ ਹੀ ਤਰੋ-ਤਾਜ਼ਾ। ਵਿਚਾਰ ਦੀ ਪੱਧਰ ’ਤੇ ਵੀ ਤੇ ਸ਼ੈਲੀ ਦੀ ਪੱਧਰ ਉੱਤੇ ਵੀ। ਨਜ਼ਮੀਅਤ ਹੈ ਉਨ੍ਹਾਂ ਦੀ ਬਾਣੀ ’ਚ। ਬਣਤਰ/ਬੁਣਤਰ ਦੀ ਗੱਲ ਅਸੀਂ ਤਾਂ ਵੀ ਕਰਦੇ ਹਾਂ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਵਿਚ ਜੋ ਬੁਣਤਰ/ਬਣਤਰ ਹੈ, ਉਹ ਵੀ ਸੰਕੇਤ ਹੀ ਨੇ। ਉਹ ਵੀ ਇਸ਼ਾਰੇ ਨੇ। ਉਹ ਵੀ ਕੁੱਝ ਥਾਹ ਵੱਲ ਵਹਾਅ ਦੀ ਨਿਸ਼ਾਨਦੇਹੀ ਨੇ। ਉਹ ਵਿਸ਼ੇ ਉੱਤੇ ਪਕਿਆਈ ਦੇ ਵਾਹਕ ਨੇ। ਜਪੁਜੀ ਸਾਹਿਬ ਦੀ ਬਾਣੀ ਦੇ ਪੈਟਰਨ ਨੂੰ ਸਮਝਣਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1410/1411/1412 ਉੱਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਸਲੋਕ ਵਾਰਾਂ ਤੇ ਵਧੀਕ’ ਉੱਤੇ ਨਜ਼ਰ ਮਾਰਨੀ ਪਵੇਗੀ। ਬਿਲਕੁੱਲ ਦੋਵੇਂ ਥਾਵਾਂ ਉੱਤੇ ਉਹ ਵਿਸ਼ੇ ਦੀ ਗਹਿਰਾਈ/ਗੰਭੀਰਤਾ/ਸਦੀਵਤਾ ਨੂੰ ਧਿਆਨ ’ਚ ਰੱਖਦਿਆਂ ਇਕ-ਇਕ ਸਵਾਲ ਨੂੰ ਸੰਬੋਧਨ ਹੁੰਦੇ ਨੇ। ਠੀਕ ਜਪੁਜੀ ਸਾਹਿਬ ਦੀ ਬਾਣੀ ਵਾਂਗ ਹੀ ਜੋ ਕਰਨਾ ਹੈ, ਉਹ ਦਰਅਸਲ ਨਹੀਂ ਕਰਨਾ ਹੈ, ਦੇ ਸੰਕੇਤ ਵਜੋਂ ਇਸਤੇਮਾਲ ਕਰਦੇ ਹਨ। ਉਸ ਲੰਮੀ ਬਾਣੀ ਵਿਚੋਂ ਇਕ ਬੰਦ ਦੇਖਦੇ ਹਾਂ-

‘ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ।।

ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ।।

ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ।।

ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ।।

ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ।।

ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ।।੧੫।।'

ਮਨ ਅੰਨ੍ਹਾ ਹੈ ਤਾਂ ਚਿਹਰਾ ਕਰੂਪ। ਕਹੇ ਨੂੰ ਜਾਣ ਲਿਆ ਤਾਂ ਸੁਘੜ। ਗੁਣ ਬਿਨਾਂ ਗਰਭ/ਹੰਕਾਰ ਤਾਂ ਅਸਲ ਖਰ। ਸਹੀ ਮਾਅਨਿਆਂ ’ਚ ਗਧੇ। ਇਹ ਨਹੀਂ ਹੈ, ਇਹੀ ਤਾਂ ਉਹ ਕਹਿਣਾ ਨਹੀਂ ਚਾਹੁੰਦੇ। ਕਿਸੇ ਨੂੰ ਤੁਸੀਂ ਕਹੋਗੇ ਕਿ ਤੈਨੂੰ ਗਿਆਨ ਨਹੀਂ ਹੈ, ਇਸ ਲਈ ਤੂੰ ਕਰੂਪ ਏਂ। ਇਹ ਨਹੀਂ ਹੋ ਸਕਦਾ। ਤਦੇ ਅਸੀਂ ਦੇਖਣਾ ਹੈ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਤੇ ਉਨ੍ਹਾਂ ਦੀ ਸ਼ੈਲੀ/ਕਾਵਿ ਬਣਤਰ ਦਾ ਕੀ ਭਾਵ ਹੈ। ਇਹ ਕਾਵਿਕ ਉਹਲਾ ਵੀ ਹੁੰਦਾ ਹੈ। ਇਸੇ ਨੇ ਕਵਿਤਾ ਨੂੰ/ਬਾਣੀ ਨੂੰ ਗਹਿਰਾਈ ਬਖਸ਼ਣੀ ਹੁੰਦੀ ਹੈ। ਉਹਦੀਆਂ ਅਲੱਗ-ਅਲੱਗ ਪਰਤਾਂ ਦੀ ਕਨਸੋਅ ਦੇਣੀ ਹੁੰਦੀ ਹੈ। ਹੁਣ ਜਿਸ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਉਹ ਸੰਬੋਧਨੀ ਨਹੀਂ ਹੈ। ਉਹ ਸਵੈ ਨਾਲ ਸੰਵਾਦ ਹੈ। ਗੁਰੂ ਨਾਨਕ ਦੇਵ ਜਾਂ ਤਾਂ ਕਿਸੇ ਮੱਤ/ਮਤਾਂਤਰ ਨਾਲ ਸੰਵਾਦ ’ਚ ਨੇ ਤੇ ਜਾਂ ਫਿਰ ਸਵੈ ਨੂੰ ਹੀ ਸੰਬੋਧਨ ਨੇ। ਕਿਸੇ ਖਾਸ ਨੂੰ ਕਦੇ ਵੀ ਸੰਬੋਧਨ ਨਹੀਂ ਕਰਦੇ। ਖ਼ੁਦ ਨਾਲ ਗੱਲਾਂ ਕਰਦੇ ਨੇ, ਵਿਚਾਰਾਂ ਕਰਦੇ ਨੇ। ਇਸ ਬਾਣੀ ’ਚ ਵੀ ਉਹ ਖੁਦ ਨੂੰ ਹੀ ਸੰਬੋਧਨ ਕਰ ਰਹੇ ਨੇ। ਜਪੁਜੀ ਸਾਹਿਬ ਵੀ ਸਵੈ ਸੰਵਾਦ ਹੀ ਹੈ। ਖੁਦ ਨਾਲ ਵਾਰਤਾਲਾਪ ਹੀ ਹੈ। ਜਦੋਂ ਇਸ ਬਾਣੀ ਨੂੰ ਅਸੀਂ ਉਨ੍ਹਾਂ ਦੇ ਸਵੈ-ਸੰਵਾਦ ਦੇ ਰੂਪ ਵਜੋਂ ਪੜ੍ਹਦੇ ਹਾਂ ਤਾਂ ਅਸੀਂ ਉਨ੍ਹਾਂ ਦੇ ਸਾਖਸ਼ਾਤ ਦੀਦਾਰ ਵੀ ਕਰ ਸਕਦੇ ਹਾਂ। ਉਨ੍ਹਾਂ ਦੇ ਚਿੰਤਨ ’ਚੋਂ ਗੁਰਦਿਆਂ ਹੀ ਉਨ੍ਹਾਂ ਦੇ ਦੀਦਾਰ ਹੋ ਸਕਦੇ ਨੇ। ਹੋਰ ਤਸਵੀਰਾਂ ਕਲਪਨਾਵਾਂ ਨੇ, ਕਵੀਆਂ ਦੀਆਂ/ਕਲਾਕਾਰਾਂ ਦੀਆਂ। ਸਹੀ ਤਸਵੀਰ ਉਨ੍ਹਾਂ ਦੇ ਚਿੰਤਨ ਵਾਲੀ ਹੀ ਹੈ। ਉਹੀ ਜੋ ਤੁਹਾਡੇ ਹਿਰਦੇ ’ਚ ਬਣਨੀ ਹੈ। ਬਾਣੀ ਵਿਚਾਰਦਿਆਂ ਬਣਨੀ ਹੈ।

‘ਅਸੰਖ ਨਾਵ ਅਸੰਖ ਥਾਵ।। ਅਗੰਮ ਅਗੰਮ ਅਸੰਖ ਲੋਅ।।’ ਇਸ ਪਉੜੀ ’ਚ ਬਹੁਤ ਕੁੱਝ ਹੈ, ਜੋ ਬਾਰੀਕੀ ਨਾਲ ਸਮਝਣ ਵਾਲਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਕਿ ਅਸੰਖ/ਅਨੰਤ ਵੀ ਕੁੱਝ ਨਹੀਂ। ਇਹ ਅਗਮ ਹੈ। ਖ਼ੁਦ ਹੀ ਕਹਿ ਰਹੇ ਨੇ ਅਸੰਖ ਨੇ/ਖ਼ੁਦ ਹੀ ਕਹਿ ਰਹੇ ਨੇ ਕਿ ਅਸੰਖ ਵੀ ਕੁੱਝ ਨਹੀਂ। ਅਗੰਮ। ‘ਭੀਖਾ ਬਾਤ ਅਗਮ ਕੀ ਕਹਨਿ ਸੁਨਨਿ ਕੀ ਨਾਂਹਿ। ’ ਅਗਮ, ਜਿਸਦੀ ਥਾਹ ਨਹੀਂ ਪਾਈ ਜਾ ਸਕਦੀ। ਤਦੇ ਉਹ ਕਹਿ ਰਹੇ ਨੇ ‘ਕੁਦਰਤਿ ਕਵਣ ਕਹਾ ਵੀਚਾਰੁ£’ ਕੀ ਕਹੋਗੇ? ਕਮਾਲ ਹੈ! ਵਾਹ ਵਾਹ! ਪਰ ਇਹ ਤਾਂ ਕੁਦਰਤਿ ਨਹੀਂ ਹੈ। ਜੋ ਆਵਾਜ਼ ਤੜਕਸਾਰ ਤੁਸੀਂ ਚਿੜੀ ਦੀ ਸੁਣੀ/ਜੋ ਆਵਾਜ਼ ਕਿਸੇ ਸਾਧੂ ਨੇ ਅਨਹਦ ਵਾਲੀ ਮਹਿਸੂਸ ਕੀਤੀ/ ਉਸ ਨੂੰ ਕਿਵੇਂ ਦੱਸ ਸਕਦੇ ਹੋ। ਅਸੰਖ ਕਹਿ ਰਹੇ ਨੇ, ਸਿਰ ਭਾਰੁ ਹੋ ਕੇ ਕਹਿ ਰਹੇ ਨੇ। ਪਰ ਕਹਿਆ ਤਾਂ ਜਾ ਹੀ ਨਹੀਂ ਸਕਦਾ। ਉਸ ਅਗਮ ਨੂੰ ਕੌਣ ਕਹੇਗਾ? ਸਭ ਕੁੱਝ ਅੱਖਰਾਂ ਰਾਹੀਂ ਹੋ ਰਿਹਾ ਹੈ ਪਰ ਉਹ ਤਾਂ ਅੱਖਰਾਂ ਰਾਹੀਂ ਵੀ ਨਹੀਂ ਦੱਸਿਆ ਜਾ ਸਕਦਾ। ਸਭ ਕੁੱਝ ਅੱਖਰ ’ਚ ਵਾਪਰ ਰਿਹਾ ਹੈ-‘ਅਖਰੀ ਨਾਮੁ ਅਖਰੀ ਸਾਲਾਹ£ ਅਖਰੀ ਗਿਆਨੁ ਗੀਤ ਗੁਣ ਗਾਹ।। ਅਖਰੀ ਲਿਖਣੁ ਬੋਲਣੁ ਬਾਣਿ।। ਅਖਰਾ ਸਿਰਿ ਸੰਜੋਗੁ ਵਖਾਣਿ।।’ ਉਸਦਾ ਨਾਮ ਅੱਖਰ ’ਚ ਹੈ। ਉਸ ਦੀ ਸਿਫਤ/ਸਲਾਹ ਅੱਖਰ। ਗਿਆਨ ਦੀ ਗੱਲ ਅੱਖਰ। ਉਸ ਦੇ ਗੀਤ/ਗੁਣਗਾਣ ਅੱਖਰ। ਲਿਖਣਾ/ਬੋਲਣਾ/ਵਿਚਾਰਨਾ ਸਭ ਅੱਖਰ। ਸੰਜੋਗ ਦਾ ਵਿਖਿਆਨ ਵੀ ਅੱਖਰ। ਪਰ ਕੀ ਅੱਖਰ ਸਭ ਕੁੱਝ ਦੱਸ ਦਿੰਦੈ? ਅਗਲੀਆਂ ਤੁਕਾਂ ’ਚ ਇਹਦਾ ਵਿਚਾਰ ਹੈ।

‘ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ।। ਜਿਵ ਫੁਰਮਾਏ ਤਿਵ ਤਿਵ ਪਾਹਿ।।’ ਜੋ ਲਿਖਿਆ ਹੈ/ਬੋਲਿਆ ਹੈ/ਵਿਚਾਰਿਆ ਹੈ, ਉਹ ਨਹੀਂ ਹੈ। ਉਸ ਦੇ ਹੁਕਮ ਤੋਂ ਬਿਨਾਂ ਕੁੱਝ ਵੀ ਨਹੀਂ ਹੈ। ਤਦੇ ਉਹਦਾ ਅਗੰਮ ਰੂਪ ਜੋ ਹੈ, ਉਹ ਇਸ ਪਉੜੀ ’ਚ ਬਹੁਤ ਮਹੱਤਵ ਰੱਖਦਾ ਹੈ। ਜਿਵੇਂ ਉਹ ਫੁਰਮਾਉਂਦੇ ਨੇ, ਉਵੇਂ ਦਾ ਪਾਉਂਦੇ ਨੇ। ਉਹਦੀ ਰਚਨਾ ਹੈ, ਅੱਖਰਾਂ ਰਾਹੀਂ ਨਹੀਂ ਦੱਸੀ ਜਾ ਸਕਦੀ। ਇਹ ਅਸੰਖ ਕਹਿਣਾ ਵੀ ਸਹੀ ਨਹੀਂ ਹੈ। ਅਗਮ ਹੈ। ਪਾਰਾਵਾਰ ਹੀ ਨਹੀਂ। ਗੂੰਗੇ ਦੇ ਗੁੜ ਵਾਲੀ ਹੀ ਹਾਲਤ ਹੈ। ਸ਼ਬਦਾਂ ’ਚ ਦੱਸਿਆ ਹੀ ਨਹੀਂ ਜਾ ਸਕਦਾ। ਕਿਸੇ ਤਰ੍ਹਾਂ ਵੀ ਦੱਸਿਆ ਨਹੀਂ ਜਾ ਸਕਦਾ। ਜਿਹਨੇ ਪਾ ਲਿਆ, ਉਹ ਜਾਂ ਤਾਂ ਪਾਗਲ/ਜਾਂ ਖਾਮੋਸ਼। ਚੁੱਪ ਹੀ ਹੋ ਗਿਆ। ਬੋਲਿਆ ਹੀ ਨਹੀਂ ਗਿਆ। ਤਾਬ ਹੀ ਨਹੀਂ ਝੱਲੀ ਗਈ। ਸੁਰ ਲੜ ਗਿਆ।

ਪਉੜੀ ਹੋਰ ਗਹਿਰੀ ਹੋ ਰਹੀ ਹੈ। ‘ਜੇਤਾ ਕੀਤਾ ਤੇਤਾ ਨਾਉ£ ਵਿਣੁ ਨਾਵੈ ਨਾਹੀ ਕੋ ਥਾਉ£' ਜਿੰਨਾ ਕੁ ਕਰ ਲਿਆ, ਓਨਾ ਕੁ ਨਾਮ ਬਣਾ ਲਿਆ। ਓਨੀ ਕੁ ਹਾਸਲ ਹੋ ਗਈ। ਪਰ ਜੇਕਰ ਥਾਂ ਪਾਉਣੀ ਹੈ/ ਉਸ ਦਰਗਾਹ ’ਚ ਸਚਿਆਰ ਨੂੰ ਪਾਉਣਾ ਹੈ ਤਾਂ ਫਿਰ ‘ਵਿਣੁ ਨਾਵੈ ਨਾਹੀ ਕੋ ਥਾਉ£’ ਉਹਦੇ ਨਾਮ ਬਿਨਾ ਕੋਈ ਥਾਂ ਨਹੀਂ ਹੈ। ਸਮਰਪਣ ਹੈ। ਖੁਦ ਦਾ ਖੁਦ ਅੱਗੇ ਸਮਰਪਣ। ਉਸ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ ਹੈ। ਇਸ ਨਾਮ ਦਾ ਹਵਾਲਾ ਇਸ ਲਈ ਖਤਰਨਾਕ ਹੈ, ਕਿਉਂਕਿ ਜੋ ਸਾਡੇ ਕੋਲ ਨਾਮ ਹੈ, ਉਸ ਦੇ ਮਾਅਨੇ ਹੋਰ ਨੇ। ਇਹ ਨਾਮ ਅਜਪੇ ਜਾਪ ਵਾਲਾ ਹੈ। ਅਗਮ/ਅਗੋਚਰ/ਅਨੰਤ/ਨਿਰਆਵਾਜ਼/ਨਿਰਾਕਾਰ ਵਾਲਾ। ਇਹ ਕੁਦਰਤਿ ’ਚ ਵਿਲੀਨਤਾ ਵਾਲਾ ਹੈ। ਮੈਂ ਸੈਭੰ ਹਾਂ। ਅਸੀਂ ਕਿਹਾ ਸੀ ਕਿ ਸਾਰੀਆਂ ਪਉੜੀਆਂ ਮੂਲ ਮੰਤਰ ਵੱਲ ਜਾਣ ਦਾ ਰਾਹ ਨੇ। ਇਹ ਅਗੰਮ ਵੀ ਸੈਭੰ ਦਾ ਹੀ ਵਿਸਤਾਰ ਹੈ। ਉਸੇ ਦੀ ਸਮਝ ਹੈ।

‘ਕੁਦਰਤਿ ਕਵਣ ਕਹਾ ਵੀਚਾਰੁ।। ਵਾਰਿਆ ਨ ਜਾਵਾ ਏਕ ਵਾਰ।।ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।।੧੯।।' ਹੇ ਕਾਦਰ! ਤੇਰੀ ਕੁਦਰਤ ’ਤੇ ਕੌਣ ਵਿਚਾਰ ਕਰ ਸਕਦਾ ਹੈ? ਜੋ ਤੇਰਾ ਭਾਣਾ ਹੈ, ਉਹੀ ਸੱਚ ਹੈ। ਉਹੀ ਭਲਾ ਹੈ। ਤੂ ਹੀ ਸਦਾ ਸਲਾਮਤ ਏਂ।

-ਦੇਸ ਰਾਜ ਕਾਲੀ

79867-02493