ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਲੱਖਣ ਸਿੱਖਿਆ

09/03/2019 9:41:49 AM

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਲੱਖਣ ਸਿੱਖਿਆ
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਇਸ ਵੇਲੇ ਵੀ ਓਸੇ ਤਰ੍ਹਾਂ ਲੋੜ ਹੈ, ਜਿਸ ਤਰ੍ਹਾਂ ਉਨ੍ਹਾਂ ਦੇ ਸਮੇਂ ਵਿਚ ਸੀ। ਗੁਰੂ ਜੀ ਨੇ ਸਿੱਖ-ਧਰਮ ਨੂੰ ਭੂਤ ਅਤੇ ਭਵਿੱਖ ਨਾਲ ਜੁੜੀ ਹੋਈ ਪ੍ਰੰਪਰਕ ਅਸਪੱਸ਼ਟਤਾ ਵਿਚੋਂ ਕੱਢ ਕੇ ਵਰਤਮਾਨ ਦੇ ਧਰਮ ਵਜੋਂ ਸਕਰਮਕ ਸਪੱਸ਼ਟਤਾ ਵਜੋਂ ਜਿਸ ਤਰ੍ਹਾਂ ਸਥਾਪਤ ਕਰ ਦਿੱਤਾ ਸੀ, ਓਸੇ ਤਰ੍ਹਾਂ ਇਹ ਸਿੱਖਿਆਵਾਂ ਹਰ ਸਮਕਾਲ ਵਿਚ ਕਿਸੇ ਵੱਲੋਂ ਵੀ ਵਰਤਣਯੋਗ ਹੋ ਗਈਆਂ ਹਨ। ਮਿਸਾਲ ਦੇ ਤੌਰ ’ਤੇ ਧਰਮ ਵਿਚ ਖਾਣਾ ਅਤੇ ਪਹਿਨਣ ਨੂੰ ਲੈ ਕੇ ਇਕ ਰਾਇ ਨਹੀਂ ਬਣ ਪਾ ਰਹੀ ਸੀ ਅਤੇ ਇਨ੍ਹਾਂ ਵੱਖ-ਵੱਖ ਧਾਰਨਾਵਾਂ ਕਰ ਕੇ ਅਤਿ ਲੋੜੀਂਦੇ ਅੰਤਰ ਧਰਮ ਸੰਵਾਦ ਦੇ ਰਾਹ ਵਿਚ ਰੁਕਾਵਟਾਂ ਪੈਦਾ ਹੋ ਰਹੀਆਂ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਮੱਸਿਆ ਨੂੰ ਧਰਮਾਂ ਦੀ ਸੱਭਿਆਚਾਰਕ ਸਥਾਨਕਤਾ ਦੇ ਪ੍ਰਸੰਗ ਵਿਚ ਵਿਚਾਰਨ ਦੀ ਥਾਂ ’ਤੇ ਸਾਂਝੀ ਸਿਧਾਂਤਕਤਾ ਇਹ ਕਹਿ ਕੇ ਉਸਾਰੀ ਸੀ ਕਿ ਖਾਣ ਅਤੇ ਪਹਿਨਣ ਦਾ ਸਬੰਧ ਬੰਦੇ ਦੀ ਮਾਨਸਿਕਤਾ ਨਾਲ ਹੋਣ ਕਰਕੇ ਖੁੱਲ੍ਹੀ ਪਹੁੰਚ ਇਹ ਹੈ ਕਿ ਜਿਹੜਾ ਖਾਣ ਅਤੇ ਪਹਿਨਣ, ਸਰੀਰਕ ਅਸੁਵਿਧਾ ਜਾਂ ਮਾਨਸਿਕ ਵਿਚਲਣ ਪੈਦਾ ਕਰਦਾ ਹੋਵੇ, ਉਸ ਨੂੰ ਖਾਣ ਅਤੇ ਪਹਿਨਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ :

ਬਾਬਾ ਹੋਰੁ ਖਾਣਾ ਖੁਸੀ ਖੁਆਰੁ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰੁ।।੧੬-੧੭।।

ਸਰਬ ਸਾਂਝੀਆਂ ਸਿੱਖਿਆਵਾਂ ਕਾਰਣ ਗੁਰੂ ਜੀ ਚੁਫੇਰੇ ਫੈਲੀ ਧਾਰਮਿਕ ਘੜਮੱਸ ਵਿਚ ਇਸ ਤਰ੍ਹਾਂ ਟਿਕੇ ਰਹੇ ਹਨ, ਜਿਵੇਂ ਭਰੇ ਹੋਏ ਦੁੱਧ ਦੇ ਕਟੋਰੇ ਵਿਚ ਚੰਬੇਲੀ ਦਾ ਫੁੱਲ ਟਿਕਾਇਆ ਜਾ ਸਕਦਾ ਹੈ। ਇਹ ਰਾਹ ਕੀ ਕਰਣਾ ਹੈ ਦੀ ਬੰਦ ਸਿੱਖਿਆ ਦੀ ਥਾਂ ਤੇ ਕਿਵੇਂ ਕਰਨਾ ਹੈ ਦੀ ਖੁੱਲ੍ਹੀ ਸਿੱਖਿਆ ਦਾ ਰਾਹ ਹੋ ਗਿਆ ਸੀ ਅਤੇ ਹੈ। ਇਸ ਨੂੰ ਸਿੱਖ ਹੋਏ ਬਿਨਾਂ ਕਿਸੇ ਵੱਲੋਂ ਵੀ ਅਪਣਾਇਆ ਜਾ ਸਕਦਾ ਹੈ। ਇਸ ਨਾਲ ਸਿੱਖ-ਧਰਮ, ਆਮ ਧਰਮਾਂ ਵਾਂਗ ਲੈ ਕੇ ਦੇਣ ਵਾਲੀ ਮੰਤ੍ਰ-ਵਿਧੀ ਜਾਂ ਕਰਾਮਾਤੀ ਓਹਲੇ ਦੀ ਥਾਂ ਤੇ ਲੈ ਸਕਣ ਦੇ ਯੋਗ ਹੋਣ ਵਾਲੀ ਸ਼ਸ਼ਕਤੀਕਰਨ ਦੀ ਵਿਧੀ ਹੋ ਗਿਆ ਸੀ ਅਤੇ ਹੈ। ਸਿੱਖਿਆਵਾਂ ਦੀ ਇਸ ਲੋੜ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਸਨ ਅਤੇ ਨਿਸ਼ਾਨਾ ਭਾਈ ਗੁਰਦਾਸ ਦੇ ਸ਼ਬਦਾਂ ਵਿਚ ‘‘ਚੜ੍ਹਿਆ ਸਧਿਣ ਧਰਤ ਲੋਕਈ’’ ਸੀ ਤੇ ਹੈ। ਇਸ ਨਾਲ ਸਥਾਪਤ ਹੋ ਗਈ ਸਿੱਖਿਆ ਵਿਚ ਗ੍ਰਹਿਸਥ ਰਾਹੀਂ ਨਿਭਾਇਆ ਜਾ ਸਕਣ ਵਾਲਾ ਆਮ ਬੰਦੇ ਦਾ ਸਿੱਖ-ਧਰਮ ਸਥਾਪਤ ਹੋ ਗਿਆ ਸੀ ਅਤੇ ਹੈ। ਇਸ ਨਾਲ ਪੰਜ ਵਿਕਾਰਾਂ ਨੂੰ ਮਾਰਨ ਦੀ ਥਾਂ ਸ਼ਬਦ-ਗੁਰੂ ਰਾਹੀਂ ਪੰਜ ਵਿਕਾਰਾਂ ਨਾਲ ਨਿਭ ਸਕਣ ਵਾਲੀ ਸੁਚੇਤ ਮਾਨਸਿਕਤਾ ਗੁਰੂ ਜੀ ਦੀ ਸਿੱਖਿਆ ਦੀ ਚੂਲ ਹੋ ਗਈ ਸੀ ਅਤੇ ਹੈ।

ਇਨ੍ਹਾਂ ਸਾਂਝੀਆਂ ਸਿੱਖਿਆਵਾਂ ਦੇ ਆਧਾਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ‘ਜਗਤ ਗੁਰੂ’ ਹੋ ਗਏ ਸਨ। ਇਸ ਦਾ ਰੋਲ-ਮਾਡਲ ਗੁਰਮੁੱਖ ਹੈ ਅਤੇ ਗੁਰਮੁੱਖ ਦੀ ਵਿਆਖਿਆ ‘ਮਿੱਠਾ ਬੋਲਣੁ ਨਿਵ ਚਲਣੁ ਗੁਰਮੁਖਿ ਭਾਉ ਭਗਤਿ ਅਰਥੇਉ’ ਪ੍ਰਾਪਤ ਹੈ। ਇਹੋ ਜਿਹੀਆਂ ਸਿੱਖਿਆਵਾਂ ਕਰਕੇ ਹੀ ‘ਜਗਤ ਗੁਰੂ ਗੁਰੁ ਨਾਨਕ ਦੇਉ’ ਵਾਲਾ ਸਰਬਸਾਂਝਾ ਦਿੱਭ-ਬਿੰਬ ਸਥਾਪਤ ਹੋ ਗਿਆ ਹੈ। ਧਰਮ, ਇਸ ਤਰ੍ਹਾਂ ਗੁਰੂ ਜੀ ਵਾਸਤੇ ਮਸਲਾ ਨਹੀਂ, ਜੀਵਨ-ਮੁਕਤੀ ਵਾਸਤੇ ਸ਼ਬਦ-ਤਕਨਾਲੋਜੀ ਹੋ ਗਿਆ ਹੈ। ਇਸ ਨਾਲ ਪੈਦਾ ਹੋ ਸਕਦੀ ਹੈ ਸਹਿਜ, ਸੰਤੋਖ ਅਤੇ ਵਿਵੇਕ ਵਾਲੀ ਮਾਨਸਿਕਤਾ। ਇਹ ਗੁਰਮਤਿ ਵਿਧੀ ਬਾਣੀ ਮੂਲਕ ਹੋਣ ਕਰਕੇ ਦੇਹਧਾਰੀ-ਵਿਚੋਲਗੀ ਦੀ ਮੁਥਾਜੀ ਤੋਂ ਮੁਕਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਨੇ ਮੁੰਦਾਵਣੀ ਰਾਹੀਂ ਇਕ ਬੁਝਾਰਤ ਨੂੰ ਬੁੱਝਣ ਦੀ ਲੋਕ ਸ਼ੈਲੀ ਰਾਹੀਂ ਖੋਲ੍ਹਦਿਆਂ ਸਾਰੇ ਸੰਸਾਰ ਦੀ ਭੁੱਖ ਮਿਟਾਉਣ ਵਾਲੀ ਭੁੰਚਣਯੋਗ ਵਿਧੀ ਵਾਂਗ ਪ੍ਰਸਤੁਤ ਕੀਤਾ ਹੋਇਆ ਹੈ :

ਥਾਲ ਵਿਚ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।

ਅੰਮ੍ਰਿਤ ਨਾਮੁ ਠਾਕੁਰ ਕਾ ਭਇਓ ਜਿਸ ਕਾ ਸਭਸੁ ਅਧਾਰੋ।।

ਜੇ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।

ਏਹ ਵਸਤੁ ਤਜੀ ਨਹਿ ਜਾਈ ਨਿਤ ਨਿਤ ਰਖੁ ਉਰਧਾਰੋ।।

ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।।੧।।੧੨੨੯

ਇਸ ਵਿਚ ਬਿਤਨਸਣਹਾਰ ਵਰਤਾਰਿਆਂ ਨੂੰ ਅਬਿਨਸਣਹਾਰ ਵਰਤਾਰਿਆਂ ਨਾਲ ਉਲਝਾਉਣ ਦੀ ਥਾਂ ਤੇ ਦੋਹਾਂ ਦਾ ਵਿਚਕਾਰਲਾ ਗੁਰਮਤਿ ਗਾਡੀ ਰਾਹ ਸਾਹਮਣੇ ਵੀ ਲਿਆਂਦਾ ਅਤੇ ਆਮ ਬੰਦੇ ਦੀ ਸਮਝ ਵਿਚ ਉਤਾਰਿਆ ਸੀ ਤੇ ਹੈ। ਇਸ ਨਾਲ ਪ੍ਰਾਪਤ ਵਿਰੋਧਾਭਾਸਾਂ ਵਿਚ ਸਹਿਜ ਸਥਾਪਤ ਕਰ ਸਕਣ ਦੀ ਗੁਰਮਤਿ ਵਿਧੀ ਗੁਰੂ ਜੀ ਦੀ ਸਿੱਖਿਆ ਦੀ ਚੂਲ ਹੋ ਗਈ ਹੈ। ਜੋ ਬੰਦੇ ਨੂੰ ਬੰਦੇ ਦੀ ਕੋਸ਼ਿਸ਼ ਤੋਂ ਬਿਨਾਂ ਅਕਾਲ ਪੁਰਖ ਦੀ ਮਿਹਰ ਨਾਲ ਮਿਲਿਆ ਹੋਇਆ ਹੈ, ਉਸ ਨੂੰ ਜਪੁ ਜੀ ਬਾਣੀ ਵਿਚ ‘ਹੁਕਮ’ ਆਖਿਆ ਹੋਇਆ ਹੈ ਅਤੇ ਇਸ ਨਾਲ ਨਿਭਣ ਵਾਸਤੇ ਲੋੜੀਂਦੀ ਮਾਨਸਿਕਤਾ ਨੂੰ 'ਰਜ਼ਾ' ਆਖਿਆ ਹੋਇਆ ਹੈ। ਭਾਣਾ, ਰਜ਼ਾ ਦੀ ਨਿਰੰਤਰਤਾ ਵਿਚ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਧਰਮ, ਸਮਾਜਿਕ ਸੰਤੁਲਨ ਸਥਾਪਤ ਕਰਨ ਵਾਸਤੇ ਖੁਲ੍ਹ ਕੇ ਵਰਤਿਆ ਹੋਇਆ ਹੈ। ਉਨ੍ਹਾਂ ਦੇ ਸਮੇਂ ਤੱਕ ਸਮਾਜਿਕਤਾ ਦਾ ਅਹਿਮ ਅੰਗ ਔਰਤ ਅਤੇ ਦਲਿਤ ਅਣਗੌਲਿਆ ਰਹਿਣ ਕਰ ਕੇ ਸਮਾਜਿਕ ਸੰਤੁਲਨ ਵਿਗੜਿਆ ਹੋਇਆ ਸੀ। ਸਿੱਖ ਇਤਿਹਾਸ ਵਿਚ ਨਾਰੀ-ਭੂਮਿਕਾ ਸਾਹਮਣੇ ਆਉਂਦੀ ਰਹੀ ਹੈ। ਇਸੇ ਤਰ੍ਹ੍ਹਾਂ ਵਰਣ ਵੰਡ ਨਾਲ ਪੈਦਾ ਹੋਏ ਦਲਿਤ ਵਿਰੋਧੀ ਵਰਤਾਰਿਆਂ ਨੂੰ ਲੋੜੀਂਦੀ ਮਾਨਸਿਕਤਾ ਨੂੰ ਉਸਾਰਨ ਵਿਚ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ’ਤੇ ਆਧਾਰਿਤ ਦਲਿਤ-ਥੀਆਲੋਜੀ ਦੇ ਸਿੱਖ ਪ੍ਰਸੰਗ ਬਾਰੇ ਅਜੇ ਕੰਮ ਹੋਣਾ ਹੈ। ਗੁਰੂ ਜੀ ਮੁਤਾਬਿਕ ਵੱਡਾ ਕੇਵਲ ਅਕਾਲ ਪੁਰਖ ਹੈ ਅਤੇ ਉਸ ਵੱਲੋਂ ਪੈਦਾ ਕੀਤੀ ਖਲਕਤ ਵਿਚ ਊਚ ਅਤੇ ਨੀਚ ਦੀਆਂ ਵੰਡੀਆਂ ਪਾਉਣ ਤੋਂ ਇਸ ਕਰਕੇ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਕਾਦਰ ਦੀ ਕੁਦਰਤ ਵਿਚ ਦਖਲ-ਅੰਦਾਜ਼ੀ ਬੰਦਿਆਂ ਵੱਲੋਂ ਬੰਦਿਆਂ ਦੀ ਗੁਲਾਮੀ ਵਿਚ ਹੀ ਪ੍ਰਗਟ ਹੁੰਦੀ ਰਹੀ ਹੈ। ਗੁਰੂ ਜੀ ਦੀ ਕਥਿਤ ਨੀਵਿਆਂ ਨੂੰ ਸੰਭਾਲਣ ਵਾਲੀ ਇਹ ਸਿੱਖਿਆ ਸਦਾ ਚੇਤੇ ਰੱਖਣੀ ਚਾਹੀਦੀ ਹੈ :

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।੧੫।।

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਰਾਹੀਂ ਜੋ ਦਿੱਭ-ਬਿੰਬ ਉਭਰਦਾ ਹੈ, ਉਸ ਨੂੰ ਜ਼ਾਹਰ ਪੀਰ, ਜਗਤ ਗੁਰ ਬਾਬਾ ਅਤੇ ਕਲਯੁੱਗ ਦੇ ਅਵਤਾਰ ਵਾਂਗ ਮਾਨਤਾ ਮਿਲਦੀ ਰਹੀ ਹੈ। ਇਤਿਹਾਸ ਵਿਚ ਪ੍ਰਗਟ ਹੋਈਆਂ ਗੁਰੂ ਜੀ ਦੀਆਂ ਇਨ੍ਹਾਂ ਸਾਰੀਆਂ ਪਰਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ੴ ਤੋ ਗੁਰ ਪ੍ਰਸਾਦਿ ਤੱਕ ਅਤੇ ਗੁਰਪ੍ਰਸਾਦਿ ਤੋਂ ੴ ਤੱਕ ਦੀ ਯਾਤਰਾ ਵਾਂਗ ਸਮਝਿਆ ਸਮਝਾਇਆ ਜਾ ਸਕਦਾ ਹੈ।

-ਬਲਕਾਰ ਸਿੰਘ ਪ੍ਰੋਫੈਸਰ

93163-01328