ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

07/18/2019 9:44:04 AM

(ਕਿਸ਼ਤ ਗਿਆਰਵੀਂ)

ਅਸੀਂ ਨਾਨਕ ਦੇ ਕੀ ਲਗਦੇ ਹਾਂ।

ਹੋਇਆ ਇੰਝ ਕਿ ਸਦਾ ਵਾਂਗ ਬਾਹਰ-ਯਾਤਰਾ ਵਾਲੀ ਲੋੜੀਂਦੀ ਦੁਨਿਆਵੀ ਸਿੱਖਿਆ ਹਾਸਲ ਕਰ ਲੈਣ ਉਪਰੰਤ, ਨਾਨਕ ਸਾਹਿਬ ਜਲਦੀ ਹੀ ਪੜ੍ਹਾਈ-ਲਿਖਾਈ ਦਾ ਕੰਮ ਵਿੱਚੇ ਛੱਡ, ਦੁਬਾਰਾ ਅੰਤਰ-ਯਾਤਰਾ ਵੱਲ ਹੋ ਤੁਰੇ। ਆਪਣੇ ਮਸਤ ਮਲੰਗੀ ਤੇ ਦਰਵੇਸ਼ੀ ਵਾਲੇ ਇਲਾਹੀ ਰੰਗ ਵਿਚ ਆ ਗਏ। ਮਸਤੀ ਦੇ ਆਲਮ ਵਿਚ ਬੇਨਿਆਜ਼ ਵਿਚਰਦੇ। ਬੇਲਾਗ ਘੁੰਮਦੇ। ਨਿਤਨੇਮ ਵਿਸਾਰ ਦਿੱਤਾ। ਕਾਅਦਾ ਤਿਆਗ ਮਦਰੱਸੇ ਵੀ ਆਪਣੀ ਮੌਜ ਵਿਚ ਹੀ ਆਉਂਦੇ-ਜਾਂਦੇ। ਕਦੇ ਆਉਂਦੇ, ਕਦੇ ਨਾ ਆਉਂਦੇ। ਕਦੇ ਦੇਰੀ ਨਾਲ ਆਉਂਦੇ। ਕਦੇ ਮੌਲਵੀ ਜੀ ਨੂੰ ਬਿਨਾਂ ਪੁਛਿਆ-ਦੱਸਿਆ, ਸਮੇਂ ਤੋਂ ਪਹਿਲਾਂ ਹੀ ਤੁਰ ਜਾਂਦੇ। ਮੌਲਵੀ ਜੀ ਕੁੱਝ ਦਿਨ ਮੂਕ ਦਰਸ਼ਕ ਬਣ ਕੇ ਇਹ ਸਭ ਨਜ਼ਾਰਾ ਵੇਖਦੇ ਰਹੇ। ਜਦੋਂ ਵਾਹਵਾ ਅੱਕ ਗਏ ਤਾਂ ਫਿਰ ਇਕ ਦਿਨ ਡਾਂਟਣ ਜਾਂ ਗੁੱਸੇ ਅਤੇ ਨਾਰਾਜ਼ਗੀ ਦੀ ਥਾਂ ਡਾਢੇ ਅਪਣੱਤ ਅਤੇ ਉਦਾਸੀ ਵਾਲੇ ਅਧਿਕਾਰਮਈ ਲਹਿਜ਼ੇ ਵਿਚ ਬੋਲੇ, “ਨਾਨਕ ਕਈ ਦਿਨ ਤੋਂ ਤੂੰ ਪੜ੍ਹਦਾ ਨਹੀਂ, ਆਉਂਦਾ ਵੀ ਵੇਲੇ ਸਿਰ ਨਹੀਂ, ਟੁਰ ਬੀ ਆਪੇ ਜਾਂਦਾ ਹੈਂ।’’

ਸ਼ਿਸ਼ ਨਾਨਕ ਨੇ ਉਸਤਾਦ ਦੇ ਸੂਤਰਿਕ ਸਵਾਲ ਦਾ ਜਵਾਬ, ਉਨ੍ਹਾਂ ਨਾਲੋਂ ਵੀ ਵੱਧ ਸੰਖਿਪਤ ਅੰਦਾਜ਼ ਵਿਚ ਦਿੱਤਾ। ਉਨ੍ਹਾਂ ਦੇ ਧੁਰ ਅੰਦਰੋਂ ਕਿਸੇ ਡੂੰਘੇ ਤਲ ਤੋਂ ਆਵਾਜ਼ ਆਈ, ਸਤਿਕਾਰਤ ਉਸਤਾਦ ਜੀ “ਮੈਂ ਪੜ੍ਹਿਆ ਹਾਂ, ਜੋ ਪੜ੍ਹਿਆ ਹਾਂ, ਉਹੀ ਪੜ੍ਹਦਾ ਅਤੇ ਪੜ੍ਹਾਉਂਦਾ ਹਾਂ।’’ ਸ਼ਗਿਰਦ ਦਾ ਅਨੋਖਾ ਜਵਾਬ ਸੁਣ, ਉਸਤਾਦ ਜੀ ਦੇ ਕੰਨ ਖੜ੍ਹੇ ਹੋ ਗਏ। ਹੈਰਾਨ ਹੁੰਦਿਆਂ ਪੁੱਛਿਆ, ਪਿਆਰੇ ਨਾਨਕ ਕੌਣ ਹੈ ਜੋ ਤੈਨੂੰ ਪੜ੍ਹਾਉਂਦਾ ਹੈ ਅਤੇ ਕੀ ਪੜ੍ਹਾਉਂਦਾ ਹੈਂ।’’

(ਗੁਰੂ) ਨਾਨਕ ਸਾਹਿਬ ਅੱਗੋਂ ਕੁੱਝ ਨਾ ਬੋਲੇ। ਉਨ੍ਹਾਂ ਦੇ ਹੱਥ ਵਿਚ ਆਪਣੇ ਹੱਥੀਂ ਲਿਖੇ ਕਾਗਜ਼ਾਂ ਦਾ ਇਕ ਛੋਟਾ ਜਿਹਾ ਪਲੰਦਾ ਸੀ, ਉਨ੍ਹਾਂ ਚੁੱਪ-ਚਾਪ ਉਹ ਪਲੰਦਾ ਉਸਤਾਦ ਜੀ ਦੇ ਹੱਥ ਫੜਾ ਦਿੱਤਾ। ਮਨੌਤ ਹੈ ਕਿ ਇਹ ਇਕ ਸੀਹਰਫ਼ੀ (ਫ਼ਾਰਸੀ ਦੇ ਤੀਹ ਅੱਖਰਾਂ ਦੀ ਨਿਸ਼ਚਿਤ ਤਰਤੀਬ ਅਨੁਸਾਰ ਲਿਖੀ ਕਾਵਿ-ਰਚਨਾ) ਸੀ, ਜਿਸ ਵਿਚ ਨਾਨਕ ਸਾਹਿਬ ਨੇ ‘ਪਟੀ’ ਵਾਲੀ ਤਰਜ਼ ’ਤੇ ਫ਼ਾਰਸੀ ਦੇ ਇਕ-ਇਕ ਹਰਫ਼ ਨੂੰ ਆਧਾਰ ਬਣਾ ਕੇ ਵੈਰਾਗ, ਅੱਲ੍ਹਾ, ਖ਼ੁਦਾ ਦੀ ਬੰਦਗੀ ਅਤੇ ਖ਼ੁਦਾ ਦੀ ਉਸਤਤਿ ਆਦਿ ਵਿਸ਼ਿਆਂ, ਸੰਕਲਪਾਂ ਅਤੇ ਵਸਤੂ-ਵਰਤਾਰਿਆਂ ਦੀ ਬੜੀ ਡੂੰਘੀ ਅਤੇ ਭਾਵਪੂਰਤ ਵਿਆਖਿਆ ਕੀਤੀ ਹੋਈ ਸੀ।

ਵਿਦਵਾਨਾਂ ਅਨੁਸਾਰ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਇਹ ‘ਸੀਹਰਫ਼ੀ’ ਆਪਣੇ ਸਹੀ ਅਤੇ ਪ੍ਰਮਾਣਿਕ ਰੂਪ ਵਿਚ ਕਿਤੇ ਉਪਲੱਬਧ ਨਹੀਂ ਹੈ। ਭਾਈ ਵੀਰ ਸਿੰਘ ਜੀ ਦਾ ਮੰਨਣਾ ਹੈ ਕਿ ਅਜਿਹੀ ਕੋਈ ਸੀਹਰਫ਼ੀ ਜੇਕਰ ਕਿੱਧਰੇ ਮਿਲਦੀ ਵੀ ਹੈ ਤਾਂ ਉਸ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਹੋਣ ਕਰ ਕੇ, ਉਸ ਨੂੰ ਸਹੀ ਅਤੇ ਪ੍ਰਮਾਣਿਕ ਨਹੀਂ ਮੰਨਿਆ ਜਾ ਸਕਦਾ।

ਸਿੱਖ ਇਤਿਹਾਸ ਦੱਸਦਾ ਹੈ ਕਿ ਜਿਵੇਂ ਹੀ ਮੌਲਵੀ ਕੁਤਬੁੱਦੀਨ ਜੀ ਨੇ ਇਹ ਸੀਹਰਫ਼ੀ ਪੜ੍ਹੀ, ਪੰਡਿਤ ਗੋਪਾਲ ਜੀ ਅਤੇ ਪੰਡਿਤ ਬ੍ਰਿਜ ਨਾਥ ਜੀ ਵਾਂਗ ਉਨ੍ਹਾਂ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ। ਅਸਮਾਨੀ ਬਿਜਲੀ ਦੇ ਲਿਸ਼ਕਣ ਵਾਂਗ, ਉਨ੍ਹਾਂ ਨੂੰ ਅੰਤਰ-ਆਤਮੇ ਇਕਦਮ ਇਹ ਸਮਝ ਲੱਗ ਗਈ ਕਿ ਇਹ ਕੋਈ ਆਮ ਬਾਲਕ ਨਹੀਂ ਸਗੋਂ ਰੱਬ ਦਾ ਘੱਲਿਆ ਕੋਈ ਬਹੁਤ ਹੀ ਵੱਡਾ ਲਿਸ਼ਕਾਰੇ ਵਾਲਾ ਗਿਆਨਵਾਨ ਬੰਦਾ ਹੈ। ਅੱਲ੍ਹਾ ਦਾ ਪੈਗਾਮ ਲੈ ਕੇ ਆਉਣਾ ਵਾਲਾ ਪੈਗੰਬਰ ਹੈ। ਪਹਿਲਾਂ ਸ਼ਾਗਿਰਦ ਸਨਮੁੱਖ ਸੀਸ ਝੁਕਾਉਂਦਿਆਂ, ਸਾਦਰ ਸਿਜਦਾ ਕੀਤਾ। ਉਪਰੰਤ ਸੁਤੇਸਿੱਧ ਹੀ ਆਖਿਆ, “ਹੇ ਨਾਨਕ ਤੁਸੀਂ ਉੱਚੇ ਇਲਮ ਦੇ ਆਲਮ ਹੋ, ਤੁਸੀਂ ਰੱਬ ਦੇ ਹੋ, ਉਸ ਦੇ ਆਪਣੇ ਹੋ, ਇਹ ਉਮਰਾਂ, ਇਹ ਖ਼ਿਆਲ ਤੁਸਾਂ ਵਿਚ ਅੱਲ੍ਹਾ ਬੋਲਦਾ ਹੈ।’’

ਇਸ ਪ੍ਰਕਾਰ ਇਸ ਛੋਟੇ ਜਿਹੇ ਅਨੋਖੇ ਸ਼ਿਸ਼ (ਨਾਨਕ ਸਾਹਿਬ) ਨੇ ਆਪਣੇ ਪਹਿਲੇ ਦੋ ਉਸਤਾਦਾਂ ਵਾਂਗ, ਇਸ ਤੀਜੇ ਉਸਤਾਦ (ਮੁੱਲਾਂ ਕੁਤਬੁੱਦੀਨ ਸਾਹਿਬ) ਨੂੰ ਵੀ ਆਪਣਾ ਮੁਰੀਦ ਬਣਾ ਲਿਆ, ਸ਼ਾਗਿਰਦ ਬਣਾ ਲਿਆ, ਦਿਲ ਜਿੱਤ ਲਿਆ। ਉਨ੍ਹਾਂ ਉੱਪਰ ਨਾ ਕੇਵਲ ਇਲਾਹੀ ਗਿਆਨ ਦੀ ਰਹਿਮਤ ਹੀ ਕੀਤੀ, ਸਗੋਂ ਮਿਹਰ ਅਤੇ ਬਖ਼ਸ਼ ਦੇ ਘਰ ਆਉਂਦਿਆਂ ਉਸ ਨੂੰ ਸਰੀਰ, ਸੰਸਾਰ ਅਤੇ ਸੰਸਾਰਕਤਾ ਤੋਂ ਪਾਰ, ਉੱਚਾ-ਸੁੱਚਾ ਅਤੇ ਪਾਕ-ਸਾਫ਼ ਰੂਹਾਨੀ ਜੀਵਨ ਜਿਊਣ ਦੀ, ਅਦੁੱਤੀ ਰਮਜ਼ਮਈ ਕਲਾ ਵੀ ਸਿਖਾਈ। ਇਸ ਤੋਂ ਇਲਾਵਾ ਸੰਕੀਰਣ ਹੋ ਚੁੱਕੇ ਰਵਾਇਤੀ ਕਿਤਾਬੀ ਗਿਆਨ ਦੀ ਸੀਮਾ ਅਤੇ ਸਦਾ ਨਵੇਂ-ਨਿਵੇਲੇ ਅਨੁਭਵੀ ਗਿਆਨ ਦੀ ਵੱਡ ਸਮਰੱਥਾ ਨੂੰ ਦ੍ਰਿੜ੍ਹ ਕਰਨ ਦਾ ਮੁੱਲਵਾਨ ਕਾਰਜ ਵੀ ਕੀਤਾ।

ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਨੇ 09 ਵਰ੍ਹਿਆਂ ਦੀ ਉਮਰ ਤੱਕ ਪੁੱਜਦਿਆਂ-ਪੁੱਜਦਿਆਂ, ਜਿੱਥੇ ਵੱਖ-ਵੱਖ ਖੇਤਰਾਂ ਦੇ ਆਪਣੇ ਤਿੰਨ ਵਿੱਦਿਆ-ਦਾਨੀ ਉਸਤਾਦਾਂ ਦੇ ਦੁਨਿਆਵੀ ਅਤੇ ਕਿਤਾਬੀ ਗਿਆਨ ਦੀ ਸੀਮਾ, ਸਤਹੀ ਤਾਸੀਰ ਅਤੇ ਤੁੱਛਤਾ ਨੂੰ ਉਜਾਗਰ ਕਰਨ ਦਾ ਕਾਰਜ ਕੀਤਾ, ਉੱਥੇ ਨਾਲ ਦੀ ਨਾਲ ਉਸ ਸਮੇਂ ਦੇ ਖਾਨਾਪੂਰਤੀ ਕਰਦੇ, ਮਨੁੱਖ ਅੰਦਰਲੀ ਮੌਲਿਕ ਪ੍ਰਤਿਭਾ ਨੂੰ ਨਿਖਾਰਨ ਅਤੇ ਤਰਾਸ਼ਣ ਦੀ ਥਾਂ ਉਸ ਦਾ ਮੱਚ ਮਾਰਦੇ, ਜੜ੍ਹ ਹੋ ਚੁੱਕੇ ਰਵਾਇਤੀ ਸਿੱਖਿਆ-ਤੰਤਰ ਵਿਚ ਕਾਰਜਸ਼ੀਲ ਸੰਕੀਰਣਤਾਵਾਂ, ਤੰਗ-ਵਲਗਣਾਂ, ਪਿਛਲੱਗਤਾ ਅਤੇ ਗੁਲਾਮੀ ਵਾਲੇ ਰੁਝਾਨ ਅਤੇ ਮਾਹੌਲ ਨੂੰ, ਮੂਲੋਂ ਹੀ ਰੱਦ ਕਰਦਿਆਂ, ਇਸ ਅੰਦਰ ਇਨਕਲਾਬ ਅਰਥਾਤ ਵੱਡਾ ਸਿਰਜਣਾਤਮਕ ਬਦਲਾਓ ਲਿਆਉਣ ਦਾ ਬੜਾ ਸੁਹਿਰਦ ਅਤੇ ਸਾਹਸਮਈ ਯਤਨ ਵੀ ਕੀਤਾ।

ਉਨ੍ਹਾਂ ਨੇ ਆਪਣੇ ਦਲੇਰਾਨਾ ਉੱਦਮ ਸਦਕਾ, ਸਮੇਂ ਦੀ ਸਿੱਖਿਆ-ਪ੍ਰਣਾਲੀ ਅੰਦਰ, ਜਿਸ ਪ੍ਰਕਾਰ ਦਾ ਸੁਤੰਤਰਤਾ ਅਤੇ ਖੁੱਲ੍ਹ ਵਾਲਾ ਮਾਹੌਲ ਸਿਰਜਣ ਦਾ ਯਤਨ ਕੀਤਾ, ਉਹ ਜਿੱਥੇ ਇਕ ਪਾਸੇ ਵਿੱਦਿਆ ਅਤੇ ਸਭਿਆਚਾਰਕ ਇਨਕਲਾਬ ਦੇ ਖੇਤਰ ਵਿਚ ਦਿੱਤੀ ਉਨ੍ਹਾਂ ਦੀ ਵੱਡੀ ਦੇਣ ਦਾ ਲਖਾਇਕ ਹੈ, ਉੱਥੇ ਉਨ੍ਹਾਂ ਵੱਲੋਂ ਦਿੱਤੀ ਗਈ ਉਚੇਰੀ ਸੋਚਧਾਰਾ ਅਤੇ ਤਰਜ਼-ਏ-ਜ਼ਿੰਦਗੀ (ਗੁਰਮਤਿ) ਦਾ ਇਕ ਬਹੁਤ ਹੀ ਬੁਨਿਆਦੀ ਅਤੇ ਮਹੱਤਵਪੂਰਨ ਵਿਚਾਰਧਾਰਾਈ ਪਾਸਾਰ ਵੀ ਹੈ।

ਬੜੇ ਅਫਸੋਸ ਦੀ ਗੱਲ ਹੈ ਕਿ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਵੱਡੇ ਪੈਰੋਕਾਰ ਮੰਨਣ ਵਾਲੇ ਬਹੁਤ ਸਾਰੇ ਤਥਾਕਥਿਤ ਸਿੱਖ ਵਿੱਦਿਆ ਅਤੇ ਸਭਿਆਚਾਰਕ ਇਨਕਲਾਬ ਦੇ ਮਾਮਲੇ ਵਿਚ, ਅੱਜ ਦੇ ਯੁੱਗ ਅੰਦਰ ਉਨ੍ਹਾਂ ਵੱਲੋਂ ਦਿੱਤੀ ਗਈ ਉਪਰੋਕਤ ਬਹੁਤ ਹੀ ਕੀਮਤੀ ਅੰਤਰ-ਸੂਝ ਨੂੰ ਛੱਡੀ ਬੈਠੇ ਹਨ, ਮੂਲੋਂ ਹੀ ਵਿਸਾਰੀ ਬੈਠੇ ਹਨ ਤਾਂ ਹੀ ਤਾਂ ਇਹੋ ਜਿਹੇ ਦੋਗਲੇ ਕਿਰਦਾਰ ਅਤੇ ਆਡੰਬਰੀ ਆਚਾਰ-ਵਿਵਹਾਰ ਵਾਲੇ ਗੁਰੂ ਨਾਨਕ ਦੇ ਅਖਾਉਤੀ ਸਿੱਖਾਂ ’ਤੇ ਗੁੱਝੀ ਚੋਟ ਕਰਨ ਹਿਤ, ਅਜੋਕੇ ਦੌਰ ਦੇ ਇਕ ਜ਼ਹੀਨ ਸ਼ਾਇਰ ਜਸਵੰਤ ਜ਼ਫ਼ਰ ਨੂੰ “ਅਸੀਂ ਨਾਨਕ ਦੇ ਕੀ ਲਗਦੇ ਹਾਂ’’ ਜਿਹੀ ਬੇਹੱਦ ਅਰਥ ਭਰਪੂਰ ਅਤੇ ਵਿਅੰਗਮਈ ਕਵਿਤਾ ਲਿਖਣ ਲਈ ਮਜਬੂਰ ਹੋਣਾ ਪੈਂਦਾ ਹੈ। ਕਵਿਤਾ ਇਸ ਪ੍ਰਕਾਰ ਹੈ :

ਨਾਨਕ ਤਾਂ ਪਹਿਲੇ ਦਿਨ ਹੀ, ਵਿਦਿਆਲੇ ਨੂੰ, ਵਿੱਦਿਆ ਦੀ ਵਲਗਣ ਨੂੰ, ਰੱਦ ਕੇ ਘਰ ਮੁੜੇ

ਘਰ ਮੁੜੇ, ਘਰੋਂ ਜਾਣ ਲਈ, ਘਰੋਂ ਗਏ, ਘਰ ਨੂੰ ਵਿਸਥਾਰਨ ਲਈ, ਵਿਸ਼ਾਲਣ ਲਈ

ਅਸੀਂ ਨਾਨਕ ਵਾਂਗ ਵਿਦਿਆਲੇ ਨੂੰ ਨਾਕਾਰ ਨਹੀਂ ਸਕਦੇ

ਨਾਨਕ ਨਾਮ ’ਤੇ ਵਿਦਿਆਲੇ ਉਸਾਰ ਸਕਦੇ ਹਾਂ-

ਗੁਰੂ ਨਾਨਕ ਵਿਦਿਆਲਾ, ਗੁਰੂ ਨਾਨਕ ਮਹਾਵਿਦਿਆਲਾ, ਗੁਰੂ ਨਾਨਕ ਵਿਸ਼ਵ ਵਿਦਿਆਲਾ

ਵਿਦਿਆਲੇ ਦੇ ਸੋਧੇ ਪ੍ਰਬੋਧੇ ਅਸੀਂ ਗਿਆਨੀ, ਵਿੱਦਿਆ ਦਾਨੀ

ਘਰਾਂ ਦੇ ਕੈਦੀ, ਪਤਵੰਤੇ ਸੱਜਣ, ਨਾਨਕ ਦੇ ਕੀ ਲਗਦੇ ਹਾਂ

(ਚਲਦਾ...)

ਜਗਜੀਵਨ ਸਿੰਘ (ਡਾ.)

Phone : 99143-01328